Breaking News
Home / ਭਾਰਤ / ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਦਿੱਤਾ ਸੁਖਤ ਸੁਨੇਹਾ

ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਅੱਤਵਾਦ ਖਿਲਾਫ ਦਿੱਤਾ ਸੁਖਤ ਸੁਨੇਹਾ

ਪਾਕਿ ਅੱਤਵਾਦ ਦੇ ਢਾਂਚੇ ਨੂੰ ਤਬਾਹ ਕਰੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਅਮਰੀਕਾ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਆਪਣੀ ਸਰਜ਼ਮੀਨ ਤੋਂ ਚਲਾਏ ਜਾ ਰਹੇ ਅੱਤਵਾਦ ਦੇ ਢਾਂਚੇ ਨੂੰ ਤਬਾਹ ਕਰੇ ਕਿਉਂਕਿ ਇਸ ਮੁਲਕ ਵਿਚ ਅੱਤਵਾਦੀਆਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਨੇ ਇਥੇ ਕਈ ਮਸਲਿਆਂ ‘ਤੇ ਚਰਚਾ ਬਾਅਦ ਕਿਹਾ ਕਿ ਇਸ ਖਿੱਤੇ ਖਾਸ ਤੌਰ ‘ਤੇ ਅਫ਼ਗ਼ਾਨਿਸਤਾਨ ਵਿਚ ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਇਸਲਾਮਾਬਾਦ ਨੂੰ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਠੋਸ ਕਦਮ ਚੁੱਕਣ ਦੀ ਲੋੜ ਹੈ। ઠਟਿੱਲਰਸਨ ਨੇ ਕਿਹਾ ਕਿ ਉਨ੍ਹਾਂ ਨੇ ਪਾਕਿ ਆਗੂਆਂ ਨੂੰ ਅੱਤਵਾਦੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ ਕਿਉਂਕਿ ਉਨ੍ਹਾਂ ਦੀ ਸਮਰੱਥਾ ਵਿਚ ਵਾਧਾ ਪਾਕਿਸਤਾਨ ਸਰਕਾਰ ਲਈ ਖ਼ਤਰਾ ਬਣ ਸਕਦਾ ਹੈ।
ਸੁਸ਼ਮਾ ਸਵਰਾਜ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਟਿੱਲਰਸਨ ਨੇ ਕਿਹਾ, ‘ਅੱਤਵਾਦੀ ਟਿਕਾਣੇ ਬਰਦਾਸ਼ਤ ਨਹੀਂ ਕੀਤੇ ਜਾਣਗੇ।’
ਸੁਸ਼ਮਾ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਹਰੇਕ ਮੁਲਕ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਦੋਵੇਂ ਆਗੂਆਂ ਨੇ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਵਪਾਰਕ ਸਬੰਧ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਟਿੱਲਰਸਨ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਆਧੁਨਿਕੀਕਰਨ ਲਈ ਟਰੰਪ ਪ੍ਰਸ਼ਾਸਨ ਬਿਹਤਰੀਨ ਤਕਨਾਲੋਜੀ ਸਾਂਝੀ ਕਰਨ ਲਈ ਤਿਆਰ ਹੈ ਅਤੇ ਉਨ੍ਹਾਂ ਨੂੰ ਨਵੀਂ ਦਿੱਲੀ ਨਾਲ ਐਫ16 ਅਤੇ ਐਫ18 ਲੜਾਕੂ ਜਹਾਜ਼ਾਂ ਬਾਰੇ ਸਮਝੌਤਿਆਂ ‘ਤੇ ਚਰਚਾ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਅਮਰੀਕਾ-ਅਫ਼ਗ਼ਾਨਿਸਤਾਨ ਰਣਨੀਤੀ ਲਈ ਭਾਰਤ ਅਹਿਮ ਹੈ।
ਸੁਸ਼ਮਾ ਨੇ ਦੱਸਿਆ ਕਿ ਉਨ੍ਹਾਂ ਨੇ ਟਿੱਲਰਸਨ ਕੋਲ ਐਚ1ਬੀ ਵੀਜ਼ਾ ਮੁੱਦਾ ਚੁੱਕਿਆ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਅਜਿਹਾ ਕਦਮ ਨਾ ਚੁੱਕਿਆ ਜਾਵੇ, ਜਿਸ ਦਾ ਭਾਰਤੀਆਂ ‘ਤੇ ਬੁਰਾ ਅਸਰ ਪਵੇ।
ਇਸ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜਾ ਆਸਿਫ ਨੇ ਮੰਨਿਆ ਕਿ ਅਫ਼ਗ਼ਾਨਿਸਤਾਨ ਦੇ ਮੁੱਦੇ ‘ਤੇ ਉਨ੍ਹਾਂ ਦੇ ਮੁਲਕ ਅਤੇ ਅਮਰੀਕਾ ਦਰਮਿਆਨ ‘ਭਰੋਸੇ ਦੀ ਘਾਟ’ ਹੈ। ਪਾਕਿ ਫੇਰੀ ਦੌਰਾਨ ਟਿੱਲਰਸਨ ਨੇ ਕਿਹਾ ਸੀ ਕਿ ਅਮਰੀਕਾ ਦੀ ਨਵੀਂ ਦੱਖਣੀ ਏਸ਼ੀਆਈ ਰਣਨੀਤੀ ਅਤੇ ਅਫ਼ਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਲਈ ਅਮਰੀਕਾ ਤੇ ਹੋਰ ਮੁਲਕਾਂ ਨਾਲ ਮਿਲ ਕੇ ਪਾਕਿਸਤਾਨ ਅਹਿਮ ਭੂਮਿਕਾ ਨਿਭਾਅ ਸਕਦਾ ਹੈ, ਜੋ ਇਸ ਖਿੱਤੇ ਵਿੱਚ ਸਥਿਰਤਾ ਤੇ ਸੁਰੱਖਿਆ ਲਿਆ ਸਕਦੀ ਹੈ।

 

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …