ਸਦਨ ’ਚ ਨਾਅਰੇਬਾਜ਼ੀ ਕਰਨ ਅਤੇ ਡਿਪਟੀ ਚੇਅਰਮੈਨ ਵੱਲ ਪੇਪਰ ਸੁੱਟਣ ਦਾ ਆਰੋਪ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ’ਚ ਸੰਸਦ ਮੈਂਬਰ ਸੰਜੇ ਸਿੰਘ ਨੂੰ ਅੱਜ ਰਾਜ ਸਭ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੰਜੇ ਸਿੰਘ ਸਦਨ ਅੰਦਰ ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦਾ ਮੁੱਦਾ ਚੁੱਕ ਰਹੇ ਸਨ। ਇਸੇ ਦੌਰਾਨ ਉਨ੍ਹਾਂ ’ਤੇ ਸਦਨ ’ਚ ਨਾਅਰੇਬਾਜ਼ੀ ਕਰਨ, ਕਾਗਜ਼ ਫਾੜਨ ਅਤੇ ਡਿਪਟੀ ਚੇਅਰਮੈਨ ਹਰਿਵੰਸ਼ ਦੀ ਕੁਰਸੀ ਵੱਲ ਪੇਪਰ ਸੁੱਟਣ ਦਾ ਆਰੋਪ ਹੈ। ਜਿਸ ਦੇ ਚਲਦਿਆਂ ਸੰਜੇ ਸਿੰਘ ਨੂੰ ਸਦਨ ਤੋਂ ਇਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਗਿਆ। ਧਿਆਨ ਰਹੇ ਕਿ ਲੰਘੇ ਦਿਨੀਂ ਗੁਜਰਾਤ ਦੋ ਬੋਟਾਦ ਇਲਾਕੇ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 37 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 50 ਵਿਅਕਤੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਮਾਨਸੂਨ ਸੈਸ਼ਨ ਦੇ 7ਵੇਂ ਦਿਨ ਯਾਨੀ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਜੀਐਸਟੀ ਅਤੇ ਮਹਿੰਗਾਈ ਦੇ ਮੁੱਦੇ ’ਤੇ ਸਦਨ ’ਚ ਹੰਗਾਮਾ ਕੀਤਾ। ਜਿਸ ਤੋਂ ਬਾਅਦ ਰਾਜ ਸਭਾ ਤੋਂ ਵਿਰੋਧੀ ਧਿਰ ਦੇ 19 ਸੰਸਦ ਮੈਂਬਰਾਂ ਨੂੰ ਇਕ ਹਫ਼ਤੇ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੀ। ਹੰਗਾਮੇ ਦੇ ਚਲਦਿਆਂ ਰਾਜ ਸਭਾ ਦੀ ਕਾਰਵਾਈ ਪਹਿਲਾਂ ਇਕ ਘੰਟੇ ਲਈ ਅਤੇ ਬਾਅਦ ਵਿਚ ਇਸ ਕਾਰਵਾਈ ਨੂੰ ਦਿਨ ਭਰ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਲੰਘੇ ਸੋਮਵਾਰ ਨੂੰ ਲੋਕ ਸਭਾ ਵਿਚ ਹੋਏ ਭਾਰੀ ਹੰਗਾਮੇ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਵੀ ਕਾਂਗਰਸ ਦੇ 4 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਸੀ।