4.7 C
Toronto
Tuesday, November 25, 2025
spot_img
Homeਭਾਰਤ'84 ਦੇ ਪੀੜਤਾਂ ਵੱਲੋਂ ਕਾਂਗਰਸ ਦਫ਼ਤਰ ਅੱਗੇ ਮੁਜ਼ਾਹਰਾ

’84 ਦੇ ਪੀੜਤਾਂ ਵੱਲੋਂ ਕਾਂਗਰਸ ਦਫ਼ਤਰ ਅੱਗੇ ਮੁਜ਼ਾਹਰਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਸਿੱਖ ਕਤਲੇਆਮ ਦੇ ਪੀੜਤਾਂ ਦੀ ਅਗਲੀ ਪੀੜ੍ਹੀ ਵੱਲੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੀ ਦਾਸਤਾਨ ਸੁਣਾਉਣ ਲਈ ਉਨ੍ਹਾਂ ਦੇ ਮੁੱਖ ਦਫ਼ਤਰ ਨੇੜੇ ਪ੍ਰਦਰਸ਼ਨ ਕੀਤਾ ਗਿਆ ਤੇ ਰਾਹੁਲ ਨੂੰ ਕਈ ਤਿੱਖੇ ਸਵਾਲ ਕੀਤੇ ਗਏ। ਕਤਲੇਆਮ ਪੀੜਤਾਂ ਨੇ 2 ਬੱਚੇ ਬੈਰੀਕੇਡਾਂ ਉਪਰ ਬਿਠਾ ਦਿੱਤੇ। ਕਈਆਂ ਨੇ ਪ੍ਰਦਰਸ਼ਨ ਦੌਰਾਨ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ਰਾਹੁਲ ਤੇ ਸੋਨੀਆ ਗਾਂਧੀ ਤੋਂ ਸਵਾਲ ਪੁੱਛੇ ਗਏ ਸਨ ਕਿ ਉਹ ਟਾਈਟਲਰ ਨੂੰ ਕਿਉਂ ਬਚਾ ਰਹੇ ਹਨ ਤੇ ਉਸ ਨੂੰ ਪਾਰਟੀ ਵਿੱਚੋਂ ਅਜੇ ਤਕ ਕਿਉਂ ਨਹੀਂ ਕੱਢਿਆ ਗਿਆ? ਤਖ਼ਤੀਆਂ ‘ਤੇ ‘ਸਾਡੀ ਦਾਦੀ 84 ਕਤਲੇਆਮ ਦੀ ਦਾਸਤਾਂ ਸੁਣਾਉਂਦੇ ਹੋਏ ਰੋ ਉੱਠਦੀ ਹੈ, ਰਾਹੁਲ ਅੰਕਲ ਸਾਡੀ ਦਾਸਤਾਂ ਸੁਣੋਗੇ? ਰਾਹੁਲ ਅੰਕਲ, ਆਪ ਸਾਡੇ ਦਾਦਾ ਦੀ ਮੌਤ ਦਾ ਇਨਸਾਫ਼ ਕਿਉਂ ਨਹੀਂ ਲੈਣ ਦਿੰਦੇ, ਇਨਸਾਫ਼ ਮੰਗਦਾ ਸਬੂਤ, ਇਹ ਸੱਚ ਤਾਂ ਖ਼ੁਦ ਸਾਹਮਣੇ ਆ ਗਿਆ ਲਿਖਿਆ ਹੋਇਆ ਸੀ।ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਉਪ ਰਾਜਪਾਲ ਨੂੰ ਮਿਲਿਆ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਜਗਦੀਸ਼ ਟਾਈਟਲਰ ਮਾਮਲੇ ਵਿਚ ਉਪ ਰਾਜਪਾਲ ਅਨਿਲ ਬੈਂਜ਼ਲ ਨਾਲ ਮੁਲਾਕਾਤ ਕੀਤੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੇ ਵਫ਼ਦ ਨੇ ‘ਸਟਿੰਗ ਅਪਰੇਸ਼ਨ’ ਮਗਰੋਂ ਸਾਹਮਣੇ ਆਏ ਸਬੂਤਾਂ ਦੀ ਸੀਡੀ ਵੀ ਉਪ ਰਾਜਪਾਲ ਨੂੰ ਸੌਂਪੀ। ਇਸਦੇ ਨਾਲ ਹੀ ਵਫ਼ਦ ਨੇ ਉਪ ਰਾਜਪਾਲ ਦਾ ਦਿੱਲੀ ਵਿਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਧੰਨਵਾਦ ਕੀਤਾ।
ਫੂਲਕਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
‘ਆਪ’ ਦੇ ਦਾਖ਼ਾ ਤੋਂ ਵਿਧਾਇਕ ਐਚ.ਐਸ. ਫੂਲਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੱਸਿਆ ਹੈ ਕਿ ਕੇਂਦਰੀ ਜਾਂਚ ਏਜੰਸੀ ਸੀਬੀਆਈ ਨਿਰਪੱਖ ਜਾਂਚ ਕਰਨ ਦੀ ਬਜਾਏ ਕਾਂਗਰਸੀ ਆਗੂ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਬਚਾਉਂਦੀ ਆਈ ਹੈ। ਉਨ੍ਹਾਂ ਮੰਗ ਕੀਤੀ ਕਿ ਸੀਬੀਆਈ ਦੀ ਜਾਂਚ ਟੀਮ ਨੂੰ ਬਦਲਿਆ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਸੀਬੀਆਈ ਜਾਣਬੁੱਝ ਕੇ ਅਭਿਸ਼ੇਕ ਵਰਮਾ ਦਾ ਨਾਰਕੋ ਟੈਸਟ ਨਹੀਂ ਕਰਵਾ ਰਹੀ ਹੈ।
ਕੈਪਟਨ ਦੇ ਬਿਆਨ ‘ਤੇ ਕਤਲੇਆਮ ਪੀੜਤ ਮਾਤਾ ਜਗਦੀਸ਼ ਕੌਰ ਨੇ ਅਫ਼ਸੋਸ ਪ੍ਰਗਟਾਇਆ
’84 ਸਿੱਖ ਕਤਲੇਆਮ ਦੇ ਸਬੰਧ ‘ਚ ਅਮਰਿੰਦਰ ਸਿੰਘ ਵੱਲੋਂ ਗਾਂਧੀ ਪਰਿਵਾਰ ਤੇ ਟਾਈਟਲਰ ਦੇ ਕੀਤੇ ਜਾ ਰਹੇ ਬਚਾਅ ‘ਤੇ ਪੀੜਤ ਪਰਿਵਾਰਾਂ ਨੇ ਗਹਿਰਾ ਦੁੱਖ ਪ੍ਰਗਟਾਇਆ ਹੈ। ਸਿੱਖ ਕਤਲੇਆਮ ਵਿੱਚ ਆਪਣੇ ਪਰਿਵਾਰ ਦੇ ਪੰਜ ਜੀਅ ਗਵਾਉਣ ਵਾਲੀ ਬੀਬੀ ਜਗਦੀਸ਼ ਕੌਰ ਨੇ ਕੈਪਟਨ ਦੇ ਉਸ ਬਿਆਨ ‘ਤੇ ਦੁੱਖ ਜ਼ਾਹਿਰ ਕੀਤਾ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜਿਸ ਵੇਲੇ ਦਿੱਲੀ ਵਿੱਚ ਸਿੱਖ ਕਤਲੇਆਮ ਸ਼ੁਰੂ ਹੋਇਆ ਸੀ ਉਸ ਵੇਲੇ ਰਾਜੀਵ ਗਾਂਧੀ ਦਿੱਲੀ ਵਿੱਚ ਮੌਜੂਦ ਨਹੀਂ ਸੀ। ਬੀਬੀ ਜਗਦੀਸ਼ ਕੌਰ ਨੇ ਉਸ ਵੇਲੇ ਦੇ ਮੰਜਰ ਨੂੰ ਯਾਦ ਕਰਦਿਆਂ ਹੰਝੂ ਭਰੀਆਂ ਅੱਖਾਂ ਨਾਲ ਦੱਸਿਆ ਕਿ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਸਿਰਫ਼ ਚਾਰ ਘੰਟੇ ਬਾਅਦ ਹੀ ਰਾਜੀਵ ਗਾਂਧੀ ਦਿੱਲੀ ਪਹੁੰਚ ਗਿਆ ਸੀ ਅਤੇ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਕੋਲ ਖੜ੍ਹੇ ਰਾਜੀਵ ਗਾਂਧੀ ਤੇ ਅਮਿਤਾਭ ਬਚਨ ਦੀਆਂ ਤਸਵੀਰਾਂ ਅਨੇਕਾਂ ਟੀ ਵੀ ਚੈਨਲਾਂ ਤੇ ਅਖ਼ਬਾਰਾਂ ‘ਚ ਆਈਆਂ ਸਨ। ਉਨ੍ਹਾਂ ਦੱਸਿਆ ਹੈ ਕਿ ਦਿੱਲੀ ‘ਚ ਸਿੱਖ ਕਤਲੇਆਮ 1 ਨਵੰਬਰ ਨੂੰ ਸਵੇਰੇ 9 ਵਜੇ ਤੋਂ ਬਾਅਦ ਸ਼ੁਰੂ ਹੋਇਆ ਸੀ ਤੇ ਇਹ ਸਭ ਰਾਜੀਵ ਦੇ ਇਸ਼ਾਰੇ ‘ਤੇ ਹੋਇਆ ਸੀ।
