ਟਾਈਟਲਰ ਦਾ ਪੌਲੀਗ੍ਰਾਫ ਅਤੇ ਨਾਰਕੋ ਟੈਸਟ ਹੋਵੇ : ਨਰੇਸ਼ ਗੁਜਰਾਲ
ਨਵੀਂ ਦਿੱਲੀ : ਕਾਂਗਰਸ ਆਗੂ ਜਗਦੀਸ਼ ਟਾਈਟਲਰ ਦੀ ਨਸ਼ਰ ਹੋਈ ਵੀਡਿਓ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਨਵੇਂ ਸਿਰੇ ਤੋਂ ਜਾਂਚ ਕਰਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਦੇ ਆਗੂਆਂ ਨੇ ਵੱਖੋ ਵੱਖਰੇ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਸਮੇਤ ਭਾਜਪਾ ਦੇ ਵਫ਼ਦ ਨੇ ਗ੍ਰਹਿ ਮੰਤਰੀ ਨੂੰ ਮੰਗ ਪੱਤਰ ਸੌਂਪ ਕੇ ਟਾਈਟਲਰ ਖ਼ਿਲਾਫ਼ ਤੁਰੰਤ ਨਵੇਂ ਸਿਰੇ ਤੋਂ ਵਿਸ਼ੇਸ਼ ਜਾਂਚ ਟੀਮ (ਸਿੱਟ) ਬਿਠਾਉਣ ਅਤੇ ਮੁਕੱਦਮਾ ਚਲਾਉਣ ਲਈ ਕਿਹਾ। ਇਸ ਬਾਬਤ ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਮਨੋਜ ਤਿਵਾੜੀ ਨੇ ਵੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ। ਉਧਰ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਵੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਟਾਈਟਲਰ ਦਾ ਪੌਲੀਗ੍ਰਾਫ਼ ਅਤੇ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ। ਮੰਗ ਪੱਤਰ ‘ਤੇ ਹਰਸਿਮਰਤ ਬਾਦਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਦਸਤਖ਼ਤ ਹਨ। ਮੰਗ ਪੱਤਰ ਵਿੱਚ ਟਾਈਟਲਰ ਦੀ ਵੀਡਿਓ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 34 ਸਾਲਾਂ ਮਗਰੋਂ ਸਬੂਤ ਦੱਸ ਰਹੇ ਹਨ ਕਿ ਰਾਜੀਵ ਗਾਂਧੀ ਵੱਲੋਂ ਕਤਲੇਆਮ ਦੀ ਕਥਿਤ ਤੌਰ ‘ਤੇ ਯੋਜਨਾ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵੀਡਿਓ ਵਿੱਚ ਟਾਈਟਲਰ 100 ਸਿੱਖਾਂ ਨੂੰ ਮਾਰਨ ਦੀ ਗੱਲ ਕਰ ਰਿਹਾ ਹੈ।
ਟਾਈਟਲਰ ਖ਼ਿਲਾਫ਼ ‘ਨਵੇਂ ਸਬੂਤ’ ਸਿੱਟ ਹਵਾਲੇ
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰਾਲੇ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤੇ ਗਏ ‘ਨਵੇਂ ਸਬੂਤਾਂ’ ਨੂੰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਜਸਟਿਸ ਐਸ ਐਨ ਢੀਂਗਰਾ ਦੀ ਅਗਵਾਈ ਹੇਠਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਹਵਾਲੇ ਕਰ ਦਿੱਤੇ ਹਨ। ਗ੍ਰਹਿ ਮੰਤਰਾਲੇ ਨੇ ਜਸਟਿਸ ਢੀਂਗਰਾ ਨੂੰ ਪੱਤਰ ਲਿਖ ਕੇ ਦੱਸਿਆ ਕਿ ਉਨ੍ਹਾਂ ਨੂੰ ਦਿੱਲੀ ਕਮੇਟੀ ਤੋਂ ਟਾਈਟਲਰ ਖ਼ਿਲਾਫ਼ ਨਵੇਂ ਸਬੂਤਾਂ ਵਾਲੀ ਵੀਡੀਓ ਮਿਲਣ ਦੀ ਸ਼ਿਕਾਇਤ ਅਤੇ ਨਾਲ ਹੀ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੀ ਸੀਡੀ ਅਤੇ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਮਿਲੀ ਹੈ। ਉਨ੍ਹਾਂ ਕਿਹਾ,”ਇੰਟਰਵਿਊ ਵਿਚ ਜਗਦੀਸ਼ ਟਾਈਟਲਰ, ਕਮਲ ਨਾਥ, ਐਚ ਕੇ ਐਲ ਭਗਤ ਅਤੇ ਸੱਜਣ ਕੁਮਾਰ ਦੀ ਕੇਸ ਵਿਚ ਸ਼ਮੂਲੀਅਤ ਬਾਰੇ ਨਵੇਂ ਤੱਥ, ਸਬੂਤ ਅਤੇ ਖ਼ੁਲਾਸੇ ਹੋਏ ਹਨ।” ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ। ਗ੍ਰਹਿ ਮੰਤਰਾਲੇ ਦੀ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 2011 ਵਿਚ ਬਣੀ ਵੀਡਿਓ ਜਾਰੀ ਕੀਤੀ ਸੀ ਜਿਸ ਵਿਚ ਟਾਈਟਲਰ ਕੁਝ ਲੋਕਾਂ ਨਾਲ ਗੱਲਬਾਤ ਕਰਦਿਆਂ ਨਜ਼ਰ ਆਉਂਦਾ ਹੈ।
ਟਾਈਟਲਰ ਵੱਲੋਂ ਮਾਣਹਾਨੀ ਦਾ ਕੇਸ ਕਰਨ ਦੀ ਧਮਕੀ
ਨਵੀਂ ਦਿੱਲੀ : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ 1984 ਸਿੱਖ ਵਿਰੋਧੀ ਕਤਲੇਆਮ ਨਾਲ ਸਬੰਧਤ ਸਟਿੰਗ ਵੀਡੀਓ, ਜਿਸ ਨਾਲ ਉਨ੍ਹਾਂ ਦਾ ਨਾਂ ਜੋੜਿਆ ਜਾ ਰਿਹਾ ਹੈ, ਨਾਲ ਛੇੜਛਾੜ ਕੀਤੇ ਜਾਣ ਦਾ ਦਾਅਵਾ ਕਰਦਿਆਂ ਧਮਕੀ ਦਿੱਤੀ ਕਿ ਉਹ ਇਸ ਵੀਡੀਓ ਨੂੰ ਬਣਾਉਣ ਵਾਲਿਆਂ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਨਗੇ। ਗ੍ਰਹਿ ਮੰਤਰਾਲੇ ਨੂੰ ਦਿੱਤੇ ਯਾਦ ਪੱਤਰ ਵਿੱਚ ਟਾਈਟਲਰ ਨੇ ਕਿਹਾ ਕਿ ਵੀਡੀਓ ਨਾਲ ਛੇੜਛਾੜ ਕਰਕੇ ਇਸ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਪਾਉਣ ਸਬੰਧੀ ਇਕ ਸ਼ਿਕਾਇਤ ਪੁਲਿਸ ਕੋਲ ਦਰਜ ਕਰਾ ਦਿੱਤੀ ਗਈ ਹੈ। ਕਾਂਗਰਸੀ ਆਗੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣੇ ਪੱਧਰ ‘ਤੇ ਵੀਡੀਓ ਦੀ ਫੋਰੈਂਸਿਕ ਜਾਂਚ ਕਰਾਈ ਹੈ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਇਸ ਨਾਲ ਛੇੜਛਾੜ ਕੀਤੀ ਗਈ ਹੈ।
Check Also
ਆਈ.ਪੀ.ਐਲ. ਕਲੋਜਿੰਗ ਸੈਰੇਮਨੀ ’ਚ ਅਪਰੇਸ਼ਨ ਸਿੰਦੂਰ ਨੂੰ ਦਿੱਤੀ ਜਾਵੇਗੀ ਸਲਾਮੀ
ਬੀ.ਸੀ.ਸੀ.ਆਈ. ਨੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੂੰ ਦਿੱਤਾ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਚੱਲ …