Breaking News
Home / ਦੁਨੀਆ / ਜੋਅ ਬਾਇਡਨ ਤੇ ਕਮਲਾ ਹੈਰਿਸ ਮੁੜ ਚੋਣ ਮੈਦਾਨ ‘ਚ ਨਿੱਤਰਨਗੇ

ਜੋਅ ਬਾਇਡਨ ਤੇ ਕਮਲਾ ਹੈਰਿਸ ਮੁੜ ਚੋਣ ਮੈਦਾਨ ‘ਚ ਨਿੱਤਰਨਗੇ

ਬਾਇਡਨ ਨੇ ਅਮਰੀਕੀਆਂ ਕੋਲੋਂ ਮੰਗਿਆ ਹੋਰ ਸਮਾਂ
ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਜੋਅ ਬਾਇਡਨ (80) ਨੇ ਕਿਹਾ ਕਿ ਉਹ ਤੇ ਉਨ੍ਹਾਂ ਦੀ ਡਿਪਟੀ ਕਮਲਾ ਹੈਰਿਸ 2024 ਵਿੱਚ ਮੁੜ ਚੋਣ ਮੈਦਾਨ ਵਿੱਚ ਨਿੱਤਰਨਗੇ। ਬਾਇਡਨ ਨੇ ਅਮਰੀਕੀਆਂ ਤੋਂ ਹੋਰ ਸਮਾਂ ਮੰਗਦਿਆਂ ਕਿਹਾ ਕਿ ‘ਕੰਮ ਪੂਰਾ ਕਰਨ ਲਈ’ ਅਜੇ ਹੋਰ ਸਮੇਂ ਦੀ ਲੋੜ ਹੈ। ਬਾਇਡਨ 2020 ਵਿੱਚ ਡੋਨਲਡ ਟਰੰਪ ਨੂੰ ਹਰਾ ਕੇ ਅਮਰੀਕੀ ਇਤਿਹਾਸ ਵਿੱਚ ਮੁਲਕ ਦੇ ਸਭ ਤੋਂ ਉਮਰ ਦਰਾਜ਼ ਰਾਸ਼ਟਰਪਤੀ ਬਣੇ ਸਨ।
ਬਾਇਡਨ ਨੇ ਉਪਰੋਕਤ ਐਲਾਨ ਤਿੰਨ ਮਿੰਟ ਦੇ ਪ੍ਰਮੋਸ਼ਨਲ ਵੀਡੀਓ ਵਿੱਚ ਕੀਤਾ ਹੈ, ਜੋ ਇਕਹਿਰੇ ਸ਼ਬਦ- ਆਜ਼ਾਦੀ ਨਾਲ ਸ਼ੁਰੂ ਹੁੰਦਾ ਹੈ। ਬਾਇਡਨ ਨੇ ਦਲੀਲ ਦਿੱਤੀ ਕਿ ਗਰਭਪਾਤ ਦਾ ਹੱਕ, ਜਮਹੂਰੀਅਤ ਦੀ ਰੱਖਿਆ, ਵੋਟ ਦਾ ਅਧਿਕਾਰ ਤੇ ਸਮਾਜਿਕ ਸੁਰੱਖਿਆ ਦਾ ਤਾਣਾ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸਭ ਤੋਂ ਅਹਿਮ ਮੁੱਦੇ ਹੋਣਗੇ। ਅਮਰੀਕੀ ਸਦਰ ਨੇ ਕਿਹਾ, ”ਹਰੇਕ ਪੀੜ੍ਹੀ ਕੋਲ ਇਕ ਪਲ ਆਉਂਦਾ ਹੈ ਜਦੋਂ ਉਨ੍ਹਾਂ ਜਮਹੂਰੀਅਤ ਲਈ ਖੜ੍ਹਨਾ ਹੁੰਦਾ ਹੈ। ਆਪਣੇ ਮੌਲਿਕ ਅਧਿਕਾਰਾਂ ਲਈ ਖੜ੍ਹਨਾ ਹੁੰਦਾ ਹੈ। ਮੇਰਾ ਮੰਨਣਾ ਹੈ ਕਿ ਇਹ ਸਾਡਾ ਮੌਕਾ ਹੈ। ਇਹੀ ਵਜ੍ਹਾ ਹੈ ਕਿ ਮੈਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਮੁੜ ਲੜਾਂਗਾ। ਸਾਡੇ ਨਾਲ ਜੁੜੋ।
ਆਓ ਇਸ ਕੰਮ ਨੂੰ ਨੇਪਰੇ ਚਾੜ੍ਹੀਏ।” ਉਪ ਰਾਸ਼ਟਰਪਤੀ ਕਮਲਾ ਹੈਰਿਸ, ਜੋ ਭਾਰਤੀ ਮੂਲ ਦੀ ਅਮਰੀਕੀ ਹੈ, 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਬਾਇਡਨ ਦੇ ਡਿਪਟੀ ਵਜੋਂ ਮੁੜ ਕਿਸਮਤ ਅਜ਼ਮਾਉਣਗੇ।
ਵੀਡੀਓ ਵਿਚ ਬਾਇਡਨ ਨੇ 2024 ਦੀਆਂ ਚੋਣਾਂ ਨੂੰ ਰਿਪਬਲਿਕਨਾਂ ਦੇ ਕੱਟੜਵਾਦ ਖਿਲਾਫ਼ ਲੜਾਈ ਦੱਸਦਿਆਂ ਕਿਹਾ ਕਿ ਦੇਸ਼ ਦੇ ਕਿਰਦਾਰ ਨੂੰ ਮੁੜ ਬਹਾਲ ਕਰਨ ਲਈ ਉਨ੍ਹਾਂ ਜਿਹੜੀ ਸਹੁੰ ਖਾਧੀ ਸੀ, ਉਸ ਨੂੰ ਪੂਰੀ ਤਰ੍ਹਾਂ ਹਕੀਕੀ ਰੂਪ ਦੇਣ ਲਈ ਅਜੇ ਉਨ੍ਹਾਂ ਨੂੰ ਹੋਰ ਸਮੇਂ ਦੀ ਲੋੜ ਹੈ। ਬਾਇਡਨ ਨਵੰਬਰ ਵਿੱਚ 80 ਸਾਲ ਦੇ ਹੋ ਗਏ ਸਨ ਤੇ ਜੇਕਰ 2024 ਵਿੱਚ ਮੁੜ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਦੇ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਹੋਣਗੇ। ਉਪ ਰਾਸ਼ਟਰਪਤੀ ਹੈਰਿਸ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀਅਤ ਦੀ ਲੜਾਈ ਲਈ ਇਕਜੁੱਟ ਹੋਣ।

Check Also

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਪੁੱਤਰ ਹੰਟਰ ਨੂੰ ਦਿੱਤੀ ਮਾਫੀ

ਹੰਟਰ ਨੂੰ ਦੋ ਦਿਨ ਬਾਅਦ ਮਿਲਣ ਵਾਲੀ ਸੀ ਸਜ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ …