Breaking News
Home / ਦੁਨੀਆ / ਵਿਦੇਸ਼ ਜਾਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਵਿਜੇ ਮਾਲਿਆ

ਵਿਦੇਸ਼ ਜਾਣ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਮਿਲਿਆ ਸੀ : ਵਿਜੇ ਮਾਲਿਆ

ਲੰਡਨ/ਬਿਊਰੋ ਨਿਊਜ਼ : ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੈ ਮਾਲਿਆ ਨੇ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਇਆ ਸੀ। ਭਾਰਤ ਵੱਲੋਂ ਦਾਇਰ ਕੀਤੇ ਸਪੁਰਦਾਰੀ ਦੇ ਕੇਸ ਸਬੰਧੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਪੁੱਜੇ ਕਿੰਗਫਿਸ਼ਰ ਏਅਰਲਾਈਨ ਦੇ 62 ਸਾਲਾ ਸਾਬਕਾ ਮੁਖੀ ਨੇ ਇਹ ਗੱਲ ਉਦੋਂ ਆਖੀ ਜਦੋਂ ਪੱਤਰਕਾਰਾਂ ਨੇ ਉਸ ਤੋਂ ਪੁੱਛਿਆ ਕਿ ਕੀ ਦੇਸ਼ ਛੱਡਣ ਤੋਂ ਪਹਿਲਾਂ ਉਸ ਨੇ ਕੋਈ ਸੂਹ ਕੱਢੀ ਸੀ ਤਾਂ ਉਸ ਨੇ ਜਵਾਬ ਦਿੱਤਾ ”ਮੈਂ ਦੇਸ਼ ਛੱਡ ਕੇ ਗਿਆ ਸੀ ਕਿਉਂਕਿ ਮੇਰੀ ਜਨੇਵਾ ਵਿੱਚ ਮੀਟਿੰਗ ਹੋਣ ਵਾਲੀ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨੂੰ ਮਿਲਿਆ ਸਾਂ ਤੇ ਬੈਂਕਾਂ ਨਾਲ ਮਾਮਲਾ ਸੁਲਝਾਉਣ ਦੀ ਪੇਸ਼ਕਸ਼ ਕੀਤੀ ਸੀ। ਇਹ ਸੱਚ ਹੈ।” ਹਾਲਾਂਕਿ ਮਾਲਿਆ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ 2016 ਵਿੱਚ ਜਦੋਂ ਭਾਰਤ ਤੋਂ ਆਇਆ ਸੀ ਤਾਂ ਉਸ ਵੇਲੇ ਵੀ ਅਰੁਣ ਜੇਤਲੀ ਹੀ ਵਿੱਤ ਮੰਤਰੀ ਸਨ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ” ਮੈਂ ਪਹਿਲਾਂ ਹੀ ਆਖ ਚੁੱਕਿਆ ਹਾਂ ਕਿ ਮੈਨੂੰ ਸਿਆਸੀ ਖਿੱਦੋ ਬਣਾਇਆ ਜਾ ਰਿਹਾ ਹੈ। ਇਸ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਮੇਰੀ ਜ਼ਮੀਰ ਬਿਲਕੁਲ ਸਾਫ਼ ਹੈ ਅਤੇ ਮੈਂ 15000 ਕਰੋੜ ਰੁਪਏ ਦੇ ਮੁੱਲ ਦੇ ਅਸਾਸੇ ਕਰਨਾਟਕ ਹਾਈ ਕੋਰਟ ਦੀ ਟੇਬਲ ‘ਤੇ ਰੱਖੇ ਸਨ।”
2014 ਤੋਂ ਬਾਅਦ ਮਾਲਿਆ ਨੂੰ ਕਦੇ ਨਹੀਂ ਮਿਲਿਆ: ਜੇਤਲੀ
ਨਵੀਂ ਦਿੱਲੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਜੇ ਮਾਲਿਆ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ 2014 ਤੋਂ ਬਾਅਦ ਉਸ ਨੂੰ ਮਿਲਣ ਦਾ ਕਦੇ ਵੀ ਸਮਾਂ ਨਹੀਂ ਦਿੱਤਾ ਪਰ ਰਾਜ ਸਭਾ ਦੇ ਮੈਂਬਰ ਦੀ ਹੈਸੀਅਤ ਦੀ ਦੁਰਵਰਤੋਂ ਕਰਦਿਆਂ ਉਹ ਉਨ੍ਹਾਂ ਨਾਲ ਪਾਰਲੀਮੈਂਟ ਜਾਇਆ ਕਰਦਾ ਸੀ। ਫੇਸਬੁੱਕ ‘ਤੇ ਲਿਖੇ ਆਪਣੇ ਇਕ ਬਲੌਗ ਵਿੱਚ ਜੇਤਲੀ ਨੇ ਕਿਹਾ ਕਿ ਮਾਲਿਆ ਦਾ ਬਿਆਨ ਗ਼ਲਤ ਹੈ। 2014 ਤੋਂ ਬਾਅਦ ਮੈਂ ਉਸ ਨੂੰ ਮੁਲਾਕਾਤ ਲਈ ਕੋਈ ਸਮਾਂ ਨਹੀਂ ਦਿੱਤਾ ਸੀ ਤੇ ਮੇਰੇ ਨਾਲ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …