ਮਾਹਿਰਾਂ ਦਾ ਕਹਿਣਾ – ਅੱਗ ਸਬੰਧੀ ਚਿਤਾਵਨੀ ਨੂੰ ਕੀਤਾ ਗਿਆ ਨਜ਼ਰ ਅੰਦਾਜ਼
ਕੈਨਬਰਾ ; ਸਿਡਨੀ ਯੂਨੀਵਰਸਿਟੀ ਦੇ ਸਕੂਲ ਆਫ਼ ਲਾਈਫ਼ ਐਾਡ ਇਨਵਾਇਰਨਮੈਂਟ ਸਾਇੰਸਜ਼ ‘ਚ ਟੇਰੇਸਟ੍ਰੀਅਲ ਈਕੋਲਾਜੀ ਦੇ ਪ੍ਰੋਫੈਸਰ ਅਤੇ ਆਸਟ੍ਰੇਲੀਅਨ ਅਕੈਡਮੀ ਆਫ਼ ਸਾਇੰਸ ਦੇ ਫੈਲੋ ਕ੍ਰਿਸਟੋਫਰ ਡਿਕਮੈਨ ਦਾ ਦਾਅਵਾ ਹੈ ਕਿ ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਸਬੰਧੀ ਪਹਿਲਾਂ ਤੋਂ ਦਿੱਤੀ ਗਈ ਚਿਤਾਵਨੀ ਨੂੰ ਨਜ਼ਰ ਅੰਦਾਜ਼ ਕੀਤਾ ਗਿਆ, ਜਿਸ ਕਾਰਨ ਆਸਟ੍ਰੇਲੀਆ ‘ਚ ਇੰਨਾ ਨੁਕਸਾਨ ਹੋਇਆ। ਟਾਈਮਜ਼ ਈਵੋਕ ਵੈੱਬਸਾਈਟ ਨਾਲ ਡਿਕਮੈਨ ਨੇ ਇਸ ਗੱਲ ‘ਤੇ ਚਿੰਤਾ ਪ੍ਰਗਟਾਈ ਕਿ ਵਾਤਾਵਰਨ ਤਬਦੀਲੀ ਦੇ ਚੱਲਦਿਆਂ ਇਨਸਾਨਾਂ ‘ਤੇ ਜੋ ਪ੍ਰਭਾਵ ਪਵੇਗਾ, ਉਸ ਦਾ ਅਸਰ ਕਿਤੇ ਜ਼ਿਆਦਾ ਖ਼ਤਰਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਇਹ ਮੁਲਾਂਕਣ ਕਰ ਰਹੇ ਸੀ ਕਿ ਵਾਤਾਵਰਨ ਤਬਦੀਲੀ ਕਾਰਨ ਦੱਖਣੀ ਆਸਟ੍ਰੇਲੀਆ ‘ਚ ਗਰਮੀ ਵਧਦੀ ਜਾ ਰਹੀ ਹੈ ਅਤੇ ਨਮੀ ਖ਼ਤਮ ਹੋ ਰਹੀ ਹੈ। ਹਰ ਜਗ੍ਹਾ ‘ਤੇ ਬਹੁਤ ਜ਼ਿਆਦਾ ਠੰਢ ਜਾਂ ਬਹੁਤ ਜ਼ਿਆਦਾ ਗਰਮ ਮੌਸਮ ਦੇ ਨਾਲ ਸੋਕਾ ਅਤੇ ਅਚਾਨਕ ਬਾਰਿਸ਼ ਵਰਗੇ ਹਾਲਾਤ ਵੀ ਦੇਖਣ ‘ਚ ਆਏ ਹਨ। 2019 ‘ਚ ਆਸਟ੍ਰੇਲੀਆ ਦੇ ਮੌਸਮ ‘ਚ ਸਭ ਤੋਂ ਜ਼ਿਆਦਾ ਗਰਮੀ ਅਤੇ ਸੋਕਾ ਰਿਕਾਰਡ ਕੀਤਾ ਗਿਆ। ਇਸ ਕਾਰਨ ਜੰਗਲਾਂ ‘ਚ ਸੌਖਿਆਂ ਹੀ ਅੱਗ ਲੱਗ ਗਈ। ਇਨ੍ਹਾਂ ਸਬੰਧੀ 2008 ‘ਚ ਹੀ ਭਵਿੱਖਵਾਣੀ ਕਰ ਦਿੱਤੀ ਗਈ ਸੀ। ਉਸੇ ਸਮੇਂ ਅੰਦਾਜ਼ਾ ਲਗਾਇਆ ਗਿਆ ਸੀ ਕਿ 2020 ਦੇ ਆਸਪਾਸ ਜੰਗਲਾਂ ‘ਚ ਭਿਆਨਕ ਅੱਗ ਲੱਗ ਸਕਦੀ ਹੈ। ਡਿਕਮੈਨ ਨੇ ਕਿਹਾ ਕਿ ਉਹ ਅਜੇ ਵੀ ਇਸ ‘ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੈਂਕੜੇ ਅਰਬ ਪ੍ਰਜਾਤੀਆਂ ਨੂੰ ਨੁਕਸਾਨ ਪੁੱਜਾ ਹੈ, ਜੋ ਸਿਰਫ਼ ਆਸਟ੍ਰੇਲੀਆ ‘ਚ ਪਾਈਆਂ ਜਾਂਦੀਆਂ ਸਨ। ਨਿਊ ਸਾਊਥ ਵੇਲਜ਼ ਤੋਂ 80 ਹਜ਼ਾਰ ਕੋਆਲਾ ਅੱਗ ‘ਚ ਸੜ ਕੇ ਸੁਆਹ ਹੋ ਗਏ ਹਨ। ਇਹ ਅੰਕੜੇ ਹੋਰ ਵੀ ਵੱਧ ਸਕਦੇ ਹਨ। ਬੂਟਿਆਂ ਤੇ ਵਨਸਪਤੀ ਦੀ ਲੰਬੀ ਸੂਚੀ ਹੈ, ਜਿਵੇਂ ਆਰਚਿਡ ਦੀ ਖ਼ਾਸ ਪ੍ਰਜਾਤੀ ਜੋ ਛੋਟੇ-ਛੋਟੇ ਇਲਾਕਿਆਂ ‘ਚ ਹੈ, ਅੱਗ ਨਾਲ ਖ਼ਤਮ ਹੋ ਗਈ। ਉਨ੍ਹਾਂ ਕਿਹਾ ਕਿ ਇਹ ਪ੍ਰਜਾਤੀਆਂ ਦੁਨੀਆ ‘ਚ ਕਿਤੇ ਹੋਰ ਨਹੀਂ ਪਾਈਆਂ ਜਾਂਦੀਆਂ ਸਨ। ਕੁਦਰਤ ‘ਚ ਇਨ੍ਹਾਂ ਦਾ ਖ਼ਾਸ ਯੋਗਦਾਨ ਸੀ। ਇਸ ਨਾਲ ਵਾਤਾਵਰਨ ਪ੍ਰਣਾਲੀ ‘ਤੇ ਬਹੁਤ ਬੁਰਾ ਅਸਰ ਪਵੇਗਾ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …