ਆਰ.ਐਸ.ਐਸ. ਤੋਂ ਸੁਚੇਤ ਰਹੇ ਸਿੱਖ ਭਾਈਚਾਰਾ : ਇਮਰਾਨ
ਕਿਹਾ – ਜੇਕਰ ਜੰਗ ਹੋਈ ਤਾਂ ਦੋਵਾਂ ਦੇਸ਼ਾਂ ਨੂੰ ਹੋਵੇਗਾ ਨੁਕਸਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਾਹੌਰ ਵਿਚ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਦੀ ਸਮਾਪਤੀ ਮੌਕੇ ਵੱਖ ਵੱਖ ਮੁਲਕਾਂ ਤੋਂ ਆਏ ਸਿੱਖ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਕੋਲ ਕਸ਼ਮੀਰ ਮਸਲਾ ਉਠਾਉਂਦਿਆਂ ਉਨ੍ਹਾਂ ਨੂੰ ਆਰਐੱਸਐੱਸ ਤੋਂ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਭਾਰਤ ਨਾਲ ਜੰਗ ਨਹੀਂ ਕਰਨਾ ਚਾਹੁੰਦੇ ਅਤੇ ਜੇਕਰ ਹਲਾਤ ਬਣੇ ਤਾਂ ਪਾਕਿਸਤਾਨ ਪਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਨਹੀਂ ਕਰੇਗਾ। ਲਾਹੌਰ ਦੇ ਗਵਰਨਰ ਹਾਊਸ ਵਿਚ ਇਮਰਾਨ ਖਾਨ ਨੇ ਦੇਸ਼ ਦੀ ਵੰਡ ਵੇਲੇ ਲੋਕਾਂ ਦੇ ਉਜਾੜੇ, ਕਸ਼ਮੀਰ ਵਿਚ ਲੋਕਾਂ ‘ਤੇ ਹੋ ਰਹੇ ਜ਼ੁਲਮ ਅਤੇ ਆਰਐੱਸਐੱਸ ਦੀ ਹਿੰਦੂਵਾਦੀ ਸੋਚ ਆਦਿ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਦੀ ਭਾਜਪਾ ਦੀ ਅਗਵਾਈ ਹੇਠਲੀ ਹਕੂਮਤ ਅੱਜ ਮੁੜ ਉਸੇ ਸੋਚ ‘ਤੇ ਕੰਮ ਕਰ ਰਹੀ ਹੈ, ਜਿਸ ਸੋਚ ਨੇ ਦੇਸ਼ ਦੀ ਵੰਡ ਕੀਤੀ ਸੀ। ਉਨ੍ਹਾਂ ਕਿਹਾ ਕਿ ਕਾਇਦੇ ਆਜ਼ਮ ਨੇ ਕੁਝ ਹਿੰਦੂ ਆਗੂਆਂ ਦੀ ਹਿੰਦੁਵਾਦੀ ਸੋਚ ਨੂੰ ਮਹਿਸੂਸ ਕਰਨ ਮਗਰੋਂ ਹੀ ਵੱਖਰੇ ਮੁਲਕ ਦੀ ਮੰਗ ਕੀਤੀ ਸੀ। ਉਨ੍ਹਾਂ ਆਰਐੱਸਐੱਸ ‘ਤੇ ਗੰਭੀਰ ਦੋਸ਼ ਲਾਏ ਅਤੇ ਉਸ ਨੂੰ ਮਨੁੱਖਤਾ ਵਿਰੋਧੀ ਗਤੀਵਿਧੀਆਂ ਵਾਲੀ ਜਥੇਬੰਦੀ ਕਰਾਰ ਦਿੱਤਾ। ਉਨ੍ਹਾਂ ਭਾਜਪਾ ਦੇ ਆਰਐੱਸਐੱਸ ਸਮਰਥਕ ਆਗੂਆਂ ਨੂੰ ਹਿਟਲਰ ਦੀ ਸੋਚ ਵਾਲੇ ਆਗੂ ਦੱਸਿਆ। ਕਸ਼ਮੀਰ ਦਾ ਮੁੱਦਾ ਉਭਾਰਦਿਆਂ ਉਨ੍ਹਾਂ ਕਿਹਾ ਕਿ ਵਾਦੀ ਵਿਚ ਚਾਰ ਹਫਤਿਆਂ ਤੋਂ ਲੋਕਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਹੈ। ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਪਾਕਿਸਤਾਨ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸਲਾਮ ਕਦੇ ਵੀ ਜ਼ਬਰਦਸਤੀ ਜਾਂ ਵਧੀਕੀ ਦਾ ਹਾਮੀ ਨਹੀਂ ਹੈ ਅਤੇ ਸਭ ਨੂੰ ਬਰਾਬਰੀ ਦਾ ਹੱਕ ਦਿੰਦਾ ਹੈ।” ਸਿੱਖਾਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਆਖਿਆ ਕਿ ਆਰਐੱਸਐੱਸ ਹਿੰਦੁਸਤਾਨ ਨੂੰ ਜਿਸ ਦਿਸ਼ਾ ਵਲ ਲੈ ਕੇ ਜਾ ਰਹੀ ਹੈ, ਉਥੇ ਕਿਸੇ ਵੀ ਹੋਰ ਮਜ਼ਹਬ ਵਾਸਤੇ ਥਾਂ ਨਹੀਂ ਹੈ। ਉਨ੍ਹਾਂ ਸਿੱਖਾਂ ਨੂੰ ਆਖਿਆ ਕਿ ਉਹ ਵੀ ਇਸ ਖਿਲਾਫ਼ ਆਵਾਜ਼ ਬੁਲੰਦ ਕਰਨ। ਪ੍ਰਧਾਨ ਮੰਤਰੀ ਨੇ ਆਖਿਆ ਕਿ ਉਨ੍ਹਾਂ ਅਹੁਦਾ ਸਾਂਭਣ ਤੋਂ ਬਾਅਦ ਭਾਰਤ ਵਲ ਦੋਸਤੀ ਦਾ ਹੱਥ ਵਧਾਇਆ ਸੀ ਪਰ ਭਾਰਤ ਵੱਲੋਂ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਸਗੋਂ ਹਰ ਵਾਰ ਸ਼ਰਤਾਂ ਰੱਖੀਆਂ ਗਈਆਂ, ਜਿਸ ਕਾਰਨ ਆਪਸੀ ਸਬੰਧ ਸੁਖਾਲੇ ਨਹੀਂ ਹੋ ਸਕੇ। ਉਨ੍ਹਾਂ ਆਖਿਆ ਕਿ ਕਸ਼ਮੀਰ ਮਸਲਾ ਵੀ ਆਪਸੀ ਗੱਲਬਾਤ ਰਾਹੀਂ ਹੱਲ ਕਰਨ ਦਾ ਸੁਨੇਹਾ ਦਿੱਤਾ ਸੀ ਪਰ ਇਸ ਨੂੰ ਵੀ ਅਣਡਿੱਠ ਕੀਤਾ ਗਿਆ। ਉਨ੍ਹਾਂ ਕਿਹਾ, ”ਦੋਵੇਂ ਦੇਸ਼ ਪਰਮਾਣੂ ਤਾਕਤਾਂ ਹਨ। ਜੇਕਰ ਜੰਗ ਹੋਈ ਤਾਂ ਦੋਵਾਂ ਨੂੰ ਨੁਕਸਾਨ ਹੋਵੇਗਾ ਪਰ ਪਾਕਿਸਤਾਨ ਕਦੇ ਵੀ ਪਹਿਲ ਨਹੀਂ ਕਰੇਗਾ।” ਸਿੱਖਾਂ ਨੂੰ ਭਰੋਸੇ ਵਿਚ ਲੈਂਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਿੱਖਾਂ ਵਾਸਤੇ ਮਦੀਨਾ ਅਤੇ ਗੁਰਦੁਆਰਾ ਨਨਕਾਣਾ ਸਾਹਿਬ ਮੱਕੇ ਵਾਂਗ ਹੈ। ਉਂਜ ਉਨ੍ਹਾਂ ਨਨਕਾਣਾ ਸਾਹਿਬ ‘ਚ ਸਿੱਖ ਕੁੜੀ ਦੇ ਹੋਏ ਧਰਮ ਤਬਦੀਲ ਮਾਮਲੇ ਦਾ ਜ਼ਿਕਰ ਨਹੀਂ ਕੀਤਾ।
ਸਿੱਖ ਤੇ ਮੁਸਲਿਮ ਭਾਈਚਾਰਾ ਮਿਲ ਕੇ ਕੰਮ ਕਰੇ : ਫਿਰਦੌਸ ਆਸ਼ਿਕ ਅਵਾਨ
ਲਾਹੌਰ : ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਹੈ ਕਿ ਦੁਨੀਆਂ ‘ਚੋਂ ਅਸਹਿਣਸ਼ੀਲਤਾ ਤੇ ਕੱਟੜਤਾ ਨੂੰ ਮਾਤ ਦੇਣ ਲਈ ਸਿੱਖਾਂ ਅਤੇ ਮੁਸਲਮਾਨਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਹੈ। ਇਥੇ ਗਵਰਨਰ ਹਾਊਸ ‘ਚ ਸ਼ਨਿੱਚਰਵਾਰ ਨੂੰ ਕੌਮਾਂਤਰੀ ਸਿੱਖ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਇਸਲਾਮ ਨਾਲ ਕਈ ਵਿਚਾਰ ਸਾਂਝੇ ਹਨ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਅਵਾਨ ਨੇ ਦਾਅਵਾ ਕੀਤਾ ਕਿ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਇਸਲਾਮ ਦੇ ਫਲਸਫ਼ੇ ‘ਤੌਹੀਦ’ (ਪਰਮਾਤਮਾ ਇਕ ਹੈ) ਤੋਂ ਪ੍ਰਭਾਵਿਤ ਸਨ। ਕਨਵੈਨਸ਼ਨ ਦਾ ਪ੍ਰਬੰਧ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਪਹਿਲ ‘ਤੇ 31 ਅਗਸਤ ਤੋਂ 2 ਸਤੰਬਰ ਤਕ ਕੀਤਾ ਗਿਆ ਤਾਂ ਜੋ ਨਵੰਬਰ ‘ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਤਿਆਰੀ ਲਈ ਸੁਝਾਅ ਇਕੱਤਰ ਕੀਤੇ ਜਾ ਸਕਣ। ਨਵੰਬਰ ‘ਚ ਭਾਰਤੀ ਸਿੱਖਾਂ ਤੋਂ ਇਲਾਵਾ ਦੁਨੀਆਂ ਭਰ ਦੇ ਹਜ਼ਾਰਾਂ ਸਿੱਖ ਕਰਤਾਰਪੁਰ ਸਾਹਿਬ ਗੁਰਦੁਆਰੇ ‘ਚ ਸੀਸ ਨਿਵਾਉਣ ਲਈ ਆਉਣਗੇ ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ ਦਿਨ ਗੁਜ਼ਾਰੇ ਸਨ। ਅਵਾਨ ਨੇ ਕਿਹਾ, ”ਆਓ ਦੁਨੀਆਂ ‘ਚੋਂ ਨਫ਼ਰਤ ਅਤੇ ਅਸਹਿਣਸ਼ੀਲਤਾ ਫੈਲਾਉਣ ਵਾਲੀਆਂ ਤਾਕਤਾਂ ਨੂੰ ਖ਼ਤਮ ਕਰੀਏ। ਇਹ ਭਾਵੇਂ ਹਰਿਮੰਦਰ ਸਾਹਿਬ ‘ਚ ਸਿੱਖਾਂ ਦਾ ਕਤਲੇਆਮ, ਕਸ਼ਮੀਰ ‘ਚ ਮੁਸਲਮਾਨਾਂ ਨੂੰ ਤਸੀਹੇ ਦੇਣ ਜਾਂ ਫਲਸਤੀਨ ‘ਚ ਜ਼ੁਲਮ ਕਰਨ ਵਾਲੀਆਂ ਤਾਕਤਾਂ ਹੋਣ।” ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕਰਤਾਰਪੁਰ ਲਾਂਘਾ ਬਣਾਏ ਜਾਣ ਦੇ ਫ਼ੈਸਲੇ ਤੋਂ ਸੰਕੇਤ ਮਿਲਦਾ ਹੈ ਕਿ ਉਹ ਪਾਕਿਸਤਾਨ ‘ਚ ਘੱਟ ਗਿਣਤੀਆਂ ਦੇ ਹੱਕਾਂ ਤੇ ਉਨ੍ਹਾਂ ਦੀ ਧਾਰਮਿਕ ਅਜ਼ਾਦੀ ਦੇ ਮੁੱਦਈ ਹਨ।
200 ਏਕੜ ‘ਚ ਉਸਾਰੀ ਜਾਵੇਗੀ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ : ਸਰਵਰ
ਪਾਕਿ ਦੀ ਧਾਰਮਿਕ ਸੈਰ-ਸਪਾਟਾ ਅਤੇ ਵਿਰਾਸਤੀ ਕਮੇਟੀ ਵਲੋਂ ਲਾਹੌਰ ‘ਚ ਗਵਰਨਰ ਹਾਊਸ ਵਿਖੇ ‘ਬਾਬਾ ਗੁਰੂ ਨਾਨਕ ਅਤੇ ਉਨ੍ਹਾਂ ਦਾ ਯੁੱਗ’ ਤਿੰਨ ਰੋਜ਼ਾ ਕੌਮਾਂਤਰੀ ਸਿੱਖ ਕਨਵੈਨਸ਼ਨ ਦੀ ਕੀਤੀ ਸ਼ੁਰੂਆਤ ਮੌਕੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਸੰਬੋਧਨ ਦੌਰਾਨ ਕਿਹਾ ਕਿ ਅੱਜ ਤੱਕ ਦੇ ਇਤਿਹਾਸ ‘ਚ ਪਹਿਲੀ ਵਾਰ ਗਵਰਨਰ ਹਾਊਸ ‘ਚ ਕੌਮਾਂਤਰੀ ਸਿੱਖ ਕਨਵੈਨਸ਼ਨ ਤੇ ਗੁਰਬਾਣੀ ਕੀਰਤਨ ਹੋਇਆ ਹੈ। ਉਨ੍ਹਾਂ ਸ੍ਰੀ ਨਨਕਾਣਾ ਸਾਹਿਬ ‘ਚ ਉਸਾਰੀ ਜਾਣ ਵਾਲੀ ਬਾਬਾ ਗੁਰੂ ਨਾਨਕ ਇੰਟਰਨੈਸ਼ਨਲ ਯੂਨੀਵਰਸਿਟੀ ਲਈ ਵਿਦੇਸ਼ੀ ਸਿੱਖਾਂ ਨੂੰ ਆਰਥਿਕ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਕਤ 60 ਏਕੜ ‘ਚ ਉਸਾਰੀ ਜਾਣ ਵਾਲੀ ‘ਵਰਸਿਟੀ ਹੁਣ 200 ਏਕੜ ‘ਚ ਉਸਾਰੀ ਜਾਵੇਗੀ। ਜਿਸ ‘ਚ ਦੁਨੀਆ ਭਰ ਤੋਂ ਹਰ ਮਜ਼ਹਬ ਦੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਸਕਣਗੇ। ਉਨ੍ਹਾਂ ਕਨਵੈੱਨਸ਼ਨ ਦੌਰਾਨ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਸਵੀਕਾਰ ਕੀਤਾ ਕਿ ਪਾਕਿਸਤਾਨ ‘ਚ ਜ਼ਿਆਦਾਤਰ ਇਤਿਹਾਸਕ ਗੁਰਦੁਆਰਿਆਂ ਤੇ ਉਨ੍ਹਾਂ ਦੀਆਂ ਜ਼ਮੀਨਾਂ ‘ਤੇ ਭੂਮੀ ਮਾਫ਼ੀਆ ਦਾ ਕਬਜ਼ਾ ਕਾਇਮ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …