Breaking News
Home / ਭਾਰਤ / ਰਾਹੁਲ ਗਾਂਧੀ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਰਾਹੁਲ ਗਾਂਧੀ ਨੇ ਸੰਭਾਲਿਆ ਕਾਂਗਰਸ ਪ੍ਰਧਾਨ ਦਾ ਅਹੁਦਾ

ਕਿਹਾ, ਭਾਜਪਾ ਨੇ ਦੇਸ਼ ਵਿਚ ਨਫਰਤ ਤੇ ਹਿੰਸਾ ਫੈਲਾਈ
ਨਵੀਂ ਦਿੱਲੀ/ਬਿਊਰੋ ਨਿਊਜ਼: ਕਾਂਗਰਸ ਪਾਰਟੀ ਦੀ ਕਮਾਨ ਸੰਭਾਲਣ ਦੇ ਤੁਰੰਤ ਮਗਰੋਂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਉਹ ਮੁਲਕ ਵਿਚ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਫੈਲਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ (ਮੋਦੀ) ਭਾਰਤ ਨੂੰ ਮੱਧਕਾਲੀ ਯੁੱਗ ਵੱਲ ਲਿਜਾ ਰਹੇ ਹਨ। ਸ਼ਨੀਵਾਰ ਨੂੰ ਕਾਂਗਰਸ ਪ੍ਰਧਾਨਗੀ ਦਾ ਰਸਮੀ ਤੌਰ ‘ਤੇ ਅਹੁਦਾ ਸੰਭਾਲਣ ਮਗਰੋਂ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਾਰਟੀ ਦੀ ਭਵਿੱਖੀ ਰਣਨੀਤੀ ਦੀ ਸੁਰ ਤੈਅ ਕਰ ਦਿੱਤੀ ਕਿ ਉਹ ਆਪਣੇ ਧੁਰ ਵਿਰੋਧੀ ਭਾਜਪਾ ਦਾ ਕਿਵੇਂ ਟਾਕਰਾ ਕਰਨਗੇ। ਉਨ੍ਹਾਂ ਕਿਹਾ, ”ਕਾਂਗਰਸ ਸਾਰੇ ਭਾਰਤੀਆਂ ਦਾ ਸਤਿਕਾਰ ਕਰਦੀ ਹੈ ਅਤੇ ਭਾਜਪਾ ਨੂੰ ਵੀ ਇਹੋ ਮਾਣ ਦਿੰਦੀ ਹੈ। ਅਸੀਂ ਨਫ਼ਰਤ ਨੂੰ ਨਫ਼ਰਤ ਨਾਲ ਨਹੀਂ ਮਾਰਦੇ। ਉਹ ਸੰਘੀ ਘੁਟਦੇ ਹਨ, ਅਸੀਂ ਕਮਜ਼ੋਰਾਂ ਨੂੰ ਆਵਾਜ਼ ਬੁਲੰਦ ਕਰਨ ਦਾ ਹੌਸਲਾ ਦਿੰਦੇ ਹਾਂ। ਉਹ ਨਿੰਦਾ ਕਰਦੇ ਹਨ, ਅਸੀਂ ਸਤਿਕਾਰ ਦਿੰਦੇ ਹਾਂ ਅਤੇ ਬਚਾਅ ਕਰਦੇ ਹਾਂ।” ਹਲੀਮੀ ਦਾ ਪ੍ਰਗਟਾਵਾ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਪਾਰਟੀ ਦੀ ਕਮਾਨ ਇਹ ਜਾਣਦਿਆਂ ਸੰਭਾਲ ਰਹੇ ਹਨ ਕਿ ਉਨ੍ਹਾਂ ਨੂੰ ‘ਦਿੱਗਜਾਂ’ ਦਾ ਸਾਥ ਮਿਲਦਾ ਰਹੇਗਾ। ਪਾਰਟੀ ਵਰਕਰਾਂ ਨੂੰ ਆਪਣੇ ‘ਪਰਿਵਾਰ’ ਦਾ ਹਿੱਸਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਰਹਿਣਗੇ। ਭਾਜਪਾ ਬਾਰੇ ਉਨ੍ਹਾਂ ਕਿਹਾ ਕਿ ਉਹ ਅੱਗ ਭੜਕਾਉਂਦੇ ਹਨ ਪਰ ਇਕ ਵਾਰ ਅੱਗ ਲੱਗਣ ਮਗਰੋਂ ਉਸ ਨੂੰ ਬੁਝਾਉਣਾ ਮੁਸ਼ਕਲ ਹੁੰਦਾ ਹੈ। ਮੋਦੀ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਭਾਰਤ ਨੂੰ 21ਵੀਂ ਸਦੀ ਵਿਚ ਲੈ ਕੇ ਗਈ ਜਦਕਿ ਪ੍ਰਧਾਨ ਮੰਤਰੀ ਅੱਜ ਮੁਲਕ ਨੂੰ ਮੱਧਕਾਲੀ ਯੁੱਗ ਵਿਚ ਪਿਛਾਂਹ ਲੈ ਕੇ ਜਾ ਰਹੇ ਹਨ ਜਿਥੇ ਲੋਕਾਂ ਦੀ ਹਸਤੀ ਅਤੇ ਖਾਣ-ਪੀਣ ਦੇ ਢੰਗ ਲਈ ਕਤਲੇਆਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਸੋਚ ਲਈ ਕੁੱਟਮਾਰ ਕੀਤੀ ਜਾਂਦੀ ਹੈ। ‘ਮੁਲਕ ਵਿਚ ਇਸ ਹਿੰਸਕ ਵਰਤਾਰੇ ਨੇ ਦੁਨੀਆ ਭਰ ਵਿਚ ਸਾਨੂੰ ਸ਼ਰਮਿੰਦਾ ਕਰ ਦਿੱਤਾ ਹੈ ਕਿਉਂਕਿ ਭਾਰਤ ਦਾ ਦਰਸ਼ਨ ਅਤੇ ਇਤਿਹਾਸ ਪਿਆਰ ਅਤੇ ਦਿਆਲਤਾ ‘ਚੋਂ ਨਿਕਲਿਆ ਹੈ ਜਿਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਕਿੰਨੀਆਂ ਵੀ ਗੱਲਵਕੜੀਆਂ ਮੁਲਕ ਨੂੰ ਹੋਏ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦੀਆਂ।’ ਉਨ੍ਹਾਂ ਕਿਹਾ ਕਿ ਮੋਦੀ ਸਿਰਫ਼ ਨਿੱਜੀ ਸ਼ੋਹਰਤ ਲਈ ਤਜਰਬੇ, ਮਾਹਿਰਾਂ ਅਤੇ ਗਿਆਨ ਨੂੰ ਦਰਕਿਨਾਰ ਕਰ ਰਹੇ ਹਨ।

ਡਰ ਦੀ ਸਿਆਸਤ ਨੂੰ ਹਾਵੀ ਨਹੀਂ ਹੋਣ ਦੇਣਗੇ ਰਾਹੁਲ : ਮਨਮੋਹਨ ਸਿੰਘ
ਨਵੀਂ ਦਿੱਲੀ:?ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਉਮੀਦ ਦੀ ਸਿਆਸਤ’ ਦੇ ਮੁਦਈ ਬਣਨਗੇ ਜਿਸ ਦੀ ਮੁਲਕ ਨੂੰ ਲੋੜ ਹੈ ਅਤੇ ਉਹ ‘ਡਰ ਦੀ ਸਿਆਸਤ’ ਨੂੰ ਹਾਵੀ ਨਹੀਂ ਹੋਣ ਦੇਣਗੇ। ਆਪਣੇ ਸੰਖੇਪ ਭਾਸ਼ਨ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਮੁਲਕ ਦੀ ਸਿਆਸਤ ਵਿਚ ਕੁਝ ‘ਗੜਬੜੀ ਵਾਲੇ ਰੁਝਾਨ’ ਦੇਖਣ ਨੂੰ ਮਿਲੇ ਹਨ ਅਤੇ ਉਸ ਵਿਚ ਤਬਦੀਲੀ ਲਈ ਲੋਕ ਰਾਹੁਲ ਗਾਂਧੀ ਵੱਲ ਆਸਾਂ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੀ ਹੋਈ ਸੋਨੀਆ ਗਾਂਧੀ ਦੇ ਉਨ੍ਹਾਂ ਸੋਹਲੇ ਗਾਏ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਦੀ ਕੀਤੀ ਗਈ ਅਗਵਾਈ ਇਤਿਹਾਸ ਦੇ ਪੰਨਿਆਂ ‘ਤੇ ਦਰਜ ਹੋਵੇਗੀ।
ਸ਼ਬਦੀ ਹਮਲਿਆਂ ਨੇ ਰਾਹੁਲ ਨੂੰ ਬਣਾਇਆ ਨਿਡਰ : ਸੋਨੀਆ
ਨਵੀਂ ਦਿੱਲੀ:?ਕਾਂਗਰਸ ਪ੍ਰਧਾਨਗੀ ਦਾ ਅਹੁਦਾ ਆਪਣੇ ਪੁੱਤਰ ਰਾਹੁਲ ਗਾਂਧੀ ਨੂੰ ਸੌਂਪਦਿਆਂ ਸੋਨੀਆ ਗਾਂਧੀ (71) ਨੇ ਕਿਹਾ ਕਿ ਪਾਰਟੀ ਨੂੰ ਫਿਰਕੂ ਤਾਕਤਾਂ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਪਾਰਟੀ ਵਿਚ ਤਰੱਕੀ ਲਈ ਰਾਹੁਲ ਗਾਂਧੀ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਨਿੱਜੀ ਹਮਲਿਆਂ ਨੇ ਉਸ ਦੇ ਪੁੱਤਰ ਨੂੰ ਨਿਡਰ ਬਣਾ ਦਿੱਤਾ ਹੈ ਅਤੇ ਭਰੋਸਾ ਜਤਾਇਆ ਕਿ ਪਾਰਟੀ ਵਿਚ ਨੌਜਵਾਨ ਲੀਡਰਸ਼ਿਪ ਨਵੀਂ ਰੂਹ ਫੂਕੇਗੀ। ਉਨ੍ਹਾਂ ਕਿਹਾ, ”ਕਾਂਗਰਸ ਨੂੰ ਅੰਤਰ ਝਾਤ ਮਾਰ ਕੇ ਅਗਾਂਹ ਵਧਣ ਦੇ ਨਾਲ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣਾ ਚਾਹੀਦਾ ਹੈ। ਰਾਹੁਲ ਪੂਰੇ ਹੌਸਲੇ ਅਤੇ ਸਮਰਪਣ ਨਾਲ ਪਾਰਟੀ ਦੀ ਅਗਵਾਈ ਕਰਨਗੇ।”
ਸੋਨੀਆ ਹੀ 2019 ਵਿਚ ਰਾਏ ਬਰੇਲੀ ਤੋਂ ਚੋਣ ਲੜੇਗੀ: ਪ੍ਰਿਅੰਕਾ : ਨਵੀਂ ਦਿੱਲੀ: ਪ੍ਰਿਅੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ 2019 ਵਿਚ ਰਾਏ ਬਰੇਲੀ ਤੋਂ ਲੋਕ ਸਭਾ ਚੋਣ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਹੀ ਲੜੇਗੀ। ਇਸ ਬਿਆਨ ਨਾਲ ਪ੍ਰਿਅੰਕਾ ਨੇ ਉਨ੍ਹਾਂ ਕਿਆਸਅਰਾਈਆਂ ‘ਤੇ ਵਿਰਾਮ ਲਗਾ ਦਿੱਤਾ ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਉਹ ਰਾਏ ਬਰੇਲੀ ਤੋਂ ਚੋਣ ਲੜ ਸਕਦੀ ਹੈ।
ਕਾਂਗਰਸ ਦੇ ਭ੍ਰਿਸ਼ਟ ਤਰੀਕੇ ਨਹੀਂ ਬਦਲਣਗੇ: ਭਾਜਪਾ
ਰਾਹੁਲ ਗਾਂਧੀ ਦੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਨ ਮਗਰੋਂ ਭਾਜਪਾ ਨੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਪਾਰਟੀ ਦੇ ਕੰਮਕਾਜ ਅਤੇ ‘ਭ੍ਰਿਸ਼ਟ ਤਰੀਕਿਆਂ’ ਵਾਲੀ ਸੋਚ ਵਿਚ ਕੋਈ ਬਦਲਾਅ ਨਹੀਂ ਆਵੇਗਾ। ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ, ਜਿਸ ਨੂੰ ਕਾਂਗਰਸ ਨੇ ਹਮਾਇਤ ਦਿੱਤੀ ਸੀ, ਨੂੰ ਭ੍ਰਿਸ਼ਟਾਚਾਰ ਦੇ ਕੇਸ ਵਿਚ ਸੁਣਾਈ ਗਈ ਸਜ਼ਾ ਦਾ ਹਵਾਲਾ ਦਿੰਦਿਆਂ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ ਅਤੇ ਦਾਅਵਾ ਕੀਤਾ ਕਿ ਲੀਡਰਸ਼ਿਪ ਵਿਚ ਬਦਲਾਅ ਦੇ ਬਾਵਜੂਦ ਪਾਰਟੀ ਭ੍ਰਿਸ਼ਟ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਭਾਵੇਂ ਪਿਛਲੇ ਚਾਰ ਸਾਲਾਂ ਤੋਂ ਸੱਤਾ ‘ਚ ਨਹੀਂ ਹੈ ਪਰ ਉਸ ਦੇ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਸਾਹਮਣੇ ਆ ਰਹੇ ਹਨ ਜੋ ਉਨ੍ਹਾਂ ਆਪਣੀ ਸਰਕਾਰ ਵੇਲੇ ਕੀਤੇ ਸਨ।

Check Also

ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਐਡੀਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

  ਭਾਰਤ ਤੇ ਪਾਕਿ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ …