Breaking News
Home / ਭਾਰਤ / ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸੁਖਬੀਰ ਬਾਦਲ ਦੀ ਅਗਵਾਈ ‘ਚ ਪਾਕਿ ਦੇ ਹਾਈ ਕਮਿਸ਼ਨਰ ਨੂੰ ਮਿਲਿਆ

ਸ਼੍ਰੋਮਣੀ ਅਕਾਲੀ ਦਲ ਦਾ ਵਫਦ ਸੁਖਬੀਰ ਬਾਦਲ ਦੀ ਅਗਵਾਈ ‘ਚ ਪਾਕਿ ਦੇ ਹਾਈ ਕਮਿਸ਼ਨਰ ਨੂੰ ਮਿਲਿਆ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਉਚ ਪੱਧਰੀ ਵਫ਼ਦ ਨੇ ਬੁੱਧਵਾਰ ਨੂੰ ਪਾਕਿਸਤਾਨ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਤੇ ਉੱਤਰੀ-ਪੱਛਮੀ ਸਰਹੱਦੀ ਸੂਬੇ ਵਿੱਚ ਸਿੱਖਾਂ ਨੂੰ ਇਸਲਾਮ ਧਰਮ ਅਪਣਾਉਣ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਪਾਕਿ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ। ਵਫ਼ਦ ਨੇ ਹਾਈ ਕਮਿਸ਼ਨਰ ਨੂੰ ਆਖਿਆ ਕਿ ਸਿੱਖਾਂ ‘ਤੇ ਇਸਲਾਮ ਧਰਮ ਅਪਣਾਉਣ ਲਈ ਦਬਾਅ ਪਾਉਣ ਦੀ ਥਾਂ ਪਾਕਿਸਤਾਨ ਨੂੰ ਇਨ੍ਹਾਂ ਬਹਾਦਰ ਸਿੱਖ ਪਰਿਵਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ 1947 ਵਿੱਚ ਭਾਰਤ ਆਉਣ ਨਾਲੋਂ ਪਾਕਿਸਤਾਨ ਰਹਿਣ ਨੂੰ ਤਰਜੀਹ ਦਿੱਤੀ ਤੇ ਆਪਣੀਆਂ ਜਾਨਾਂ ਜੋਖ਼ਮ ਵਿੱਚ ਪਾਈਆਂ। ਵਫ਼ਦ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਕਸੂਰਵਾਰਾਂ ਖ਼ਿਲਾਫ਼ ਬਿਨਾਂ ਦੇਰੀ ਕਾਰਵਾਈ ਕੀਤੀ ਜਾਵੇ ਤੇ ਇਨ੍ਹਾਂ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਵਫ਼ਦ ਨੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਦੇ ਇੱਕ ਵਫ਼ਦ ਨੂੰ ਇਨ੍ਹਾਂ ਪਰਿਵਾਰਾਂ ਨਾਲ ਮਿਲਣ ਦੀ ਪ੍ਰਵਾਨਗੀ ਦਿੱਤੀ ਜਾਵੇ। ਪਾਕਿਸਤਾਨ ਹਾਈ ਕਮਿਸ਼ਨਰ ਨੇ ਵਫ਼ਦ ਨੂੰ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਦੇ ਇਕ ਅਫ਼ਸਰ ਦੀ ਸਿੱਖਾਂ ਨਾਲ ਤਲਖ਼ਕਲਾਮੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਅਫ਼ਸਰ ਨੂੰ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਪੜਤਾਲ ਵਾਸਤੇ ਉਚ ਪੱਧਰੀ ਜਾਂਚ ਕਮੇਟੀ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਸਿੱਖਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਪਾਕਿਸਤਾਨ ਵਿੱਚ ਰਹਿੰਦੇ ਸਿੱਖ ઠਦੇਸ਼ ਦਾ ਹਿੱਸਾ ਹਨ ਤੇ ਉਨ੍ਹਾਂ ਨੂੰ ਕਦੇ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਬਾਦਲ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਵੀ ਇਹ ਮਾਮਲਾ ਉਠਾਇਆ। ਵਫ਼ਦ ਵਿੱਚ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ઠਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸ਼ਾਮਲ ਸਨ।
ਉਤਰ ਪ੍ਰਦੇਸ਼ ਸਦਨ ਵਿੱਚ ਵੀ ਗੂੰਜਿਆ ਮੁੱਦਾઠ
ਲਖਨਊ : ਪਾਕਿਸਤਾਨ ਵਿੱਚ ਸਿੱਖਾਂ ਨੂੰ ਕਥਿਤ ਤੌਰ ‘ਤੇ ਜਬਰੀ ਇਸਲਾਮ ਧਰਮ ਕਬੂਲ ਕਰਵਾਉਣ ਦੇ ਮਾਮਲੇ ਵਿੱਚ ਉਤਰ ਪ੍ਰਦੇਸ਼ ਸਰਕਾਰ ਨੇ ਮੁੱਦਾ ਕੇਂਦਰ ਕੋਲ ਉਠਾਉਣ ਦਾ ਭਰੋਸਾ ਦਿੱਤਾ ਹੈ। ਸਮਾਜਵਾਦੀ ਪਾਰਟੀ ਦੇ ਵਿਧਾਨ ਪ੍ਰੀਸ਼ਦ ਮੈਂਬਰ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਚੁੱਕੇ ਮੁੱਦੇ ਦੀ ਸ਼ਤਰੁੱਧਾ ਪ੍ਰਕਾਸ਼ ਤੇ ਭਾਜਪਾ ਮੈਂਬਰ ਦਵੇਂਦਰ ਪ੍ਰਤਾਪ ਸਿੰਘ ਨੇ ਹਮਾਇਤ ਕੀਤੀ ਤੇ ਸਿੱਖਾਂ ਨਾਲ ਹੋਈ ਕਥਿਤ ਵਧੀਕੀ ਦੀ ਨਿਖੇਧੀ ਕੀਤੀ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …