ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਨਾਲ ਹਰਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਚੋਣਾਂ ਦੇ 80 ਦਿਨ ਬਾਅਦ ਆਖਰ ਦਿੱਲੀ ਨੂੰ ਨਵਾਂ ਮੇਅਰ ਮਿਲ ਹੀ ਗਿਆ। ਆਮ ਆਦਮੀ ਪਾਰਟੀ ਦੀ ਸ਼ੈਲੀ ਓਬਰਾਏ ਨੂੰ ਨਵਾਂ ਮੇਅਰ ਚੁਣਿਆ ਗਿਆ ਹੈ। ਸ਼ੈਲੀ ਨੂੰ 266 ਵੋਟਾਂ ’ਚੋਂ 150 ਵੋਟ ਮਿਲੇ ਜਦਕਿ ਭਾਜਪਾ ਉਮੀਦਵਾਰ ਰੇਖਾ ਗੁਪਤਾ ਨੂੰ 116 ਵੋਟ ਮਿਲੇ। ਇਸ ਤਰ੍ਹਾਂ ਆਪ ਦੀ ਸ਼ੈਲੀ ਓਬਰਾਏ ਨੇ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਦਿੱਲੀ ਨੂੰ 10 ਸਾਲ ਬਾਅਦ ਮਹਿਲਾ ਮੇਅਰ ਮਿਲੀ ਹੈ ਜਦਕਿ ਇਸ ਤੋਂ ਪਹਿਲਾਂ 2011 ’ਚ ਭਾਜਪਾ ਦੀ ਰਜਨੀ ਅੱਬੀ ਮੇਅਰ ਬਣੀ ਸੀ। ਉਧਰ ਮੇਅਰ ਚੋਣ ’ਚ ਸ਼ੈਲੀ ਓਬਰਾਏ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁੰਡਾਗਰਦੀ ਹਾਰ ਗਈ ਹੈ ਅਤੇ ਦਿੱਲੀ ਦੀ ਜਨਤਾ ਜਿੱਤ ਗਈ ਹੈ। ਧਿਆਨ ਰਹੇ ਕਿ ਦਿੱਲੀ ਨਗਰ ਨਿਗਮ ਲਈ ਲੰਘੀ 4 ਦਸੰਬਰ ਨੂੰ ਵੋਟਾਂ ਪਈਆਂ ਸਨ ਅਤੇ 8 ਦਸੰਬਰ ਨੂੰ ਨਤੀਜੇ ਆਏ ਸਨ। ਇਸ ਤੋਂ ਪਹਿਲਾਂ 3 ਵਾਰ ਮੇਅਰ ਦੀ ਚੋਣ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਭਾਜਪਾ ਅਤੇ ‘ਆਪ’ ਕੌਂਸਲਰ ਦੇ ਹੰਗਾਮੇ ਕਾਰਨ ਇਹ ਚੋਣ ਨਹੀਂ ਹੋ ਸਕੀ ਸੀ। ਲੰਘੇ ਦਿਨੀਂ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੇਅਰ ਦੀ ਚੋਣ ਲਈ ਨਗਰਪਾਲਿਕਾ ਦਾ ਸਦਨ ਬੁਲਾਉਣ ਲਈ ਮਨਜ਼ੂਰੀ ਦਿੱਤੀ ਸੀ ਅਤੇ ਅੱਜ ਦੇ ਸਦਨ ਦੌਰਾਨ ਮੇਅਰ ਦੀ ਚੋਣ ਸਿਰੇ ਚੜ੍ਹੀ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …