ਕਿਹਾ : ਭਾਜਪਾ ਤੇ ਆਰਐਸਐਸ ਮਿਲ ਕੇ ਮੇਘਾਲਿਆ ਦੀ ਸੰਸਕ੍ਰਿਤੀ ਨੂੰ ਕਰ ਰਹੇ ਹਨ ਨਸ਼ਟ
ਸ਼ਿਲੌਂਗ/ਬਿਊਰੋ ਨਿਊਜ : ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਸ਼ਿਲੌਂਗ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਅਤੇ ਆਰ ਐਸ ਐਸ ’ਤੇ ਨਿਸ਼ਾਨਾ ਵਿੰਨਿਆ। ਉਨ੍ਹਾਂ ਕਿਹਾ ਭਾਜਪਾ ਅਤੇ ਆਰ ਐਸ ਐਸ ਮਿਲ ਕੇ ਮੇਘਾਲਿਆ ਦੀ ਸੰਸਕ੍ਰਿਤੀ ਨੂੰ ਨਸ਼ਟ ਕਰ ਰਹੇ ਹਨ ਪ੍ਰੰਤੂ ਕਾਂਗਰਸ ਪਾਰਟੀ ਤੁਹਾਡੀ ਸੰਸਕ੍ਰਿਤੀ, ਪਹਿਚਾਣ ਅਤੇ ਇਤਿਹਾਸ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਇਸੇ ਦੌਰਾਨ ਰਾਹੁਲ ਗਾਂਧੀ ਨੇ ਤਿ੍ਰਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ’ਤੇ ਵੀ ਸਿਆਸੀ ਹਮਲਾ ਕੀਤਾ ਅਤੇ ਉਨ੍ਹਾਂ ਮਮਤਾ ਬੈਨਰਜੀ ’ਤੇ ਮੇਘਾਲਿਆ ’ਚ ਭਾਜਪਾ ਨੂੰ ਜਿਤਾਉਣ ਦੇ ਲਈ ਕੰਮ ਕਰਨ ਦਾ ਆਰੋਪ ਵੀ ਲਗਾਇਆ। ਉਨ੍ਹਾਂ ਕਿਹਾ ਕਿ ਤਿ੍ਰਣਮੂਲ ਕਾਂਗਰਸ ਨੇ ਗੋਆ ’ਚ ਬਹੁਤ ਪੈਸਾ ਖਰਚ ਕੀਤਾ ਸੀ ਅਤੇ ਹੁਣ ਟੀਐਮਸੀ ਮੇਘਾਲਿਆ ’ਚ ਭਾਜਪਾ ਨੂੰ ਜਿਤਾਉਣ ਲਈ ਵੀ ਉਹੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਟੀਐਮਸੀ ਦੇ ਇਤਿਹਾਸ ਬਾਰੇ ਜਾਣਦੇ ਹੀ ਹੋ ਅਤੇ ਪੱਛਮੀ ਬੰਗਾਲ ’ਚ ਹੋਣ ਵਾਲੀ ਹਿੰਸਾ ਬਾਰੇ ਵੀ। ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਤਿ੍ਰਣਮੂਲ ਕਾਂਗਰਸ ਤੋਂ ਚੰਗੀ ਤਰ੍ਹਾਂ ਜਾਣੂ, ਜਿਸ ਤਰ੍ਹਾਂ ਉਨ੍ਹਾਂ ਗੋਆ ’ਚ ਵੱਡੀ ਰਕਮ ਖਰਚ ਕਰਕੇ ਭਾਜਪਾ ਨੂੰ ਜਿਤਾਇਆ ਸੀ, ਉਸੇ ਤਰ੍ਹਾਂ ਹੁਣ ਵੀ ਟੀਐਮਸੀ ਦਾ ਮਕਸਦ ਭਾਜਪਾ ਨੂੰ ਜਿਤਾਉਣ ਦਾ ਹੈ।