ਓਨਟਾਰੀਓ/ਬਿਊਰੋ ਨਿਊਜ਼ : ਪ੍ਰੀਮੀਅਰ ਡੱਗ ਫੋਰਡ ਵੱਲੋਂ 2018 ਵਿੱਚ ਕੀਤੇ ਗਏ ਚੋਣ ਵਾਅਦਿਆਂ ਵਿੱਚ ਗੈਸ ਦੀਆਂ ਕੀਮਤਾਂ 10 ਸੈਂਟ ਪ੍ਰਤੀ ਲੀਟਰ ਘਟਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਪ੍ਰੀਮੀਅਰ ਵੱਲੋਂ ਇਹ ਵਾਅਦਾ ਵਫਾ ਨਹੀਂ ਕੀਤਾ ਗਿਆ।
ਲੱਗਭਗ ਚਾਰ ਸਾਲ ਬਾਅਦ ਵੀ ਫੋਰਡ ਨੇ ਮੰਗਲਵਾਰ ਨੂੰ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਆਖਿਆ ਕਿ ਇਸ ਬਾਰੇ ਉਹ ਵਿਚਾਰ ਕਰਨਗੇ। ਕੀਮਤਾਂ ਵਿੱਚ ਕਮੀ ਲਿਆਉਣ ਲਈ 4.3 ਫੀਸਦੀ ਦੀ ਕਟੌਤੀ ਫੋਰਡ ਵੱਲੋਂ ਕੈਪ ਐਂਡ ਟਰੇਡ ਸਿਸਟਮ ਨੂੰ ਖਤਮ ਕਰਕੇ ਕਰ ਦਿੱਤੀ ਗਈ ਸੀ ਪਰ ਇਸ ਕਾਰਨ ਫੈਡਰਲ ਕਾਰਬਨ ਟੈਕਸ ਦਾ ਜੱਬ੍ਹ ਪੈ ਗਿਆ ਤੇ 4.3 ਫੀਸਦੀ ਦੀ ਇਹ ਕਟੌਤੀ ਵੀ ਕਿਸੇ ਕੰਮ ਨਹੀਂ ਆਈ।
ਫੋਰਡ ਨੇ ਪਿਛਲੇ ਸਾਲ ਨਵੰਬਰ ਵਿੱਚ ਇਹ ਵਾਅਦਾ ਕੀਤਾ ਸੀ ਕਿ ਉਹ ਆਪਣੇ ਚੋਣ ਕਰਾਰ ਨੂੰ ਪੂਰਾ ਕਰਨ ਲਈ ਅਗਲੇ ਬਜਟ ਤੋਂ ਪਹਿਲਾਂ ਪੈਟਰੋਲ ਦੀਆਂ ਕੀਮਤਾਂ ਵਿੱਚ 5.7 ਸੈਂਟ ਦੀ ਹੋਰ ਕਟੌਤੀ ਕਰਨਗੇ। ਇਹ ਬਜਟ ਆਉਣ ਵਾਲੇ ਹਫਤਿਆਂ ਵਿੱਚ ਪੇਸ ਕੀਤਾ ਜਾਣਾ ਹੈ। ਇਸ ਲਿਹਾਜ ਨਾਲ ਹੀ ਜਦੋਂ ਫੋਰਡ ਤੋਂ ਇਹ ਪੁੱਛਿਆ ਗਿਆ ਕਿ ਪ੍ਰੋਵਿੰਸ਼ੀਅਲ ਗੈਸ ਟੈਕਸ ਵਿੱਚ ਸਥਾਨਕ ਵਾਸੀ ਕਦੋਂ ਤੱਕ ਕਟੌਤੀ ਦੀ ਉਮੀਦ ਕਰ ਸਕਦੇ ਹਨ ਤਾਂ ਉਨ੍ਹਾਂ ਆਖਿਆ ਕਿ ਸਾਨੂੰ ਇਸ ਬਾਰੇ ਫੈਡਰਲ ਸਰਕਾਰ ਨਾਲ ਰਲ ਕੇ ਵਿਚਾਰ ਕਰਨਾ ਹੋਵੇਗਾ। ਫੋਰਡ ਨੇ ਆਖਿਆ ਕਿ ਇਸ ਬਾਰੇ ਪ੍ਰਧਾਨ ਮੰਤਰੀ ਨੂੰ ਟੈਕਸ ਘਟਾਉਣੇ ਚਾਹੀਦੇ ਹਨ। ਇਸ ਦੌਰਾਨ ਖਜਾਨਾ ਬੋਰਡ ਦੇ ਪ੍ਰੈਜੀਡੈਂਟ ਤੇ ਐਮਪੀਪੀ ਪ੍ਰਭਮੀਤ ਸਰਕਾਰੀਆ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਅਸੀਂ ਓਨਟਾਰੀਓ ਵਾਸੀਆਂ ਲਈ ਜ਼ਿੰਦਗੀ ਹੋਰ ਕਿਫਾਇਤੀ ਬਣਾਉਣ ਲਈ ਸਾਰੇ ਬਦਲ ਤਲਾਸ਼ ਰਹੇ ਹਾਂ। ਇਸ ਸਮੇਂ ਜੀਟੀਏ ਵਾਸੀਆਂ ਨੂੰ ਗੈਸ ਲਈ ਇੱਕ ਡਾਲਰ ਇਕਾਹਠ ਸੈਂਟ (1.61) ਪ੍ਰਤੀ ਲੀਟਰ ਦੇਣੇ ਪੈਂਦੇ ਹਨ।