Breaking News
Home / Special Story / ਬਜ਼ੁਰਗਾਂ ਦੀ ਖੁਦਕੁਸ਼ੀ ਦਾ ਕਾਰਨ ਬਣਦੇ ਹਨ ਮਜਬੂਰੀ ਤੇ ਇਕੱਲਤਾ

ਬਜ਼ੁਰਗਾਂ ਦੀ ਖੁਦਕੁਸ਼ੀ ਦਾ ਕਾਰਨ ਬਣਦੇ ਹਨ ਮਜਬੂਰੀ ਤੇ ਇਕੱਲਤਾ

ਅਜੋਕੇ ਯੁਗ ‘ਚ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਜ਼ਿੰਦਗੀ ਲੱਗਣ ਲੱਗਦੀ ਹੈ ਬੋਝ
ਚੰਡੀਗੜ੍ਹ : ਜ਼ਿੰਦਗੀ ਵਿਚਲੀਆਂ ਦੁਸ਼ਵਾਰੀਆਂ ਬੰਦੇ ਤੋਂ ਕੀ-ਕੀ ਨਹੀਂ ਕਰਵਾ ਦਿੰਦੀਆਂ। ਇਸ ਦੀ ਮਿਸਾਲ ਚੰਡੀਗੜ੍ਹ ਦੇ ਸੈਕਟਰ-40 ਦਾ ਵਸਨੀਕ 77 ਸਾਲਾ ਲਖਮੀ ਦਾਸ ਹੈ, ਜਿਸ ਨੇ ਆਪਣੀ ਪਤਨੀ ਸ਼ਸ਼ੀ ਬਾਲਾ ਨੂੰ ਬਿਮਾਰੀ ਤੋਂ ਮੁਕਤੀ ਦਿਵਾਉਣ ਲਈ ਉਸ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ।
ਇਸ ਕਤਲ ਤੇ ਖੁਦਕੁਸ਼ੀ ਦੀ ਘਟਨਾ ਨਾਲ ਸਮਾਜ ਨੂੰ ਕਈ ਤਰ੍ਹਾਂ ਦੇ ਸੁਨੇਹੇ ਮਿਲਦੇ ਹਨ, ਜਿਨ੍ਹਾਂ ਬਾਰੇ ਸੋਚਣ ਦੀ ਲੋੜ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਅਜੋਕੇ ਯੁਗ ‘ਚ ਬਜ਼ੁਰਗਾਂ ਨੂੰ ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਕਿੰਝ ਆਪਣੀ ਹੀ ਜ਼ਿੰਦਗੀ ਬੋਝ ਲੱਗਣ ਲੱਗ ਜਾਂਦੀ ਹੈ ਅਤੇ ਇਕਲਾਪਾ ਅਜਿਹੀਆਂ ਖੂਨੀ ਖੇਡਾਂ ਖੇਡਣ ਲਈ ਮਜਬੂਰ ਕਰਦਾ ਹੈ।
ਅਜਿਹੀ ਹੀ ਇਕ ਕਹਾਣੀ ਲਖਮੀ-ਬਾਲਾ ਜੋੜੀ ਦੀਆਂ ਉਨ੍ਹਾਂ ਦੇ ਸੈਕਟਰ-40 ਚੰਡੀਗੜ੍ਹ ਦੀ ਕੋਠੀ ਵਿੱਚ ਲੰਘੀ 4 ਅਗਸਤ ਨੂੰ ਮਿਲੀਆਂ ਖੂਨ ਨਾਲ ਲਥਪਥ ਲਾਸ਼ਾਂ ਬਿਆਨਦੀਆਂ ਹਨ। ਪੁਲਿਸ ਵੱਲੋਂ ਕੀਤੀ ਮੁੱਢਲੀ ਪੜਤਾਲ ਅਨੁਸਾਰ ਲਖਮੀ ਦਾਸ (77) ਨੇ ਆਪਣੀ ਪਤਨੀ ਸ਼ਸ਼ੀਬਾਲਾ (74) ਦਾ ਪਹਿਲਾਂ ਰਸੋਈ ਵਾਲੇ ਚਾਕੂ ਨਾਲ ਗਲਾ ਵੱਢਿਆ ਅਤੇ ਫਿਰ ਖੁਦ ਕਈ ਤਰ੍ਹਾਂ ਦੇ ਯਤਨਾਂ ਤੋਂ ਬਾਅਦ ਆਪਣਾ ਵੀ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ ਸੀ। ਇਸ ਘਟਨਾ ਦਾ ਦੁਖਦ ਪਹਿਲੂ ਇਹ ਹੈ ਕਿ ਪੁਲਿਸ ਨੇ ਮ੍ਰਿਤਕ ਜੋੜੇ ਦੇ ਪੁੱਤਰ ਦੇ ਬਿਆਨਾਂ ‘ਤੇ ਲਖਮੀ ਦਾਸ ਵਿਰੁੱਧ ਹੀ ਆਪਣੀ ਪਤਨੀ ਸ਼ਸ਼ੀ ਬਾਲਾ ਨੂੰ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਪੁਲਿਸ ਅਨੁਸਾਰ ਸ਼ਸ਼ੀ ਬਾਲਾ ਬਿਮਾਰ ਸੀ ਅਤੇ ਪਿਛਲੇ ਪੰਜ ਸਾਲਾਂ ਤੋਂ ਬੈੱਡ ‘ਤੇ ਹੀ ਪਈ ਸੀ। ਲਖਮੀ ਦਾਸ ਸਰਕਾਰੀ ਨੌਕਰੀ ਤੋਂ ਸੇਵਾਮੁਕਤ ਹੋਇਆ ਸੀ।
ਬਜ਼ੁਰਗਾਂ ਦੀਆਂ ਲਾਸ਼ਾਂ ਕੋਲੋਂ ਅੰਗਰੇਜ਼ੀ ਵਿੱਚ ਲਿਖਿਆ ਇਕ ਸੰਖੇਪ ਜਿਹਾ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ ਵਿੱਚ ਲਖਮੀ ਦਾਸ ਨੇ ਲਿਖਿਆ ਸੀ ਕਿ ਉਹ ਆਪਣੀ ਜ਼ਿੰਦਗੀ ਤੋਂ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ ਅਤੇ ਇਸ ਕਾਰੇ ਲਈ ਉਹ ਖੁਦ ਹੀ ਜ਼ਿੰਮੇਵਾਰ ਹਨ। ਦਰਅਸਲ ਸੈਕਟਰ 40 ਦੀ ਇਕ ਕੋਠੀ ਵਿਚ ਇਹ ਬਜ਼ੁਰਗ ਜੋੜਾ ਹੇਠਲੀ ਮੰਜ਼ਿਲ ‘ਤੇ ਰਹਿੰਦਾ ਸੀ। ਇਸ ਦੀ ਪਹਿਲੀ ਮੰਜ਼ਿਲ ‘ਤੇ ਉਨ੍ਹਾਂ ਦਾ ਪੁੱਤਰ ਰਹਿੰਦਾ ਹੈ। ਇਸ ਮਾਮਲੇ ਦੀ ਜਾਂਚ ਤੋਂ ਖੁਲਾਸਾ ਹੋਇਆ ਕਿ ਬਜ਼ੁਰਗ ਲਖਮੀ ਦਾਸ ਨੇ ਆਪਣੀ ਪਤਨੀ ਦਾ ਤਾਂ ਰਸੋਈ ਵਾਲੇ ਚਾਕੂ ਨਾਲ ਕਤਲ ਕਰ ਦਿੱਤਾ ਪਰ ਉਸ ਨੂੰ ਖੁਦਕੁਸ਼ੀ ਕਰਨ ਲਈ ਕਈ ਤਰ੍ਹਾਂ ਦੇ ਹੱਥ-ਪੈਰ ਮਾਰਨੇ ਪਏ ਸਨ। ਪਹਿਲਾਂ ਲਖਮੀ ਦਾਸ ਨੇ ਫਾਹਾ ਲਾਉਣ ਦਾ ਯਤਨ ਕੀਤਾ ਪਰ ਉਹ ਇਸ ‘ਚ ਕਾਮਯਾਬ ਨਹੀਂ ਹੋ ਸਕਿਆ। ਫਿਰ ਉਸ ਨੇ ਚਾਕੂ ਨਾਲ ਆਪਣਾ ਗਲਾ ਵੱਢਣ ਦਾ ਯਤਨ ਕੀਤਾ ਪਰ ਉਸ ਦੇ ਹੱਥ ਆਪਣੀ ਹੀ ਸ਼ਾਹ ਰਗ ਨੂੰ ਕੱਟਣ ਲਈ ਸਾਥ ਨਹੀਂ ਦੇ ਰਹੇ ਸਨ। ਪੁਲਿਸ ਦੀ ਪੜਤਾਲ ਅਨੁਸਾਰ ਇਸ ਤੋਂ ਬਾਅਦ ਲਖਮੀ ਦਾਸ ਨੇ ਸ਼ੇਵਿੰਗ ਬਲੇਡ ਨਾਲ ਆਪਣਾ ਗਲਾ ਵੱਢ ਲਿਆ। ਇਸ ਦੌਰਾਨ ਉਸ ਦੀਆਂ ਉਂਗਲਾਂ ਵੀ ਕੱਟੀਆਂ ਗਈਆਂ ਸਨ। ਚੰਡੀਗੜ੍ਹ ਦੀ ਐੱਸਐੱਸਪੀ ਨੀਲਾਂਬਰੀ ਜਗਦਲੇ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਤਾਂ ਗੱਲ ਸਾਫ਼ ਹੋ ਗਈ ਕਿ ਜੋੜੇ ਨੇ ਆਪਣੇ ਆਪ ਨੂੰ ਦੁਖਾਂ ਤੋਂ ਮੁਕਤ ਕਰਨ ਲਈ ਹੀ ਇਹ ਕਾਰਾ ਕੀਤਾ ਸੀ।
ਲਖਮੀ ਦਾਸ ਦੇ ਯਾਰਾਂ-ਦੋਸਤਾਂ ਅਤੇ ਨਜ਼ਦੀਕੀਆਂ ਅਨੁਸਾਰ ਉਹ ਬੜਾ ਹਸਮੁੱਖ ਵਿਅਕਤੀ ਸੀ ਅਤੇ ਜਿੱਥੇ ਵੀ ਜਾਂਦਾ ਸੀ ਆਪਣੀ ਹੋਂਦ ਦਰਜ ਕਰਵਾ ਦਿੰਦਾ ਸੀ। ਸਾਰੇ ਉਸ ਵੱਲੋਂ ਚੁੱਕੇ ਇਸ ਕਦਮ ਤੋਂ ਹੈਰਾਨ-ਪ੍ਰੇਸ਼ਾਨ ਹਨ ਪਰ ਇਸ ਕਤਲ ਤੇ ਖੁਦਕੁਸ਼ੀ ਦੀ ਘਟਨਾ ਖੁਦ-ਬ-ਖੁਦ ਅਜੋਕੇ ਸਮਾਜ ਵਿਚ ਪੈਦਾ ਹੋਈ ਇਕੱਲਤਾ ਅਤੇ ਹੋਰ ਕਈ ਤਰ੍ਹਾਂ ਦੇ ਖਲਾਅ ਦੀ ਦੁਰਦਸ਼ਾ ਬਿਆਨ ਰਹੀ ਹੈ।
ਪੰਜਾਬ ‘ਚ ਪਰਿਵਾਰ ਸਮੇਤ ਖੁਦਕੁਸ਼ੀਆਂ ਦੀਆਂ ਘਟਨਾਵਾਂ ਵਧੀਆਂ
ਪਟਿਆਲਾ : ਪੰਜਾਬ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਤਾਂ ਨਿੱਤ ਦਿਨ ਵਧ ਹੀ ਰਿਹਾ ਹੈ ਪਰ ਹੁਣ ਖੁਦਕੁਸ਼ੀ ਤੋਂ ਪਹਿਲਾਂ ਆਪਣਿਆਂ ਨੂੰ ਹੀ ਮੌਤ ਦੇ ਘਾਟ ਉਤਾਰਨ ਦੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨ।
ਪਟਿਆਲਾ ‘ਚ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਨੇ ਘਰੇਲੂ ਕਲੇਸ਼ ਕਾਰਨ ਆਪਣੇ ਪੁੱਤ ਅਤੇ ਪੋਤੀ ਨੂੰ ਮੌਤ ਦੇ ਘਾਟ ਉਤਾਰਨ ਮਗਰੋਂ ਖੁਦਕੁਸ਼ੀ ਕਰ ਲਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰੇਲੂ ਕਲੇਸ਼ ਕਾਰਨ ਇਸ ਵਿਅਕਤੀ ਦਾ ਇਕਲੌਤਾ ਪੁੱਤ ਆਪਣੀ ਪਤਨੀ ਤੇ ਬੱਚੀ ਸਮੇਤ ਵੱਖ ਹੋਣ ਲੱਗਾ ਸੀ। ਇਸ ਕਾਰਨ ਇਹ ਵਿਅਕਤੀ ਮਾਨਸਿਕ ਤਣਾਅ ‘ਚ ਆ ਗਿਆ ਅਤੇ ਉਸ ਨੇ ਆਪਣੇ ਪੁੱਤ ਤੇ ਪੋਤੀ ਦੀ ਹੱਤਿਆ ਕਰਨ ਮਗਰੋਂ ਖੁਦ ਨੂੰ ਵੀ ਗੋਲ਼ੀ ਮਾਰ ਲਈ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਆਪਣੀ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਇੱਕ ਮਹਿਲਾ ਨੇ ਪਟਿਆਲਾ ਸ਼ਹਿਰ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਆਪਣੀ 6 ਕੁ ਸਾਲਾ ਧੀ ਸਮੇਤ ਛਾਲ਼ ਮਾਰ ਦਿੱਤੀ ਸੀ ਪਰ ਮੌਕੇ ‘ਤੇ ਮੌਜੂਦ ਗੋਤਾਖੋਰਾਂ ਨੇ ਦੋਵਾਂ ਨੂੰ ਬਚਾਅ ਲਿਆ ਸੀ। ਇਸੇ ਤਰ੍ਹਾਂ ਇੱਥੇ ਇੱਕ ਕੋਠੀ ‘ਚ ਕੰਮ ਕਰਦੇ ਪਰਿਵਾਰ ‘ਤੇ ਮਾਲਕਾਂ ਵੱਲੋਂ ਲਾਏ ਗਏ ਕਿਸੇ ਗੰਭੀਰ ਦੋਸ਼ਾਂ ਤੋਂ ਤੰਗ ਆ ਕੇ ਨੇਪਾਲ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਬੱਚੇ ਸਮੇਤ ਭਾਖੜਾ ‘ਚ ਛਾਲ਼ ਮਾਰ ਦਿੱਤੀ ਸੀ। ਇਸ ਘਟਨਾ ‘ਚ ਉਸ ਦੀ ਤੇ ਬੱਚੇ ਦੀ ਮੌਤ ਹੋ ਗਈ ਸੀ ਪਰ ਮਹਿਲਾ ਨੂੰ ਗੋਤਾਖੋਰਾਂ ਨੇ ਬਚਾਅ ਲਿਆ ਸੀ।
ਇਸੇ ਤਰ੍ਹਾਂ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਚਾਕੂਆਂ ਨਾਲ ਹੱਤਿਆ ਮਗਰੋਂ ਖੁਦਕੁਸ਼ੀ ਕਰ ਲਈ ਸੀ। ਇਹ ਕਥਿਤ ਨਾਜਾਇਜ਼ ਸਬੰਧਾਂ ਦਾ ਮਾਮਲਾ ਸੀ। ਸਥਾਨਕ ਸ਼ਹਿਰ ਦੇ ਇੱਕ ਹੋਰ ਨੌਜਵਾਨ ਕੁਝ ਮਹੀਨੇ ਪਹਿਲਾਂ ਆਪਣੇ ਮਾਪਿਆਂ ਨੂੰ ਜ਼ਹਿਰ ਦੇ ਕੇ ਮਾਰਨ ਮਗਰੋਂ ਖੁਦ ਵੀ ਜ਼ਹਿਰ ਖਾ ਗਿਆ ਸੀ ਪਰ ਉਸ ਦੀ ਜਾਨ ਬਚ ਗਈ ਸੀ। ਇਸ ਘਟਨਾ ਦੇ ਤਫ਼ਤੀਸ਼ੀ ਅਫਸਰ ਨੇ ਦੱਸਿਆ ਸੀ ਕਿ ਨੌਜਵਾਨ ਨੇ ਇਹ ਕਦਮ ਆਰਥਿਕ ਤੰਗੀ ਕਾਰਨ ਚੁੱਕਿਆ ਸੀ।ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਰਾਜਿੰਦਰਪਾਲ ਬਰਾੜ ਨੇ ਅਜਿਹੀਆਂ ਘਟਨਾਵਾਂ ਬਾਰੇ ਕਿਹਾ ਕਿ ਸਰਮਾਏਦਾਰੀ ਨਾਲ਼ ਖਪਤ ਸੱਭਿਆਚਾਰ ਵੀ ਵੱਧ ਜਾਂਦਾ ਹੈ ਜਿਸ ਦੌਰਾਨ ਹਰ ਵਿਅਕਤੀ ਨਿੱਜੀ ਸੁਖ ਨੂੰ ਅੱਗੇ ਰੱਖ ਕੇ ਤੁਰਦਾ ਹੈ। ਇਸੇ ਕਾਰਨ ਸਾਂਝੇ ਪਰਿਵਾਰ ਟੁੱਟ ਰਹੇ ਹਨ। ਇਸ ਨਾਲ ਜਿਵੇਂ ਮਨੁੱਖ ਦਾ ਸੁੱਖ ਨਿੱਜੀ ਹੋ ਜਾਂਦਾ ਹੈ, ਉਸੇ ਤਰਾਂ ਹੀ ਦੁੱਖ ਵੀ ਨਿੱਜੀ ਬਣ ਕੇ ਰਹਿ ਜਾਂਦਾ ਹੈ ਜਿਸ ਕਾਰਨ ਉਹ ਆਪਣੇ ਆਪ ਨਾਲ਼ ਹੀ ਲੜਦਾ ਰਹਿੰਦਾ ਹੈ। ਇਹ ਵਰਤਾਰਾ ਹੀ ਫਿਰ ਲਾਵਾ ਬਣ ਕੇ ਫੁੱਟਦਾ ਹੈ। ਡਾ. ਬਰਾੜ ਨੇ ਕਿਹਾ ਕਿ ਮੱਧਵਰਗੀ ਪਰਿਵਾਰਾਂ ਵੱਲੋਂ ਬਚਪਨ ‘ਚ ਔਲਾਦ ਦੀ ਹਰ ਇੱਛਾ ਪੂਰੀ ਕਰਦੇ ਰਹਿਣ ਕਰਕੇ ਬੱਚੇ ਦੀ ਵਧੀ ਇੱਛਾ ਸ਼ਕਤੀ ਵੀ ਅੱਗੇ ਜਾ ਕੇ ਪ੍ਰੇਸ਼ਾਨੀ ਦਾ ਕਾਰਨ ਬਣਦੀ ਹੈ।
ਮਨੋਵਿਗਿਆਨੀ ਅਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਡਾ. ਬੀਐੱਸ ਸਿੱਧੂ ਦਾ ਕਹਿਣਾ ਸੀ ਕਿ ਅਜਿਹੀਆਂ ਘਟਨਾਵਾਂ ਦੇ ਪਿੱਛੇ ਆਧੁਨਿਕ ਜੀਵਨ ਸ਼ੈਲੀ, ਤਣਾਅ ਤੇ ਵਧੀਆਂ ਇੱਛਾਵਾਂ ਸਮੇਤ ਕਈ ਹੋਰ ਕਾਰਨ ਵੀ ਹਨ। ਬੇਰੁਜ਼ਗਾਰੀ ਵੀ ਇਸ ਦਾ ਇੱਕ ਕਾਰਨ ਹੈ। ਕਈ ਬੱਚੇ ਮਨ ਲਾ ਕੇ ਪੜ੍ਹਾਈ ਨਹੀਂ ਕਰਦੇ ਜਿਸ ਕਾਰਨ ਉਨ੍ਹਾਂ ਨੂੰ ਚੰਗੀ ਨੌਕਰੀ ਮਿਲਦੀ ਨਹੀਂ ਤੇ ਛੋਟੀ ਉਹ ਕਰਦੇ ਨਹੀਂ। ਮੌਕਾ ਹੱਥੋਂ ਨਿਕਲਣ ‘ਤੇ ਪਛਤਾਵਾ ਹੋਰ ਸਮੱਸਿਆਵਾਂ ਪੈਦਾ ਕਰਦਾ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕੁਦਰਤੀ ਸਮੱਸਿਆਵਾਂ ਨਾਲ ਨਜਿੱਠਣਾ ਵੀ ਜ਼ਰੂਰ ਸਿਖਾਉਣ।
ਮਨੋਰੋਗ ਨੇ ਖੁਦਕੁਸ਼ੀਆਂ ਦੇ ਰੁਝਾਨ ‘ਚ ਕੀਤਾ ਵਾਧਾ
ਅੰਮ੍ਰਿਤਸਰ : ਅੰਮ੍ਰਿਤਸਰ ‘ਚ 15 ਸਾਲ ਪਹਿਲਾਂ 2004 ਵਿੱਚ ਇਕ ਪਰਿਵਾਰ ਦੇ ਪੰਜ ਜੀਆਂ ਵੱਲੋਂ ਮੌਜੂਦਾ ਪ੍ਰਬੰਧ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਅਤੇ ਇਸ ਸਾਲ ਜੂਨ ਮਹੀਨੇ ਇਕ ਪਰਿਵਾਰ ਦੇ ਮੁਖੀ ਵੱਲੋਂ ਨਿੱਜੀ ਸਵਾਰਥ ਕਾਰਨ ਪਰਿਵਾਰ ਦੇ ਚਾਰ ਜੀਆਂ ਨੂੰ ਕਤਲ ਕਰਨ ਦੀਆਂ ਘਟਨਾਵਾਂ ਵਿਚਾਲੇ ਵੱਡਾ ਫਰਕ ਹੈ ਪਰ ਅਜਿਹੀਆਂ ਘਟਨਾਵਾਂ ਨੇ ਸਮਾਜ ਦੇ ਬੁੱਧੀਜੀਵੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਸਮਾਜ ਕਿਸ ਦਿਸ਼ਾ ਵੱਲ ਵੱਧ ਰਿਹਾ ਹੈ। ਮਨੋਵਿਗਿਆਨੀ ਅਜਿਹੇ ਰੁਝਾਨ ਨੂੰ ਇਕ ਬਿਮਾਰੀ ਤੇ ਸਮਾਜਿਕ ਕੁਰੀਤੀ ਵਜੋਂ ਦੇਖ ਰਹੇ ਹਨ।
ਅਕਤੂਬਰ 2004 ਵਿੱਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਨੇ ਚੌਕ ਮੋਨੀ ਸਥਿਤ ਆਪਣੇ ਘਰ ਵਿੱਚ ਆਪਣੇ ਦੋ ਮਾਸੂਮ ਬੱਚਿਆਂ, ਪਤਨੀ ਅਤੇ ਮਾਂ ਸਮੇਤ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਵਿਅਕਤੀ ਨੇ ਆਪਣੇ ਹੋ ਰਹੇ ਸ਼ੋਸ਼ਣ ਅਤੇ ਇਸ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲੈਣਾ ਬਿਹਤਰ ਸਮਝਿਆ। ਖੁਦਕੁਸ਼ੀ ਤੋਂ ਪਹਿਲਾਂ ਉਸ ਨੇ ਆਪਣੇ ਘਰ ਦੀਆਂ ਕੰਧਾਂ ‘ਤੇ ਖੁਦਕੁਸ਼ੀ ਨੋਟ ਵੀ ਲਿਖਿਆ ਸੀ ਜਿਸ ‘ਚ ਉਸ ਨੇ ਮੌਜੂਦਾ ਪ੍ਰਣਾਲੀ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਦਾ ਜ਼ਿਕਰ ਕੀਤਾ ਸੀ। ਇਹ ਘਟਨਾ ਬੇਸ਼ਕ ਦਿਲ ਕੰਬਾਊ ਹੈ ਪਰ ਇਹ ਸੱਚ ਹੈ ਕਿ ਮੌਜੂਦਾ ਪ੍ਰਬੰਧ ਤੋਂ ਤੰਗ ਆਏ ਇਸ ਵਿਅਕਤੀ ਦੀ ਜਦੋਂ ਸਹਿਣਸ਼ਕਤੀ ਜਵਾਬ ਦੇ ਗਈ ਤਾਂ ਉਸ ਨੇ ਇਸ ਅੱਗੇ ਹਾਰ ਮੰਨ ਲਈ।
ਹਾਲ ਵਿੱਚ 21 ਜੂਨ ਨੂੰ ਪਿੰਡ ਤੇੜਾ ਖੁਰਦ ਵਿਚ ਵਾਪਰੀ ਘਟਨਾ ਇਸ ਤੋਂ ਪੂਰੀ ਤਰ੍ਹਾਂ ਵੱਖਰੀ ਹੈ। ਇਸ ਘਟਨਾ ‘ਚ ਇਕ ਪਿਤਾ ਅਤੇ ਪਰਿਵਾਰ ਦੇ ਮੁਖੀ ਹਰਵੰਤ ਸਿੰਘ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਵਿਰੋਧ ਕਰਨ ਵਾਲੀ ਪਤਨੀ ਸਮੇਤ ਦੋ ਬੇਟਿਆਂ ਤੇ ਇਕ ਬੇਟੀ ਦਾ ਕਤਲ ਕਰ ਦਿੱਤਾ ਤੇ ਲਾਸ਼ਾਂ ਨਹਿਰ ਵਿਚ ਸੁੱਟ ਦਿੱਤੀਆਂ। ਘਟਨਾ ਨੂੰ ਅੰਜਾਮ ਦੇਣ ਮਗਰੋਂ ਇਸ ਵਿਅਕਤੀ ਨੇ ਇਹ ਢਿੰਡੋਰਾ ਪਿੱਟ ਦਿੱਤਾ ਕਿ ਉਸ ਦੇ ਪਰਿਵਾਰ ਦੇ ਚਾਰ ਜੀਅ ਲਾਪਤਾ ਹੋ ਗਏ ਹਨ। ਪਿੰਡ ਵਾਸੀਆਂ ਨੇ ਚਾਰ ਜੀਆਂ ਦੀ ਭਾਲ ਲਈ ਜਦੋਂ ਪੁਲੀਸ ‘ਤੇ ਦਬਾਅ ਪਾਇਆ ਤਾਂ ਸਚਾਈ ਸਾਹਮਣੇ ਆਈ ਕੇ ਪਰਿਵਾਰ ਦੇ ਜੀਅ ਉਸ ਦੀਆਂ ਸਮਾਜ ਵਿਰੋਧੀ ਹਰਕਤਾਂ ਦਾ ਵਿਰੋਧ ਕਰਦੇ ਸਨ ਜਿਸ ਕਾਰਨ ਉਸ ਨੇ ਆਪਣੇ ਤਿੰਨ ਬੱਚਿਆਂ ਤੇ ਪਤਨੀ ਦਾ ਵੀ ਕਤਲ ਕਰ ਦਿੱਤਾ।
ਅਜਿਹੀਆਂ ਘਟਨਾਵਾਂ ਸਬੰਧੀ ਵਿੱਦਿਆ ਸਾਗਰ ਮਨੋਰੋਗ ਹਸਪਤਾਲ ਦੇ ਡਾਇਰੈਕਟਰ ਰਹਿ ਚੁਕੇ ਉੱਘੇ ਡਾਕਟਰ ਬੀ.ਐੱਲ. ਗੋਇਲ ਦਾ ਕਹਿਣਾ ਹੈ ਕਿ ਡਿਪਰੈਸ਼ਨ, ਪਰਸਨੈਲਿਟੀ ਡਿਸਆਰਡਰ, ਸਕਿਜ਼ੋਫਰੇਨੀਆ ਆਦਿ ਨਾਲ ਜੁੜੇ ਅਜਿਹੇ ਮਨੋਰੋਗ ਹਨ, ਜਿਸ ਵਿਚ ਰੋਗੀ ਵਿਅਕਤੀ ਕਿਸੇ ਤਰ੍ਹਾਂ ਦਾ ਵੀ ਤਣਾਅ ਤੇ ਦਬਾਅ ਸਹਿਣ ਦੇ ਯੋਗ ਨਹੀਂ ਹੁੰਦਾ ਅਤੇ ਉਹ ਜਲਦੀ ਹੀ ਖੁਦਕੁਸ਼ੀ ਵਰਗਾ ਫ਼ੈਸਲਾ ਕਰ ਲੈਂਦਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਮਾਹਿਰ ਪ੍ਰੋ. ਨਵਦੀਪ ਸਿੰਘ ਤੁੰਗ ਨੇ ਕਿਹਾ ਕਿ ਜਦੋਂ ਕੋਈ ਵਿਅਕਤੀ ਵਧੇਰੇ ਮਾਨਸਿਕ ਤਣਾਅ ‘ਚੋਂ ਲੰਘ ਰਿਹਾ ਹੁੰਦਾ ਹੈ ਤਾਂ ਉਸ ਅੰਦਰ ਕਈ ਵਾਰ ਨਾਕਾਰਾਤਮਕ ਵਿਚਾਰ ਭਾਰੂ ਹੋਣ ਲੱਗ ਪੈਂਦੇ ਹਨ। ਅਜਿਹੇ ਵਿੱਚ ਉਸ ਦੀ ਸੋਚ ਨੂੰ ਸਾਕਾਰਾਤਮਕ ਦਿਸ਼ਾ ਨਾ ਮਿਲੇ ਤਾਂ ਉਹ ਵਿਅਕਤੀ ਖੁਦਕੁਸ਼ੀ ਵਰਗਾ ਫ਼ੈਸਲਾ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਪੀੜ੍ਹੀ ਸਭ ਕੁਝ ਜਲਦੀ ਹਾਸਲ ਕਰਨਾ ਚਾਹੁੰਦੀ ਹੈ। ਸਾਂਝੇ ਪਰਿਵਾਰ ਦਾ ਰੁਝਾਨ ਖਤਮ ਹੋਣ ਮਗਰੋਂ ਵਧ ਰਹੇ ਛੋਟੇ ਤੇ ਨਿੱਜੀ ਪਰਿਵਾਰ ਦੇ ਰੁਝਾਨ ਵਿੱਚ ਬੱਚਿਆਂ ਨੂੰ ਹਰ ਚੀਜ਼ ਉਸੇ ਵੇਲੇ ਮੁਹੱਈਆ ਕੀਤੀ ਜਾਂਦੀ ਹੈ। ਉਸ ਨੂੰ ਹਰ ਚੀਜ਼ ਸੁਖਾਲੇ ਅਤੇ ਤੁਰੰਤ ਪ੍ਰਾਪਤ ਕਰਨ ਦੀ ਆਦਤ ਬਣ ਜਾਂਦੀ ਹੈ ਅਤੇ ਜਦੋਂ ਬੱਚੇ ਨੂੰ ਕਿਸੇ ਗੱਲ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਇਸ ਨੂੰ ਮੁੱਦਾ ਬਣਾ ਲੈਂਦਾ ਹੈ। ਇਹੀ ਰੁਝਾਨ ਅਗਾਂਹ ਚਲ ਕੇ ਇਸ ਪੀੜ੍ਹੀ ਵਾਸਤੇ ਨੁਕਸਾਨਦੇਹ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਨੂੰ ਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਇਕ ਸਮਾਜਿਕ ਬਿਮਾਰੀ ਵਜੋਂ ਹੀ ਦੇਖਦੇ ਹਨ।

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …