ਵਿਆਹ ਤੋਂ ਪਹਿਲਾਂ ਲਿਆ ਬਾਬਾ ਮਹਾਕਾਲ ਦਾ ਆਸ਼ੀਰਵਾਦ
ਉੱਜੈਨ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਆਪਣੀ ਮੰਗੇਤਰ
ਅਤੇ ਅਭਿਨੇਤਰੀ ਪਰੀਣਿਤੀ ਚੋਪੜਾ ਨਾਲ ਉਜੈਨ ਸਥਿਤ ਬਾਬਾ ਮਹਾਕਾਲ ਦੇ ਦਰਬਾਰ ਪਹੁੰਚੇ। ਉੱਥੇ ਉਨ੍ਹਾਂ ਨੇ ਮਹਾਕਾਲੇਸ਼ਵਰ ਪ੍ਰਬੰਧਕ ਕਮੇਟੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਨੰਦੀ ਹਾਲ ਤੋਂ ਭਗਵਾਨ ਦੀ ਪੂਜਾ ਕੀਤੀ। ਚਾਂਦੀ ਦੇ ਗੇਟ ’ਤੇ ਮੱਥਾ ਟੇਕ ਕੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ। ਦੱਸ ਦੇਈਏ ਕਿ 25 ਸਤੰਬਰ 2023 ਨੂੰ ਪਰੀਣਿਤੀ ਤੇ ਰਾਘਵ ਚੱਢਾ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਹਾਂ ਨੇ ਮੰਦਰ ਦੇ ਨੰਦੀਹਾਲ ’ਚ ਬੈਠ ਕੇ ਭਗਵਾਨ ਸ਼ਿਵ ਦੀ ਪੂਜਾ ਕੀਤੀ ਤੇ ਬਾਬਾ ਮਹਾਕਾਲ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮੰਦਰ ਦੇ ਪੁਜਾਰੀ ਨੇ ਮੰਤਰਾਂ ਦਾ ਜਾਪ ਕਰਕੇ ਪੂਜਾ ਅਰਚਨਾ ਕੀਤੀ। ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਬਾਬਾ ਮਹਾਕਾਲ ਦਾ ਆਸ਼ੀਰਵਾਦ ਲੈਣ ਲਈ ਪਹੁੰਚਦੀਆਂ ਹਨ। ਇਸੇ ਤਰ੍ਹਾਂ ਰਾਘਵ ਚੱਢਾ ਤੇ ਪਰੀਣਿਤੀ ਚੋਪੜਾ ਭਗਵਾਨ ਮਹਾਕਾਲ ਦਾ ਆਸ਼ੀਰਵਾਦ ਲੈਣ ਪਹੁੰਚੇ ਸਨ। ਧਿਆਨ ਰਹੇ ਕਿ ਪਰੀਣਿਤੀ ਤੇ ਰਾਘਵ ਨੇ ਲੰਘੀ 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾਊਸ ’ਚ ਆਪਣੇ ਕਰੀਬੀਆਂ ਦੀ ਮੌਜੂਦਗੀ ’ਚ ਇਕ-ਦੂਜੇ ਨੂੰ ਮੁੰਦਰੀਆਂ ਪਾ ਕੇ ਮੰਗਣੀ ਕਰਵਾਈ ਸੀ।