Breaking News
Home / Special Story / ਉਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ

ਉਘੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ

ਸਾਬਕਾ ਮੁੱਖ ਮੰਤਰੀ ਨੇ ਫੋਰਟਿਸ ਹਸਪਤਾਲ ‘ਚ ਲਏ ਆਖ਼ਰੀ ਸਾਹ; ਪਿਛਲੇ ਇਕ ਹਫ਼ਤੇ ਤੋਂ ਸਨ ਜ਼ੇਰੇ ਇਲਾਜ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ ਅਤੇ ਮੰਗਲਵਾਰ ਦੇਰ ਸ਼ਾਮ ਨੂੰ ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਦਿਨਾਂ ਤੋਂ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਅੰਤਿਮ ਸਮੇਂ ਵੱਡੇ ਬਾਦਲ ਕੋਲ ਉਨ੍ਹਾਂ ਦੀ ਨੂੰਹ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਵੱਡੇ ਪ੍ਰਕਾਸ਼ ਸਿੰਘ ਬਾਦਲ ਸਖ਼ਤ ਬਿਮਾਰ ਹੋ ਗਏ ਸਨ। ਜਨਵਰੀ ਮਹੀਨੇ ਉਹ ਰੁਟੀਨ ਚੈੱਕਅਪ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਗਏ ਸਨ, ਜਿੱਥੇ ਉਨ੍ਹਾਂ ਦੀ ਕੋਵਿਡ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਅਤੇ ਪੀਜੀਆਈ ਹਸਪਤਾਲ ਚੰਡੀਗੜ੍ਹ ਵਿੱਚ ਦਾਖ਼ਲ ਰਹਿਣਾ ਪਿਆ ਸੀ। ਹਾਲਾਂਕਿ ਬਿਹਤਰ ਇਲਾਜ ਤੋਂ ਬਾਅਦ ਉਹ ਇਸ ਬਿਮਾਰੀ ਤੋਂ ਉੱਭਰ ਗਏ ਸਨ ਅਤੇ ਪਾਰਟੀ ਦੀ ਮਜ਼ਬੂਤੀ ਲਈ ਮੁੜ ਵਰਕਰਾਂ ਨੂੰ ਮਿਲਣਾ ਅਤੇ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਸੀ। ਕਰੀਬ ਸਵਾ ਸਾਲ ਬਾਅਦ ਹੁਣ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਦੇਸ਼ ਦੇ ਕਈ ਹੋਰਾਂ ਸੂਬਿਆਂ ਦੇ ਮੁੱਖ ਮੰਤਰੀਆਂ, ਸਿਆਸੀ ਆਗੂਆਂ ਤੇ ਰਾਜਪਾਲਾਂ ਨੇ ਵੀ ਸ੍ਰੀ ਬਾਦਲ ਦੇ ਦੇਹਾਂਤ ਉਤੇ ਅਫ਼ਸੋਸ ਜ਼ਾਹਿਰ ਕੀਤਾ ਹੈ।
ਇਸੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਮੁਹਾਲੀ ਦੇ ਫੋਰਟਿਸ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਦੁੱਖ ਸਾਂਝਾ ਕੀਤਾ। ਖੱਟਰ ਨੇ ਕਿਹਾ ਕਿ ਵੱਡੇ ਬਾਦਲ ਦੀ ਮੌਤ ਨਾਲ ਇਕ ਸਿਆਸੀ ਯੁੱਗ ਦਾ ਅੰਤ ਹੋ ਗਿਆ ਹੈ। ਉਹ ਕਿਸਾਨ ਹਿਤੈਸ਼ੀ ਆਗੂ ਸਨ। ਇਸੇ ਤਰ੍ਹਾਂ ਬਿਕਰਮ ਮਜੀਠੀਆ ਨੇ ਕਿਹਾ ਕਿ ਵੱਡੇ ਬਾਦਲ ਦੇ ਤੁਰ ਜਾਣ ਨਾਲ ਪੰਜਾਬ ਨੂੰ ਹੀ ਨਹੀਂ ਬਲਕਿ ਦੇਸ਼ ਨੂੰ ਵੱਡਾ ਘਾਟਾ ਪਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪਿਛਲੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਫੋਨ ‘ਤੇ ਗੱਲਬਾਤ ਕਰਕੇ ਵੱਡੇ ਬਾਦਲ ਦਾ ਹਾਲ ਚਾਲ ਪੁੱਛਿਆ ਸੀ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਸੀ। ਅਕਾਲੀ ਦਲ, ਲੰਬਾ ਸਮਾਂ ਭਾਜਪਾ ਦਾ ਭਾਈਵਾਲ ਰਿਹਾ ਹੈ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਾਦਲ ਪਰਿਵਾਰ ਦੇ ਚੰਗੇ ਸਬੰਧ ਰਹੇ ਹਨ। ਹਾਲਾਂਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ, ਪਰ ਇਸ ਦੇ ਬਾਵਜੂਦ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੱਡੇ ਬਾਦਲ ਨੂੰ ਪੂਰਾ ਸਤਿਕਾਰ ਦਿੰਦੀ ਸੀ।
ਪੰਜ ਵਾਰ ਬਣੇ ਪੰਜਾਬ ਦੇ ਮੁੱਖ ਮੰਤਰੀ
ਅੱਠ ਦਸੰਬਰ 1927 ਨੂੰ ਜਨਮੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਸੰਨ 1947 ਵਿਚ ਰਾਜਨੀਤੀ ਵਿਚ ਪੈਰ ਧਰਨ ਵਾਲੇ ਪ੍ਰਕਾਸ਼ ਬਾਦਲ ਪਹਿਲੀ ਵਾਰ 1970-71 ਤੱਕ, ਦੂਜੀ ਵਾਰ 1977-80 ਤੱਕ, ਤੀਜੀ ਵਾਰ 1997-2002 ਤੱਕ ਅਤੇ ਬਾਅਦ ਵਿਚ ਲਗਾਤਾਰ ਦਸ ਸਾਲ 2007-2017 ਤੱਕ ਸੂਬੇ ਦੇ ਮੁੱਖ ਮੰਤਰੀ ਬਣੇ।
ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ
ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਦੀ ਸਰਪੰਚੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਵੱਡੇ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਉਹ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੇ ਇਹ ਜ਼ਿੰਮੇਵਾਰੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਸੀ। ਉਹ ਲੋਕਾਂ ਵਿੱਚ ਕਾਫ਼ੀ ਹਰਮਨ ਪਿਆਰੇ ਆਗੂ ਵਜੋਂ ਜਾਣੇ ਜਾਂਦੇ ਸਨ। ਅਕਾਲੀ ਦਲ ਦੀ ਸਰਕਾਰ ਦੌਰਾਨ ਉਨ੍ਹਾਂ ਨੇ ਸੰਗਤ ਦਰਸ਼ਨ ਪ੍ਰੋਗਰਾਮ ਉਲੀਕ ਕੇ ਨਵੀਂ ਪਿਰਤ ਪਾਈ ਸੀ। ਉਹ ਬਹੁਤ ਅਪਣੱਤ ਨਾਲ ਆਪਣੇ ਵਰਕਰਾਂ ਨੂੰ ਮਿਲਦੇ ਸਨ ਅਤੇ ਮੁੱਖ ਮੰਤਰੀ ਹੁੰਦਿਆਂ ਵੀ ਉਹ ਕਦੇ ਕਿਸੇ ਅਧਿਕਾਰੀ ਜਾਂ ਪਾਰਟੀ ਆਗੂ ਤੇ ਵਰਕਰ ਨੂੰ ਉੱਚੀ ਆਵਾਜ਼ ਵਿੱਚ ਨਹੀਂ ਬੋਲੇ।
ਜਦ ਬਾਦਲ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ…
ਚੰਡੀਗੜ੍ਹ : ਦਸੰਬਰ 1927 ਵਿਚ ਮਲੋਟ ਨੇੜਲੇ ਅਬੁਲ ਖੁਰਾਣਾ ਪਿੰਡ ਵਿਚ ਜਨਮੇ ਬਾਦਲ ਲਾਹੌਰ ਦੇ ਫੋਰਮੈਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਟ ਹੋਏ ਸਨ। ਉਨ੍ਹਾਂ ਦੇ ਰਾਜਨੀਤਕ ਸਫ਼ਰ ਵਿਚ ਪਹਿਲਾ ਸਿਆਸੀ ਅਹੁਦਾ ਪਿੰਡ ਬਾਦਲ ਦਾ ਸਰਪੰਚ ਬਣਨਾ ਸੀ। ਮਗਰੋਂ ਉਹ ਬਲਾਕ ਸਮਿਤੀ ਦੇ ਚੇਅਰਮੈਨ ਬਣੇ। ਸੰਨ 1957 ਵਿਚ ਉਨ੍ਹਾਂ ਕਾਂਗਰਸ ਉਮੀਦਵਾਰ ਵਜੋਂ ਮਲੋਟ ਤੋਂ ਵਿਧਾਨ ਸਭਾ ਵਿਚ ਪੈਰ ਧਰਿਆ ਤੇ ਵਿਧਾਇਕ ਬਣੇ। ਇਸ ਤੋਂ ਬਾਅਦ 1969 ਵਿਚ ਉਹ ਅਕਾਲੀ ਦਲ ਦੀ ਟਿਕਟ ‘ਤੇ ਗਿੱਦੜਬਾਹਾ ਤੋਂ ਵਿਧਾਇਕ ਬਣੇ। ਜਦ ਤਤਕਾਲੀ ਮੁੱਖ ਮੰਤਰੀ ਗੁਰਨਾਮ ਸਿੰਘ ਦਲ ਬਦਲੀ ਕਰ ਕੇ ਕਾਂਗਰਸ ਵਿਚ ਚਲੇ ਗਏ ਤਾਂ ਅਕਾਲੀ ਦਲ ਦਾ ਪੁਨਰਗਠਨ ਹੋਇਆ। ਇਸ ਦੌਰਾਨ 27 ਮਾਰਚ, 1970 ਨੂੰ ਪਾਰਟੀ ਨੇ ਬਾਦਲ ਨੂੰ ਆਪਣਾ ਆਗੂ ਚੁਣ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਉਸ ਵੇਲੇ ਜਨ ਸੰਘ ਦੀ ਹਮਾਇਤ ਨਾਲ ਸੂਬੇ ਵਿਚ ਸਰਕਾਰ ਬਣਾਈ। ਉਸ ਵੇਲੇ ਬਾਦਲ ਦੇਸ਼ ਵਿਚ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਬਣੇ ਸਨ। ਹਾਲਾਂਕਿ ਉਹ ਸਰਕਾਰ ਇਕ ਸਾਲ ਤੋਂ ਕੁਝ ਸਮਾਂ ਵੱਧ ਹੀ ਚੱਲੀ। ਪਿਛਲੇ ਸਾਲ ਜਦ ਪਾਰਟੀ ਨੇ ਬਾਦਲ ਨੂੰ ਮੁਕਤਸਰ ਦੇ ਲੰਬੀ ਤੋਂ ਉਮੀਦਵਾਰ ਬਣਾਇਆ ਤਾਂ ਉਹ ਦੇਸ਼ ਵਿਚ ਚੋਣ ਲੜਨ ਵਾਲੇ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਵੀ ਬਣੇ।
ਸਿਆਸੀ ਬੋਹੜ ਦੀ ਛਾਂ ਤੋਂ ਵਿਹੂਣੀ ਹੋਈ ਅਕਾਲੀ ਰਾਜਨੀਤੀ
ਪੰਥ ਰਤਨ ‘ਫ਼ਖਰ-ਏ-ਕੌਮ’ ਅਤੇ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਹੋਏ ਸਨ ਪ੍ਰਕਾਸ਼ ਸਿੰਘ ਬਾਦਲ
ਲੰਬੀ/ਬਿਊਰੋ ਨਿਊਜ਼ : ਪੰਥਕ ਅਤੇ ਅਕਾਲੀ ਰਾਜਨੀਤੀ ਪ੍ਰਕਾਸ਼ ਸਿੰਘ ਬਾਦਲ ਜਿਹੇ ਵੱਡੇ ਸਿਆਸੀ ਬਾਬਾ ਬੋਹੜ ਦੀ ਛਤਰ ਛਾਇਆ ਤੋਂ ਵਿਹੂਣੀ ਹੋ ਗਈ ਹੈ ਜੋ ਪੰਜ ਵਾਰ ਮੁੱਖ ਮੰਤਰੀ ਰਹੇ ਸਨ। ਪਿੰਡ-ਪਿੰਡ ਅਤੇ ਘਰ-ਘਰ ਸੰਗਤ ਦਰਸ਼ਨ ਕਰਕੇ ਮਸਲੇ ਹੱਲ ਕਰਨ ਵਾਲਾ ਲੋਕ ਆਗੂ ਹੁਣ ਕਦੇ ਮੁੜ ਕੇ ਨਹੀਂ ਆਉਣਾ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ ਬਾਦਲ ਦੀ ਸਰਪੰਚੀ ਤੋਂ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ, 1927 ਨੂੰ ਨਾਨਕੇ ਪਿੰਡ ਅਬੁਲ ਖੁਰਾਣਾ ਵਿਚ ਪਿਤਾ ਰਘੁਰਾਜ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮ ਲਿਆ। ਉਨ੍ਹਾਂ ਐਫ਼.ਏ. ਤੱਕ ਪੜ੍ਹਾਈ ਐਫ.ਸੀ ਕਾਲਜ ਲਾਹੌਰ ਤੋਂ ਕੀਤੀ। ਉਹ ਹੋਰ ਪੜ੍ਹ ਕੇ ਸਰਕਾਰੀ ਅਫ਼ਸਰ ਲੱਗਣਾ ਚਾਹੁੰਦੇ ਸਨ ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਮਗਰੋਂ ਉਹ ਪੰਚਾਇਤ ਸਮਿਤੀ ਲੰਬੀ ਦੇ ਚੇਅਰਮੈਨ ਚੁਣੇ ਗਏ।
ਉਨ੍ਹਾਂ 1957 ਵਿੱਚ ਪਹਿਲੇ ਵੱਡੇ ਸਿਆਸੀ ਕਦਮ ਤਹਿਤ ਮਲੋਟ ਹਲਕੇ ਤੋਂ ਪਹਿਲੀ ਦਫ਼ਾ ਵਿਧਾਨ ਸਭਾ ਚੋਣ ਜਿੱਤੀ। ਇਸ ਮਗਰੋਂ 1969 ਵਿੱਚ ਵੀ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ-ਜਨਸੰਘ ਗੱਠਜੋੜ ਸਰਕਾਰ ਵਿੱਚ ਮੰਤਰੀ ਰਹੇ। ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਵਾਸੀ ਚੱਕ ਫਤਹਿ ਸਿੰਘ ਵਾਲਾ ਨਾਲ ਹੋਇਆ। ਉਹ ਪਹਿਲੀ ਵਾਰ 1970 ਵਿੱਚ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਚੁਣੇ ਗਏ। ਉਹ ਪੰਜ ਵਾਰ ਮੁੱਖ ਮੰਤਰੀ ਰਹੇ। ਉਹ ਮਲੋਟ, ਗਿੱਦੜਬਾਹਾ ਤੇ ਲੰਬੀ ਹਲਕੇ ਤੋਂ ਦਸ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਪੰਜਾਬ ਦੇ ਹਿੱਤਾਂ ਲਈ ਜੇਲ੍ਹ ਵੀ ਕੱਟੀ। ਉਹ 1995 ਤੋਂ 31 ਜਨਵਰੀ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। ਉਨ੍ਹਾਂ ਅਕਾਲੀ ਦਲ ਨੂੰ ਹਰੇਕ ਔਖੀ ਘੜੀ ਵਿੱਚੋਂ ਬੇਬਾਕੀ ਨਾਲ ਕੱਢ ਕੇ ਮੁੜ ਤੋਂ ਸਿਖ਼ਰ ਤੱਕ ਪਹੁੰਚਾਇਆ। ਬਾਦਲ 11 ਦਸੰਬਰ 2011 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ‘ਫ਼ਖਰ-ਏ-ਕੌਮ’ ਨਾਲ ਸਨਮਾਨਤ ਕੀਤੇ ਗਏ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 2015 ‘ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ‘ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ ਪਰ ਸੱਤ ਸਾਲ ਦੇ ਅਰਸੇ ਮਗਰੋਂ ਉਹ ਮੁਹਾਲੀ ਅਦਾਲਤ ਵਿੱਚੋਂ ਬਾ-ਇੱਜ਼ਤ ਬਰੀ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਖੁਦ ਦਿਨ ਵਿੱਚ ਦੋ ਵਾਰ ਨਿੱਤਨੇਮ ਅਤੇ ਨਾਮ ਸਿਮਰਨ ਕਰਦੇ ਸਨ। ਵਡੇਰੀ ਉਮਰ ‘ਚ ਨਿੱਤ ਕਸਰਤ ਕਰਨਾ ਉਨ੍ਹਾਂ ਦੇ ਅਖ਼ੀਰਲੇ ਦਿਨਾਂ ਤੱਕ ਜ਼ਿੰਦਗੀ ਦਾ ਹਿੱਸਾ ਰਿਹਾ। ਪਿਛਲੇ ਕੁੱਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਉਹ ਘਰ ਵਿੱਚ ਇਕਾਂਤਵਾਸ ਵਾਲੇ ਮਾਹੌਲ ਵਿੱਚ ਵਿਚਰਦੇ ਸਨ ਜੋ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।
ਪ੍ਰਕਾਸ਼ ਸਿੰਘ ਬਾਦਲ ਦਾ ਸਤਿਕਾਰ ਪੂਰੇ ਦੇਸ਼ ਵਿਚ ਸੀ : ਦਰੋਪਦੀ ਮੁਰਮੂ
ਪ੍ਰਕਾਸ਼ ਸਿੰਘ ਬਾਦਲ ਦੇਸ਼ ਦੇ ਕੱਦਾਵਰ ਆਗੂਆਂ ਵਿਚੋਂ ਇਕ ਸਨ। ਆਪਣੇ ਮਿਸਾਲੀ ਕਰੀਅਰ ਦੌਰਾਨ ਭਾਵੇਂ ਉਹ ਬਹੁਤ ਸਮਾਂ ਪੰਜਾਬ ਤੱਕ ਸੀਮਤ ਰਹੇ, ਪਰ ਉਨ੍ਹਾਂ ਦਾ ਸਤਿਕਾਰ ਪੂਰੇ ਦੇਸ਼ ਵਿੱਚ ਸੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਇਕ ਖਲਾਅ ਪੈਦਾ ਹੋ ਗਿਆ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨਾਲ ਹਨ।
ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਦੁਖ਼ ਜ਼ਾਹਿਰ ਕੀਤਾ ਹੈ। ਮਾਨ ਨੇ ਇਕ ਟਵੀਟ ਵਿੱਚ ਕਿਹਾ, ”ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਮਿਲੀ…ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ‘ਚ ਥਾਂ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ…ਵਾਹਿਗੁਰੂ ਵਾਹਿਗੁਰੂ।
ਪੰਜਾਬੀਆਂ ਦੇ ਹਮਦਰਦ ਸਨ ਬਾਦਲ : ਹਰਜਿੰਦਰ ਸਿੰਘ ਧਾਮੀ
ਪ੍ਰਕਾਸ਼ ਸਿੰਘ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਸੱਚੇ ਹਮਦਰਦ ਸਨ। ਉਨ੍ਹਾਂ ਪੰਜਾਬ ਦੇ ਹੱਕਾਂ ਤੇ ਹਿਤਾਂ ਲਈ ਲੰਬਾ ਸਮਾਂ ਜੇਲ੍ਹ ਕੱਟੀ। ਉਹ ਕਿਸਾਨਾਂ ਦੇ ਤਰਜਮਾਨ ਅਤੇ ਪੰਥਕ ਤੇ ਸਿੱਖ ਸਿਆਸਤ ਦੇ ਮੋਹਰੀ ਆਗੂ ਸਨ। ਕਈ ਦਹਾਕੇ ਰਾਜਨੀਤੀ ਵਿਚ ਬਣੇ ਰਹਿਣਾ ਅਤੇ ਅਕਾਲੀ ਸਿਆਸਤ ਨੂੰ ਅਗਵਾਈ ਦੇਣਾ ਉਨ੍ਹਾਂ ਦੀਆਂ ਅਹਿਮ ਪ੍ਰਾਪਤੀਆਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹਾਂ। ‘ਬਾਦਲ ਸਾਹਿਬ’ ਪਾਰਟੀਆਂ ਦੇ ਵਖ਼ਰੇਵਿਆਂ ਤੋਂ ਉਤੇ ਇਕ ਸਤਿਕਾਰਤ ਸ਼ਖ਼ਸੀਅਤ ਸਨ। ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।
ਰਾਹੁਲ ਗਾਂਧੀ ਤੇ ਹੋਰਾਂ ਵੱਲੋਂ ਬਾਦਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ : ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਭਾਰਤ ਦੀ ਸਿਆਸਤ ਵਿੱਚ ਇਕ ਦੌਰ ਦਾ ਅੰਤ ਹੋ ਗਿਆ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ,’ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਦੀ ਖਬਰ ਬੇਹੱਦ ਦੁਖਦਾਈ ਹੈ। ਮੈਂ ਸੁਖਬੀਰ ਸਿੰਘ ਬਾਦਲ ਸਣੇ ਸਾਰੇ ਪਰਿਵਾਰ ਤੇ ਸਮਰਥਕਾਂ ਨਾਲ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।’ ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।

 

Check Also

ਕੇਜਰੀਵਾਲ ਦੀ ਗ੍ਰਿਫ਼ਤਾਰੀ ਵਿਰੁੱਧ ਦੇਸ਼-ਵਿਦੇਸ਼ਾਂ ‘ਚ ਭੁੱਖ ਹੜਤਾਲ

ਭਾਰਤ ਦੀ ਆਜ਼ਾਦੀ ਅਤੇ ਸੰਵਿਧਾਨ ਖ਼ਤਰੇ ‘ਚ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ …