Breaking News
Home / ਦੁਨੀਆ / ਹਾਫਿਜ਼ ਸਈਦ ਦਾ ਸਮਰਥਕ ਹਾਂ : ਮੁਸ਼ੱਰਫ਼

ਹਾਫਿਜ਼ ਸਈਦ ਦਾ ਸਮਰਥਕ ਹਾਂ : ਮੁਸ਼ੱਰਫ਼

ਕਰਾਚੀ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਤੇ ਤਾਨਾਸ਼ਾਹ ਪਰਵੇਜ਼ ਮੁਸ਼ੱਰਫ਼ ਨੇ ਖੁਦ ਨੂੰ ਲਸ਼ਕਰੇ ਤੋਇਬਾ ਤੇ ਇਸ ਦੇ ਬਾਨੀ ਹਾਫ਼ਿਜ਼ ਸਈਦ ਦਾ ‘ਸਭ ਤੋਂ ਵੱਡਾ ਸਮਰਥਕ’ ਦੱਸਦਿਆਂ ਕਿਹਾ ਕਿ ਉਹ ਇਸ ਦਹਿਸ਼ਤੀ ਜਥੇਬੰਦੀ ਵੱਲੋਂ ਕਸ਼ਮੀਰ ਵਿੱਚ ਭਾਰਤੀ ਫ਼ੌਜ ਨੂੰ ‘ਨੱਪਣ’ ਲਈ ਨਿਭਾਈ ਜਾ ਰਹੀ ਭੂਮਿਕਾ ਦੀ ਖੁੱਲ੍ਹ ਕੇ ਹਮਾਇਤ ਕਰਦਾ ਹੈ। ਸਾਬਕਾ ਥਲ ਸੈਨਾ ਮੁਖੀ ਤੇ ਦੁਬਈ ਵਿੱਚ ਸਵੈ-ਜਲਾਵਤਨੀ ਹੰਢਾ ਰਹੇ ਮੁਸ਼ੱਰਫ਼ ਨੇ ਕਿਹਾ ਕਿ ਮੁੰਬਈ ਹਮਲਿਆਂ ਦਾ ਮੁੱਖ ਸਾਜ਼ਿਸ਼ਘਾੜਾ ਸਈਦ ਕਸ਼ਮੀਰ ਵਿੱਚ ਭਾਰਤੀ ਫ਼ੌਜ ਖ਼ਿਲਾਫ਼ ਜਾਰੀ ਸਰਗਰਮੀਆਂ ਵਿਚ ਸ਼ੁਮਾਰ ਹੈ ਤੇ ਉਹ ਇਸ ਸ਼ਮੂਲੀਅਤ ਦੀ ਹਮਾਇਤ ਕਰਦੇ ਹਨ। ਹਾਲ ਹੀ ਵਿੱਚ 23 ਸਿਆਸੀ ਪਾਰਟੀਆਂ ਦੇ ਮਹਾਂਗੱਠਜੋੜ ਦਾ ਐਲਾਨ ਕਰਨ ਵਾਲੇ ਮੁਸ਼ੱਰਫ਼ ਨੇ ਕਿਹਾ ਕਿ ਉਹ ਹਮੇਸ਼ਾਂ ਜੰਮੂ-ਕਸ਼ਮੀਰ ਵਿੱਚ ਕਾਰਵਾਈ ਦੇ ਮੁਦੱਈ ਰਹੇ ਹਨ ਤੇ ਚਾਹੁੰਦੇ ਹਨ ਕਿ ਕਸ਼ਮੀਰ ਵਿਚ ਭਾਰਤੀ ਫ਼ੌਜ ਨੂੰ ਦਬਾ ਕੇ ਰੱਖਿਆ ਜਾਵੇ। ਮੁਸ਼ੱਰਫ਼ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਦਹਿਸ਼ਤੀ ਜਥੇਬੰਦੀ ਅਤੇ ਸਈਦ ਦੀ ਅਗਵਾਈ ਵਾਲੀ ਜਥੇਬੰਦੀ ਜਮਾਤ ਉਦ ਦਾਵਾ ਵੀ ਉਸ ਨੂੰ ਪਸੰਦ ਕਰਦੇ ਹਨ। ਲਸ਼ਕਰੇ ਤੋਇਬਾ ‘ਤੇ ਉਨ੍ਹਾਂ ਦੇ ਕਾਰਜਕਾਲ ਵਿਚ ਹੀ ਪਾਬੰਦੀਆਂ ਆਇਦ ਕੀਤੇ ਜਾਣ ਬਾਰੇ ਪੁੱਛੇ ਜਾਣ ‘ਤੇ ਮੁਸ਼ੱਰਫ਼ ਨੇ ਕਿਹਾ ਕਿ ਉਦੋਂ ਹਾਲਾਤ ਕੁਝ ਹੋਰ ਸਨ। ਸਾਬਕਾ ਫ਼ੌਜ ਮੁਖੀ ਦੀਆਂ ਉਪਰੋਕਤ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਪਾਕਿਸਤਾਨ ਸਰਕਾਰ ਨੇ ਇਸ ਸਾਲ ਜਨਵਰੀ ਤੋਂ ਘਰ ਵਿੱਚ ਨਜ਼ਰਬੰਦ ਸਈਦ ਨੂੰ ਰਿਹਾਅ ਕਰ ਦਿੱਤਾ ਹੈ।

ਸਈਦ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ

ਵਾਸ਼ਿੰਗਟਨ : ਅਮਰੀਕਾ ਦੇ ਚੋਟੀ ਦੇ ਸਾਬਕਾ ਜਾਸੂਸੀ ਅਧਿਕਾਰੀ ਨੇ ਕਿਹਾ ਕਿ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਦੋਸ਼ੀ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ ਅਤੇ ਉਹ ਕੱਟੜਵਾਦ ਨੂੰ ਪਾਕਿਸਤਾਨ ਦੀ ਮੁੱਖਧਾਰਾ ਵਾਲੀ ਰਾਜਨੀਤੀ ਵਿਚ ਲਿਆਉਣਾ ਚਾਹੁੰਦਾ ਹੈ। ਜਮਾਤ ਉਦ-ਦਾਵਾ ਦੇ ਮੁਖੀ ਅਤੇ ਲਸ਼ਕਰੇ ਤਾਇਬਾ ਦੇ ਬਾਨੀ ਜਿਸ ਦੇ ਸਿਰ ‘ਤੇ ਅਮਰੀਕਾ ਨੇ ਇਕ ਕਰੋੜ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ, ਨੂੰ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ ਸੀ। ਸੀ. ਆਈ.ਏ. ਦੇ ਸਾਬਕਾ ਡਿਪਟੀ ਡਾਇਰੈਕਟਰ ਮਾਈਕਲ ਮੋਰੇਲ ਜਿਸ ਨੇ ਇਸ ਦੇ ਐਕਟਿੰਗ ਡਾਇਰੈਕਟਰ ਵਜੋਂ ਦੋ ਵਾਰ ਸੇਵਾ ਨਿਭਾਈ, ਨੇ ਟਵੀਟ ਕਰਦਿਆਂ ਕਿਹਾ ਕਿ ਸਈਦ ਅੱਤਵਾਦੀ ਹੈ। ਉਸ ਨੇ ਕਸ਼ਮੀਰੀ ਅੱਤਵਾਦੀ ਸੰਗਠਨ ਲਸ਼ਕਰੇ ਤਾਇਬਾ ਅਤੇ ਅਲਕਾਇਦਾ ਦੇ ਹਮਲਿਆਂ ਲਈ ਕੰਮ ਕੀਤਾ ਹੈ। ਸੰਯੁਕਤ ਰਾਸ਼ਟਰ ਅਤੇ ਅਮਰੀਕਾ ਵਲੋਂ ਮਨੋਨੀਤ ਅੱਤਵਾਦੀ ਸਈਦ ਨੂੰ ਲਾਹੌਰ ਵਿਚ ਘਰ ‘ਚ ਨਜ਼ਰਬੰਦੀ ਤੋਂ ਰਿਹਾਅ ਕੀਤੇ ਜਾਣ ਪਿੱਛੋਂ ਉਨ੍ਹਾਂ ਕਿਹਾ ਕਿ ਉਸ ਦੇ ਹੱਥ ਖੂਨ ਨਾਲ ਰੰਗੇ ਹੋਏ ਹਨ।

ਸੰਘਰਸ਼  ਡਿਸਡੈਂਟਸ ਆਫ ਕਾਮਾਗਾਟਾਮਾਰੂ ਸੁਸਾਇਟੀ ਦੇ 8 ਸਾਲ ਦੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਨੇ ਮੰਗੀ ਸੀ ਮੁਆਫੀ

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …