Breaking News
Home / ਦੁਨੀਆ / ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ

ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਅਰਥ-ਵਿਵਸਥਾ ਵਿਚ ਅਹਿਮ ਯੋਗਦਾਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੇ ਦੋ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ। ਵ੍ਹਾਈਟ ਹਾਊਸ ਸਥਿਤ ਓਵਲ ਦਫ਼ਤਰ ਵਿਚ ਸਨਮਾਨਿਤ ਹੋਣ ਵਾਲਿਆਂ ਵਿਚ ਅਮਰੀਕੀ ਕਾਰੋਬਾਰੀ ਜਗਤ ਦੇ ਹੋਰ ਸੱਤ ਲੋਕਾਂ ਦੇ ਨਾਲ ਸ਼ਰਦ ਠੱਕਰ ਅਤੇ ਕਰਨ ਅਰੋੜਾ ਵੀ ਸਨ। ਵਦੋਦਰਾ ਦੇ ਮੂਲ ਨਿਵਾਸੀ ਠੱਕਰ ਪਾਲੀਮਰ ਟੈਕਨਾਲੋਜੀਜ਼ ਦੇ ਪ੍ਰੈਜ਼ੀਡੈਂਟ ਹਨ। ਇਹ ਕੰਪਨੀ ਸਰਬੋਤਮ ਐਨਰਜੀ ਫਰਮ ਦਾ ਪੁਰਸਕਾਰ ਵੀ ਜਿੱਤ ਚੁੱਕੀ ਹੈ। ਉਥੇ ਅਰੋੜਾ ਨੈਚੁਰਲ ਵਿਟਾਮਿਨ ਲੈਬ ਦੇ ਨਿਰਦੇਸ਼ਕ ਹਨ। ਇਸ ਕੰਪਨੀ ਦੀ ਸਾਲ ਦੀ ਸਰਬੋਤਮ ਲਘੂ ਨਿਰਯਾਤ ਕੰਪਨੀ ਦੇ ਰੂਪ ਵਿਚ ਚੋਣ ਕੀਤੀ ਗਈ ਸੀ। ਅਰੋੜਾ ਨੇ ਕਿਹਾ ਕਿ ਡੋਨਾਲਡ ਟਰੰਪ ਦੀਆਂ ਨੀਤੀਆਂ ਨਾਲ ਅਮਰੀਕਾ ਦੇ ਨਿਰਮਾਣ ਖੇਤਰ ਵਿਚ ਫਿਰ ਤੇਜ਼ੀ ਆ ਰਹੀ ਹੈ। ਰਾਸ਼ਟਰਪਤੀ ਦੇ ਟੈਕਸ ਸਬੰਧੀ ਸੁਧਾਰਾਂ ਤੋਂ ਕਾਰੋਬਾਰੀ ਜਗਤ ਵਿਚ ਹੋਰ ਪੈਸਾ ਆਏਗਾ। ਉਥੇ ਠੱਕਰ ਦਾ ਕਹਿਣਾ ਸੀ ਕਿ ਭਾਰਤੀ-ਅਮਰੀਕੀ ਭਾਈਚਾਰੇ ਦਾ ਅਮਰੀਕਾ ਦੀ ਅਰਥ-ਵਿਵਸਥਾ ਵਿਚ ਵੱਡਾ ਯੋਗਦਾਨ ਰਿਹਾ ਹੈ। ਠੱਕਰ ਅਤੇ ਅਰੋੜਾ ਵਿਦਿਆਰਥੀ ਦੇ ਰੂਪ ਵਿਚ ਅਮਰੀਕਾ ਆਏ ਸਨ। ਇਸ ਪਿੱਛੋਂ ਦੋਹਾਂ ਨੇ ਗ੍ਰੀਨ ਕਾਰਡ ਨਾਲ ਅਮਰੀਕੀ ਨਾਗਰਿਕਤਾ ਪ੍ਰਾਪਤ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਠੱਕਰ ਅਤੇ ਅਰੋੜਾ ਨੂੰ ਸਨਮਾਨ ਦੇਣ ਪਿੱਛੋਂ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਕਾਰੋਬਾਰੀਆਂ ‘ਤੇ ਮਾਣ ਹੈ। ਇਨ੍ਹਾਂ ਦੀਆਂ ਕੰਪਨੀਆਂ ਅਮਰੀਕਾ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਹੀਆਂ ਹਨ।

 

Check Also

2022 ‘ਚ 66 ਹਜ਼ਾਰ ਭਾਰਤੀਆਂ ਨੂੰ ਅਮਰੀਕੀ ਨਾਗਰਿਕਤਾ ਮਿਲੀ

ਅਮਰੀਕਾ ਵਿਚ ਮੈਕਸਿਕੋ ਤੋਂ ਬਾਅਦ ਭਾਰਤ ਨਵੇਂ ਨਾਗਰਿਕਾਂ ਦਾ ਦੂਜਾ ਵੱਡਾ ਸਰੋਤ ਵਾਸ਼ਿੰਗਟਨ/ਬਿਊਰੋ ਨਿਊਜ਼ : …