Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਖ਼ਤਮ ਨਹੀਂ

ਕੈਨੇਡਾ ਸਰਕਾਰ ਨੇ ਕਿਸੇ ਵੀ ਕੈਟਾਗਿਰੀ ਵਿਚ ਟੈਸਟ ਖਤਮ ਕਰਨ ਦਾ ਨਹੀਂ ਕੀਤਾ ਕੋਈ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕਰੋਨਾ ਵਾਇਰਸ ਕਾਰਨ ਹਰੇਕ ਖੇਤਰ ਵਿਚ ਖੜੋਤ ਆਉਣ ਤੋਂ ਬਾਅਦ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਵੀ ਕੁਝ ਸਮੇਂ ਲਈ ਰੁਕਿਆ ਸੀ। ਬੀਤੇ ਮਹੀਨੇ ਅਰਜ਼ੀਆਂ ਦੁਬਾਰਾ ਲੈਣਾ ਸ਼ੁਰੂ ਕੀਤਾ ਜਾ ਚੁੱਕਾ ਹੈ ਅਤੇ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ ਪਰ ਵਿਦੇਸ਼ਾਂ ਤੋਂ ਲੋਕਾਂ ਦੀ ਆਮਦ ਉੱਪਰ ਲੱਗੀ ਹੋਈ ਪਾਬੰਦੀ ਦੇ ਚੱਲਦਿਆਂ ਪੱਕੀ ਇਮੀਗ੍ਰੇਸ਼ਨ, ਸਟੱਡੀ ਅਤੇ ਵਰਕ ਵੀਜ਼ਾ ਵਿਚ ਸਿਸਟਮ ਦੀ ਰਫ਼ਤਾਰ ਸੁਸਤ ਰਹਿ ਰਹੀ ਹੈ।
ਕੈਨੇਡਾ ਸਰਕਾਰ ਨੂੰ ਆਪਣਾ ਸਾਲਾਨਾ ਇਮੀਗ੍ਰੇਸ਼ਨ ਕੋਟਾ ਪੂਰਾ ਨਾ ਹੋ ਸਕਣ ਦੀ ਚਿੰਤਾ ਵੀ ਹੈ ਕਿਉਂਕਿ ਇਸ ਨਾਲ ਦੇਸ਼ ਦੀ ਆਰਥਿਕਤਾ ਸਿੱਧੇ ਤੌਰ ‘ਤੇ ਜੁੜੀ ਹੋਈ ਹੈ। ਇਸੇ ਦੌਰਾਨ ਕੈਨੇਡੀਅਨ ਇਮੀਗ੍ਰੇਸ਼ਨ ਦੇ ਚਾਹਵਾਨ ਲੋਕਾਂ ਨੂੰ ਕੁਝ ਅਫ਼ਵਾਹਾਂ ਦੇ ਪ੍ਰਚਾਰ ਨਾਲ ਪ੍ਰਭਾਵਿਤ ਕਰਨ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਕਿ ਕੈਨੇਡਾ ਜਾਣ ਵਾਸਤੇ ਅੰਗਰੇਜ਼ੀ ਭਾਸ਼ਾ ਦੇ ਟੈੱਸਟ ਦੀ ਜ਼ਰੂਰਤ ਨਹੀਂ ਰਹੀ। ਅਸਲ ਵਿਚ ਅਜਿਹਾ ਨਹੀਂ ਹੈ ਅਤੇ ਕੈਨੇਡਾ ਸਰਕਾਰ ਨੇ ਕਿਸੇ ਕੈਟਾਗਰੀ ਵਿਚ ਟੈੱਸਟ ਖ਼ਤਮ ਕਰਨ ਦਾ ਬਕਾਇਦਾ ਕੋਈ ਐਲਾਨ ਨਹੀਂ ਕੀਤਾ ਅਤੇ ਨਾ ਇਸ ਦੀ ਕੋਈ ਸੰਭਾਵਨਾ ਨਜ਼ਰ ਆ ਰਹੀ ਹੈ। ਕੈਨੇਡਾ ਦੀ ਭਾਸ਼ਾ ਦੇ ਗਿਆਨ ਰੱਖਣ ਵਾਲੇ ਲੋਕਾਂ (ਨੌਜਵਾਨਾਂ) ਨੂੰ ਦੇਸ਼ ਵਿਚ ਸੌਖਾ ਦਾਖਲ ਕਰਨ ਦੀਆਂ ਯੋਜਨਾਵਾਂ ਤਾਂ ਹਨ ਪਰ ਕੈਨੇਡੀਅਨ ਬੋਲੀ (ਅੰਗਰੇਜ਼ੀ/ਫਰੈਂਚ) ਬੋਲਣ, ਪੜ੍ਹਨ, ਸੁਣਨ ਤੇ ਲਿਖਣ ਦੀ ਸਮਝ ਨਾ ਰੱਖਣ ਵਾਲੇ ਲੋਕਾਂ ਵਾਸਤੇ ਸੰਭਾਵਨਾਵਾਂ ਬੇਹੱਦ ਹੇਠਲੇ ਪੱਧਰ ਤੱਕ ਸੀਮਤ ਰਹਿ ਜਾਂਦੀਆਂ ਹਨ। ਇਮੀਗ੍ਰੇਸ਼ਨ ਤੋਂ ਬਾਅਦ ਨਾਗਰਿਕਤਾ ਵਾਸਤੇ ਵੀ ਭਾਸ਼ਾ ਦਾ ਗਿਆਨ ਸਾਬਿਤ ਕਰਨਾ ਪੈਂਦਾ ਹੈ। ਇਸ ਮਾਮਲੇ ਵਿਚ ਕੈਨੇਡਾ ਸਰਕਾਰ ਨੂੰ ਰਾਜਨੀਤਕ ਤੌਰ ‘ਤੇ ਵੀ ਫੂਕ-ਫੂਕ ਕੇ ਕਦਮ ਰੱਖਣਾ ਪੈਂਦਾ ਹੈ ਕਿਉਂਕਿ ਕੈਨੇਡੀਅਨ ਬੋਲੀ ਤੋਂ ਅਣਜਾਣ ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਵਾਲੀ ਸਰਕਾਰ ਦੀ ਰਾਜਨੀਤਕ ਪਾਰਟੀ ਨੂੰ ਚੋਣਾਂ ਵਿਚ ਵੱਡੇ ਨੁਕਸਾਨ ਦਾ ਖ਼ਤਰਾ ਬਣ ਸਕਦਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …