ਲੰਡਨ/ਬਿਊਰੋ ਨਿਊਜ਼ : ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਸ਼ਨਿਚਰਵਾਰ ਨੂੰ ਬ੍ਰਿਟੇਨ ਦੇ ਵਿੰਡਸਰ ਕਾਸਲ ਦੇ ਸੇਂਟ ਜੌਰਜ ਚੈਪਲ ਵਿੱਚ ਕੀਤਾ ਗਿਆ। ਉਨ੍ਹਾਂ ਨੂੰ ਵਿੰਡਸਰ ਕਾਸਲ ਦੇ ਅੰਦਰ ਵਾਲੇ ਹੌਲ ਵਿੱਚ ਦਫਨ ਕੀਤਾ ਗਿਆ। ਅੰਤਿਮ ਯਾਤਰਾ ਦੌਰਾਨ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਬੱਚੇ ਉਨ੍ਹਾਂ ਦੇ ਤਾਬੂਤ ਵਾਲੀ ਗੱਡੀ ਦੇ ਪਿੱਛੇ-ਪਿੱਛੇ ਚੱਲੇ। ਕੋਰੋਨਾ ਵਾਇਰਸ ਪਾਬੰਦੀਆਂ ਦੀ ਵਜ੍ਹਾ ਨਾਲ ਅੰਤਿਮ ਸਸਕਾਰ ਮੌਕੇ ਸਿਰਫ਼ ਤੀਹ ਵਿਅਕਤੀ ਹੀ ਸ਼ਾਮਲ ਹੋ ਸਕੇ। ਪ੍ਰਿੰਸ ਫਿਲਿਪ ਦੇ ਮ੍ਰਿਤਕ ਸਰੀਰ ਨੂੰ ਇੱਕ ਖਾਸ ਤੌਰ ‘ਤੇ ਤਿਆਰ ਕੀਤੀ ਗਈ ਲੈਂਡਰੋਵਰ ਕਾਰ ਵਿੱਚ ਰੱਖਿਆ ਗਿਆ। ਡਿਊਕ ਨੇ ਖੁਦ ਇਸ ਕਾਰ ਨੂੰ ਡਿਜ਼ਾਇਨ ਕਰਨ ਵਿੱਚ ਮਦਦ ਕੀਤੀ ਸੀ। ਉਨ੍ਹਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਕਾਰ ਨੂੰ ਸੈਨਾ ਦੇ ਹਰੇ ਰੰਗ ਵਿੱਚ ਰੰਗਿਆ ਜਾਵੇ। ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ 9 ਅਪ੍ਰੈਲ ਨੂੰ ਵਿੰਡਸਰ ਕਾਸਲ ਵਿੱਚ ਦੇਹਾਂਤ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਨਿਵਾਸ ਵਿੱਚ ਬੈਠ ਕੇ ਟੀਵੀ ‘ਤੇ ਅੰਤਿਮ ਸਸਕਾਰ ਦੀਆਂ ਰਸਮਾਂ ਦੇਖੀਆਂ। ਇਸ ਵਿਚਕਾਰ ਹੀਥਰੋ ਏਅਰਪੋਰਟ ਨੇ ਕਿਹਾ ਸੀ ਕਿ ਮੌਨ ਦੇ ਸਮੇਂ ਦਾ ਸਨਮਾਨ ਕਰਨ ਲਈ ਏਅਰਪੋਰਟ ‘ਤੇ ਛੇ ਮਿੰਟ ਤੱਕ ਨਾ ਕੋਈ ਜਹਾਜ਼ ਲੈਂਡ ਕਰੇਗਾ ਅਤੇ ਨਾ ਹੀ ਉਡਾਣ ਭਰੇਗਾ।