Breaking News
Home / ਭਾਰਤ / ਭਾਰਤ ਨੇ ਦੇਸ਼ ਦਾ ਸਭ ਤੋਂ ਵੱਡਾ ਰਾਕਟ ਦਾਗਿਆ

ਭਾਰਤ ਨੇ ਦੇਸ਼ ਦਾ ਸਭ ਤੋਂ ਵੱਡਾ ਰਾਕਟ ਦਾਗਿਆ

ਇਸਰੋ ਨੇ ਰਚਿਆ ਇਤਿਹਾਸ, ਵਿਗਿਆਨੀਆਂ ‘ਚ ਖੁਸ਼ੀ ਦੀ ਲਹਿਰ
ਸ੍ਰੀਹਰੀਕੋਟਾ/ਬਿਊਰੋ ਨਿਊਜ਼
ਭਾਰਤ ਨੇ ਆਪਣੇ ਸਭ ਤੋਂ ਭਾਰੀ ਰਾਕੇਟ ਜੀਐਸਐਲਵੀ ਐਮਕੇ3-ਡੀ1 ਨੂੰ ਸਫ਼ਲਤਾਪੂਰਵਕ ਦਾਗ ਕੇ ਇਤਿਹਾਸ ਸਿਰਜ ਦਿੱਤਾ। ਇਸ 43.43 ਮੀਟਰ ਲੰਮੇ ਰਾਕੇਟ ਨੇ ਇੱਥੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਜੇ ਲਾਂਚ ਪੈਡ ਤੋਂ ਸੋਮਵਾਰ ਸ਼ਾਮੀਂ 5.28 ਵਜੇ ਉਡਾਣ ਭਰੀ।
ਇਹ ਪੁਲਾੜ ਵਾਹਨ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ ਜੀਸੈਟ-19 ਲੈ ਕੇ ਗਿਆ। ਪੁਲਾੜ ਵਾਹਨ ਨੇ ਉਡਾਣ ਭਰਨ ਤੋਂ 16 ਮਿੰਟ ਬਾਅਦ 3136 ਕਿਲੋ ਵਜ਼ਨੀ ਉਪਗ੍ਰਹਿ ਨੂੰ ਪੁਲਾੜ ਪੰਧ ਉਤੇ ਪਾ ਦਿੱਤਾ।
ਇਸ ਸਫ਼ਲਤਾ ਤੋਂ ਉਤਸ਼ਾਹਤ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਚੇਅਰਮੈਨ ਏ.ਐਸ. ਕਿਰਨ ਕੁਮਾਰ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਅਤੇ ‘ਜੀਓਸਿਕਰੋਨੀਅਸ ਸੈਟੇਲਾਈਟ ਲਾਂਚ ਵਹੀਕਲ ਮਾਰਕ-3’ (ਐਮਕੇ3 ਡੀ-1) ਨੇ ਜੀਸੈਟ-19 ਨੂੰ ਉਸ ਦੇ ਢੁਕਵੇਂ ਪੁਲਾੜ ਪੰਧ ਉਤੇ ਸਥਾਪਤ ਕਰ ਕੇ ਆਪਣੀ ਸਮਰੱਥਾ ਦਾ ਸਫ਼ਲਤਾਪੂਰਵਕ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਕੋਸ਼ਿਸ਼ ਵਿੱਚ ਇਹ ਲਾਮਿਸਾਲ ਸਫ਼ਲਤਾ ਹੈ ਅਤੇ ਇਸ ਨੇ ਅਗਲੀ ਪੀੜ੍ਹੀ ਦੇ ਉਪਗ੍ਰਹਿ ਜੀਸੈਟ-19 ਨੂੰ ਪੁਲਾੜ ਵਿੱਚ ਸਫ਼ਲਤਾਪੂਰਵਕ ઠਸਥਾਪਤ ਕੀਤਾ। ਕੁਮਾਰ ਨੇ ਕਿਹਾ ਕਿ ”ਮੈਂ ਆਪਣੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ, ਜੋ 2002 ਤੋਂ ਇਸ ਦਿਨ ਲਈ ਅਣਥੱਕ ਮਿਹਨਤ ਕਰ ਰਹੀ ਸੀ।”
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੋਨ ਕਰਕੇ ਇਸ ਸਫ਼ਲਤਾ ਲਈ ਇਸਰੋ ਟੀਮ ਦੇ ਹਰੇਕ ਮੈਂਬਰ ਨੂੰ ਵਧਾਈ ਦਿੱਤੀ। ਜੀਐਸਐਲਵੀ ਦਾ ਇਹ ਮਿਸ਼ਨ ਭਾਰਤ ਲਈ ਕਾਫ਼ੀ ਅਹਿਮ ਹੈ ਕਿਉਂਕਿ ਇਸਰੋ ਨੂੰ ਪਹਿਲਾਂ 2300 ਕਿਲੋ ਤੋਂ ਭਾਰੇ ਸੰਚਾਰ ਉਪਗ੍ਰਹਿ ਪੁਲਾੜ ਵਿੱਚ ਪਹੁੰਚਾਉਣ ਲਈ ਵਿਦੇਸ਼ਾਂ ਦੀ ਮਦਦ ਲੈਣੀ ਪੈਂਦੀ ਸੀ।
ਜੀਐਸਐਲਵੀ ਐਮਕੇ3-ਡੀ1 ਚਾਰ ਹਜ਼ਾਰ ਕਿਲੋ ਵਜ਼ਨ ਲੈ ਕੇ ‘ਜੀਓਸਟੇਸ਼ਨਰੀ ਟਰਾਂਸਫਰ ਔਰਬਿਟ’ ਵਿੱਚ ਜਾ ਸਕਦਾ ਹੈ, ਜਦੋਂ ਕਿ ‘ਲੋਅ ਅਰਥ ਔਰਬਿਟ’ ਵਿੱਚ 10 ਹਜ਼ਾਰ ਕਿਲੋ ਵਜ਼ਨ ਲੈ ਕੇ ਜਾ ਸਕਦਾ ਹੈ।ਇਸ ਮਿਸ਼ਨ ਦੀ ਸਫ਼ਲਤਾ ਮਿਸਾਲੀ ਰਹੀ ਕਿਉਂਕਿ ਦੇਸੀ ਕਰਾਈਓਜੈਨਿਕ ਇੰਜਣ ਵਾਲੇ ਤਿੰਨ ਪੜਾਵੀ ਜੀਐਸਐਲਵੀ ਐਮਕੇ3 ਦਾ ਹਰੇਕ ਪੜਾਅ ਸ਼ਾਨਦਾਰ ਰਿਹਾ।

ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੇ ਦਿੱਤੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਸਫ਼ਲਤਾ ਲਈ ਇਸਰੋ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਕਿ ਜੀਐਸਐਲਵੀ-ਐਮਕੇ3 ਡੀ1/ਜੀਸੈਟ-19 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ। ਇਸ ਮਿਸ਼ਨ ਨਾਲ ਭਾਰਤ ਅਗਲੀ ਪੀੜ੍ਹੀ ਦੇ ਲਾਂਚ ਵਾਹਨ ਅਤੇ ਉਪਗ੍ਰਹਿ ਸਮਰੱਥਾ ਹਾਸਲ ਕਰਨ ਦੇ ਨੇੜੇ ਪੁੱਜ ਗਿਆ ਹੈ। ਦੇਸ਼ ਨੂੰ ਇਸ ਪ੍ਰਾਪਤੀ ਉਤੇ ਮਾਣ ਹੈ। ਰਾਸ਼ਟਰਪਤੀ ਨੇ ਵੀ ਇਸ ਪ੍ਰਾਪਤੀ ਲਈ ਇਸਰੋ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …