
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਅਤੇ ਸੱਜੇ ਪੱਖੀ ਕਾਰਕੁੰਨ ਚਾਰਲੀ ਕਿਰਕ ਦੀ ਇਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਯੂਟਾ ਸੂਬੇ ਦੀ ਯੂਟਾ ਵੈਲੀ ਯੂਨੀਵਰਸਿਟੀ ਵਿਚ ਹੋਈ ਹੈ। ਚਾਰਲੀ ਇੱਥੇ ‘ਦ ਅਮਰੀਕਨ ਕਮਬੈਕ ਟੂਰ’ ਪ੍ਰੋਗਰਾਮ ਵਿਚ ਪਹੁੰਚੇ ਸਨ। ਯੂਟਾ ਦੇ ਗਵਰਨਰ ਸਪੈਨਸਰ ਕੌਕਸ ਨੇ ਇਸ ਕਤਲ ਨੂੰ ਰਾਜਨੀਤਕ ਕਤਲ ਦੱਸਿਆ ਹੈ। ਕੌਕਸ ਨੇ ਕਿਹਾ ਕਿ ਇਹ ਸਾਡੇ ਸੂਬੇ ਲਈ ਇਕ ਕਾਲਾ ਦਿਨ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਉਸ ਵਿਅਕਤੀ ਦੀ ਸਰਗਰਮੀ ਨਾਲ ਭਾਲ ਕਰ ਰਹੇ ਹਾਂ, ਜਿਸ ਕੋਲ ਇਸ ਗੋਲੀਬਾਰੀ ਨਾਲ ਸਬੰਧਤ ਕੋਈ ਵੀ ਜਾਣਕਾਰੀ ਹੈ। ਚਾਰਲੀ, ਟਰਨਿੰਗ ਪੁਆਇੰਟ ਯੂ.ਐਸ.ਏ. ਨਾਮ ਦੀ ਸੰਸਥਾ ਚਲਾਉਂਦੇ ਸਨ ਅਤੇ ਇਸ ਵਿਚ ਉਹ ਸਕੂਲਾਂ ਤੇ ਕਾਲਜਾਂ ਵਿਚ ਜਾ ਕੇ ਵਿਦਿਆਰਥੀਆਂ ਨੂੰ ਰਾਜਨੀਤੀ ਦੇ ਬਾਰੇ ਦੱਸਦੇ ਸਨ। ਟਰੰਪ ਨੇ ਸੋਸ਼ਲ ਮੀਡੀਆ ’ਤੇ ਚਾਰਲੀ ਕਿਰਕ ਦੀ ਮੌਤ ਸਬੰਧੀ ਜਾਣਕਾਰੀ ਦਿੱਤੀ ਅਤੇ ਉਸ ਨੂੰ ਮਹਾਨ ਵਿਅਕਤੀ ਦੱਸਿਆ ਹੈ।