ਸਿੱਖ ਕਤਲੇਆਮ ਸਮੇਂ ਰਾਜੀਵ ਗਾਂਧੀ ਦਿੱਲੀ ‘ਚ ਨਹੀਂ ਸਨ : ਕੈਪਟਨ
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਦਹਾਕੇ ਪਹਿਲਾਂ ਹੋਏ ਕਤਲੇਆਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਆਏ ਨਾਮ ਨੂੰ ਗਲਤ ਕਹਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਕਤਲੇਆਮ ਸ਼ੁਰੂ ਹੋ ਗਿਆ ਸੀ। ਇਸ ਦਾਅਵੇ ਨੇ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਉਪਰ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਕਤਲੇਆਮ ਵਿੱਚ ਰਾਜੀਵ ਗਾਂਧੀ ਦੀ ਭੂਮਿਕਾ ‘ਤੇ ਸਵਾਲ ਉਠਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਲੋਚਨਾ ਕੀਤੀ। ਮੁੱਖ ਮੰਤਰੀ ਕੈਪਟਨ ਨੇ ਦਾਅਵਾ ਕੀਤਾ ਕਿ ਹਿੰਸਾ ਸ਼ੁਰੂ ਹੋਣ ਵੇਲੇ ਇੰਦਰਾ ਗਾਂਧੀ ਦਾ ਵੱਡਾ ਪੁੱਤਰ ਦਿੱਲੀ ਵਿੱਚ ਮੌਜੂਦ ਨਹੀਂ ਸੀ। ਉਨ੍ਹਾਂ ਦਾਅਵਾ ਕੀਤਾ ਕਿ ਕਤਲੇਆਮ ਸ਼ੁਰੂ ਹੋਣ ਵੇਲੇ ਰਾਜੀਵ ਗਾਂਧੀ ਚੋਣ ਦੌਰੇ ‘ਤੇ ਕਲਕੱਤਾ ਤੋਂ 150 ਕਿਲੋਮੀਟਰ ਦੂਰ ਕੋਂਟਾਈ ਵਿੱਚ ਸਨ। ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਟੀ.ਵੀ. ਇੰਟਰਵਿਊ ਵਿੱਚ ਜਗਦੀਸ਼ ਟਾਈਟਲਰ ਦੇ ਬਿਆਨ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਇਸ ਸਟਿੰਗ ਅਪਰੇਸ਼ਨ ਨਾਲ ਰਾਜੀਵ ਗਾਂਧੀ ਨੂੰ ਜੋੜਨ ਦੀ ਕੋਸ਼ਿਸ਼ ਕਰਨ ਲਈ ਅਕਾਲੀ ਆਗੂ ਦੀ ਆਲੋਚਨਾ ਕਰਦਿਆਂ ਕਿਹਾ ਕਿ ਟਾਈਟਲਰ ਪਹਿਲਾਂ ਹੀ ਇਸ ਸਟਿੰਗ ਨੂੰ ਜਾਅਲੀ ਵੀਡੀਓ ਆਖ ਕੇ ਰੱਦ ਕਰ ਚੁੱਕੇ ਹਨ।

RELATED ARTICLES
POPULAR POSTS