ਨਵੀਂ ਦਿੱਲੀ/ਬਿਊਰੋ ਨਿਊਜ਼
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਦਾ ‘ਵੱਡਾ ਭਰਾ’ ਹੈ। ਇਸ ਕਾਰਨ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ। ਉਨ੍ਹਾਂ ਅਕਾਲੀ-ਭਾਜਪਾ ਗੱਠਜੋੜ ਵਿੱਚ ਦਰਾਰ ਦੀਆਂ ਅਫ਼ਵਾਹਾਂ ਦਾ ਅੰਤ ਕਰਦਿਆਂ ਇਹ ਵੀ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਭਾਜਪਾ ਸਭ ਕੁੱਝ ਅਕਾਲੀਆਂ ‘ਤੇ ਛੱਡ ਦੇਵੇਗੀ। ਸ਼ਾਹ ਨੇ ਕਿਹਾ, ‘ਅਕਾਲੀ-ਭਾਜਪਾ ਗੱਠਜੋੜ 2017 ਦੀਆਂ ਚੋਣਾਂ ਦਮ-ਖ਼ਮ ਨਾਲ ਲੜੇਗਾ ਅਤੇ ਜਿੱਤੇਗਾ ਵੀ। ਪੰਜਾਬ ਵਿੱਚ ਉਹ (ਅਕਾਲੀ) ਵੱਡੇ ਭਰਾ ਤੇ ਵੱਡੇ ਭਾਈਵਾਲ ਹਨ। ਇਸੇ ਕਾਰਨ ਉਨ੍ਹਾਂ (ਰਣਨੀਤੀ ਬਣਾਉਣ) ਨੂੰ ਅਗਵਾਈ ਕਰਨੀ ਚਾਹੀਦੀ ਹੈ। ਉਹ ਜ਼ਿਆਦਾ ਸੀਟਾਂ ‘ਤੇ ਲੜਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹੀ ਅਗਵਾਈ ਕਰਨੀ ਚਾਹੀਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰਾ ਕੁੱਝ ਉਨ੍ਹਾਂ ‘ਤੇ ਸੁੱਟ ਦੇਵਾਂਗੇ। ਇਹ ਸੱਚ ਨਹੀਂ ਹੈ।’
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵੱਡੀ ਵਿਰੋਧੀ ਪਾਰਟੀ ਵਜੋਂ ਉਭਰਨ, ਕਾਂਗਰਸ ਦੇ ਮੁੜ ਪੈਰਾਂ ਸਿਰ ਹੋਣ ਅਤੇ ਪਿਛਲੇ ਦੋ ਕਾਰਜਕਾਲ ਦੌਰਾਨ ਪੈਦਾ ਹੋਈ ਸਥਾਪਤੀ ਵਿਰੋਧੀ ਲਹਿਰ ਭਾਜਪਾ ਲੀਡਰਸ਼ਿਪ ਦੀ ਵੱਡੀ ਚਿੰਤਾ ਹੈ। ਇਸੇ ਕਾਰਨ ਭਾਜਪਾ ਵੱਲੋਂ ਪੰਜਾਬ ਵਿੱਚ ਅਕਾਲੀ ਦਲ ਨੂੰ ਅੱਗੇ ਲਾਇਆ ਜਾ ਰਿਹਾ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਚੋਣਾਂ ਵਿੱਚ ਭਾਜਪਾ ਵੱਲੋਂ ਅੱਗੇ ਵਧ ਕੇ ਰਣਨੀਤੀ ਬਣਾਈ ਜਾ ਰਹੀ ਹੈ। ਸੂਤਰਾਂ ਮੁਤਾਬਕ ਅਕਾਲੀ-ਭਾਜਪਾ ਗੱਠਜੋੜ ਲਈ ਪੰਜਾਬ ਵਿੱਚ ਹਾਲਾਤ ਕਸੂਤੇ ਹਨ। ਪਰ ਭਾਜਪਾ ਦੇ ਕੌਮੀ ਪ੍ਰਧਾਨ ਦਾ ਕਹਿਣਾ ਹੈ, ‘ਪੰਜਾਬ ਵਿੱਚ ਹਾਲਾਤ ਮੁਸ਼ਕਲ ਨਹੀਂ ਹਨ। ਇਨ੍ਹਾਂ ‘ਤੇ ਪਾਰ ਪਾਇਆ ਜਾ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਅਕਾਲੀ-ਭਾਜਪਾ ਗੱਠਜੋੜ ਟੁੱਟਣ ਦੇ ਕਿਆਸ ਲਾਏ ਜਾ ਰਹੇ ਹਨ। ਅਜਿਹਾ ਨਹੀਂ ਹੋਇਆ ਅਤੇ ਨਾ ਹੀ ਹੋਵੇਗਾ। ਸਾਡੇ ਰਾਜਸੀ ਵਿਰੋਧੀ ਗੱਠਜੋੜ ਟੁੱਟਣ ਦੀਆਂ ਅਫ਼ਵਾਹਾਂ ਫੈਲਾਉਣ ਲਈ ਤਿਆਰ ਰਹਿੰਦੇ ਹਨ। ਪਰ ਸੱਚਾਈ ਇਹ ਹੈ ਕਿ ਅਸੀਂ ਇਕਜੁੱਟ ਹਾਂ ਅਤੇ 2017 ਦੀਆਂ ਚੋਣਾਂ ਮਿਲ ਕੇ ਲੜਾਂਗੇ।’
ਯੂਪੀ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜਨ ਦਾ ਐਲਾਨ : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਰਾਮ ਮੰਦਰ ਅਤੇ ਸਾਂਝੇ ਸਿਵਲ ਕੋਡ ਵਰਗੇ ਵਿਵਾਦਿਤ ਮੁੱਦਿਆਂ ‘ਤੇ ਸਥਿਤੀ ਸਪੱਸ਼ਟ ਕਰਦਿਆਂ ਸੰਕੇਤ ਦਿੱਤਾ ਕਿ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਕਾਸ ਦੇ ਮੁੱਦੇ ‘ਤੇ ਲੜੇਗੀ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …