ਜਸਬੀਰ ਸਿੰਘ ਅਤੇ ਰੇਸ਼ਮ ਸਿੰਘ ਨੇ ਕੀਤਾ ਹਲਫਨਾਮਾ ਦਾਇਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਦਾਅਵਾ ਕੀਤਾ ਕਿ ਅਮਰੀਕਾ ਰਹਿੰਦੇ ਦੋ ਸਿੱਖ ਜਸਬੀਰ ਸਿੰਘ ਤੇ ਰੇਸ਼ਮ ਸਿੰਘ, ਨਵੰਬਰ 1984 ਸਿੱਖ ਕਤਲੇਆਮ ਕੇਸਾਂ ਵਿਚ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਗਵਾਹੀ ਦੇਣਾ ਚਾਹੁੰਦੇ ਹਨ। ਉਨ੍ਹਾਂ ਇਸ ਸਬੰਧੀ ਹਲਫ਼ੀਆ ਬਿਆਨ ਵੀ ਦਾਇਰ ਕੀਤਾ ਹੈ।
ਫੈਡਰੇਸ਼ਨ ਮੁਖੀ ਨੇ ਸੀਬੀਆਈ ਤੇ ਵਿਸ਼ੇਸ਼ ਜਾਂਚ ਟੀਮ ਨੂੰ ਦੋਵਾਂ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਥੇ ਕਾਂਸਟੀਚਿਊਸ਼ਨ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੀਰਮੁਹੰਮਦ ਨੇ ਕਿਹਾ ਕਿ ਰੇਸ਼ਮ ਸਿੰਘ ਨਾਂ ਦਾ ਵਿਅਕਤੀ ਟਾਈਟਲਰ ਖ਼ਿਲਾਫ਼ ਧਾਰਾ 164 ਤਹਿਤ ਗਵਾਹੀ ਦੇਣ ਲਈ ਤਿਆਰ ਹੈ। ਰੇਸ਼ਮ ਸਿੰਘ ਰੋਡੇ (ਜ਼ਿਲ੍ਹਾ ਮੋਗਾ) ਪਿੰਡ ਦਾ ਮੂਲ ਵਾਸੀ ਹੈ ਤੇ ਅੱਜ ਕੱਲ੍ਹ ਅਮਰੀਕਾ ਰਹਿੰਦਾ ਹੈ। ਇਸੇ ਤਰ੍ਹਾਂ ਜਾਨ ਦਾ ਖ਼ੌਫ਼ ਹੋਣ ਦੇ ਬਾਵਜੂਦ ਕੈਲੇਫੋਰਨੀਆ ਰਹਿੰਦਾ ਜਸਵੀਰ ਸਿੰਘ ਭਾਰਤ ਆ ਕੇ ਟਾਈਟਲਰ ਖ਼ਿਲਾਫ਼ ਗਵਾਹੀ ਦੇਣ ਲਈ ਤਿਆਰ ਹੈ। ਰੇਸ਼ਮ ਸਿੰਘ ਨੇ 1 ਨਵੰਬਰ, 1984 ਨੂੰ ਗੁਰਦੁਆਰਾ ਪੁਲ ਬੰਗਸ਼ ਵਿਖੇ ਟਾਈਟਲਰ ਨੂੰ ਭੜਕੀ ਭੀੜ ਦੀ ਅਗਵਾਈ ਕਰਦੇ ਅਤੇ ‘ਖ਼ੂਨ ਦਾ ਬਦਲਾ ਖ਼ੂਨ’ ਦੇ ਨਾਅਰੇ ਲਾਉਂਦਿਆਂ ਦੇਖਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸਾਢੇ ਤਿੰਨ ਸਾਲ ਲੰਘਣ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਗਠਿਤ ਸਿੱਟ ਤੇ ਸੀਬੀਆਈ ਨੇ ਗਵਾਹਾਂ ਤੱਕ ਪਹੁੰਚ ਨਹੀਂ ਕੀਤੀ। ਉਨ੍ਹਾਂ ਕਾਂਗਰਸ ਨਵਨਿਯੁਕਤ ਪ੍ਰਧਾਨ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਕਿ ਜਗਦੀਸ਼ ਟਾਈਟਲਰ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਾਹ ਦਿਖਾਇਆ ਜਾਵੇ। ਇਸ ਮੌਕੇ 1984 ਸਿੱਖ ਕਤਲੇਆਮ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਬਾਬੂ ਸਿੰਘ ਦੁਖੀਆ, ਜਸਵੀਰ ਸਿੰਘ ਦੇ ਪਿਤਾ ਸੱਤੂ ਸਿੰਘ ਤੇ ਮਾਤਾ ਇੰਦਰ ਕੌਰ, ਸ਼ਹੀਦ ਕੇਹਰ ਸਿੰਘ ਦੇ ਪੁੱਤਰ ਰਜਿੰਦਰ ਸਿੰਘ, ਭਗਤ ਸਿੰਘ, ਨਰਿੰਦਰ ਸਿੰਘ ਤੇ ਅਮਨਦੀਪ ਕੌਰ ਮਜੀਠਾ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …