ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਭੜਕੇ, ਕਿਹਾ-ਸਿੱਖ ਸੰਗਤ ਨੂੰ ਪਹੁੰਚੀ ਠੇਸ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਰੂ ਨਾਨਕ ਦੇਵ ਜੀ ਸਮੇਤ ਸਾਰੇ ਧਰਮ ਦੀਆਂ ਤਸਵੀਰਾਂ ਵਿਚ ਅਸ਼ੀਰਵਾਦ ਦੇ ਲਈ ਉਠੇ ਹੱਥ ਨੂੰ ਕਾਂਗਰਸ ਦੇ ਚੋਣ ਚਿੰਨ੍ਹ ਨਾਲ ਜੋੜ ਕੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪੰਜਾਬ ਦੇ ਅਕਾਲੀ ਨੇਤਾਵਾਂ ਨੇ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਸਿੱਖਾਂ ਦੀ ਧਾਰਮਿਕ ਭਾਵਨਾ ਦੀ ਠੇਸ ਪਹੁੰਚਾਉਣ ਵਾਲੀ ਗੱਲ ਦੱਸਿਆ।
ਤਾਲਕਟੋਰਾ ਸਟੇਡੀਅਮ ਵਿਚ ਪਾਰਟੀ ਦੇ ਸੰਮੇਲਨ ਵਿਚ ਬੁੱਧਵਾਰ ਨੂੰ ਕਿਹਾ ਕਿ ਕਾਂਗਰਸ ਦਾ ਚੋਣ ਚਿੰਨ੍ਹ ਹਰੇਕ ਧਰਮ ਵਿਚ ਮੌਜੂਦ ਹੈ। ਇਸ ਲਈ ਕਿਸੇ ਵੀ ਧਰਮ ਦੇ ਲੋਕਾਂ ਨੂੰ ਸਰਕਾਰ ਤੋਂ ਡਰਨਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ, ਸ਼ਿਵ ਜੀ, ਬੁੱਧ, ਮਹਾਂਵੀਰ ਅਤੇ ਇੱਥੋਂ ਤੱਕ ਕਿ ਜਹੂਦੀ ਧਰਮ ਦੀਆਂ ਤਸਵੀਰਾਂ ਵਿਚ ਕਾਂਗਰਸ ਦਾ ਪੰਜਾ ਮੌਜੂਦ ਹੈ। ਕਾਂਗਰਸ ਉਪ ਪ੍ਰਧਾਨ ਨੇ ਤਾਲਕਟੋਰਾ ਸਟੇਡੀਅਮ ਵਿਚ ਪਾਰਟੀ ਦੇ ਸੰਮੇਲਨ ਦੌਰਾਨ ਕਿਹਾ, ‘ਮੈਂ ਸਾਰੇ ਧਰਮਾਂ ਵਿਚ ਕਾਂਗਰਸ ਦੇ ਪੰਜੇ ਦਾ ਮਤਲਬ ਪਾਰਟੀ ਦੇ ਸੀਨੀਅਰ ਨੇਤਾ ਡਾ. ਕਰਨ ਸਿੰਘ ਤੋਂ ਪੁੱਛਿਆ। ਉਹਨਾਂ ਦੱਸਿਆ ਕਿ ਇਸਦਾ ਮਤਲਬ ਹੈ ਕਿ ਕਿਸੇ ਵੀ ਹਾਲਤ ਵਿਚ ਸੱਚਾਈ ਦਾ ਡਟ ਕੇ ਸਾਹਮਣੇ ਕਰੋ, ਡਰੋ ਨਹੀਂ। ਰਾਹੁਲ ਨੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜਨਤਾ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮੁਆਫੀ ਮੰਗੇ ਕਾਂਗਰਸ : ਸੁਖਦੇਵ ਸਿੰਘ ਢੀਂਡਸਾ
ਸ਼੍ਰੋਮਣੀ ਅਕਾਲੀ ਦਲ ਨੇ ਰਾਹੁਲ ਗਾਂਧੀ ਦੇ ਉਸ ਬਿਆਨ ‘ਤੇ ਇਤਰਾਜ਼ ਕੀਤਾ ਹੈ, ਜਿਸ ਵਿਚ ਰਾਹੁਲ ਗਾਂਧੀ ਨੇ ਕਾਂਗਰਸ ਦੇ ਚੋਣ ਚਿੰਨ੍ਹ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਈ ਤਸਵੀਰਾਂ ਵਿਚ ਦਿਖਾਏ ਹੱਥ ਨਾਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਦੇ ਭਾਸ਼ਣ ਨਾਲ ਦੁਨੀਆ ਭਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਨੂੰ ਭਾਰੀ ਠੇਸ ਪਹੁੰਚੀ। ਪਾਰਟੀ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੇ ਕਾਂਗਰਸ ਦੇ ਪੰਜੇ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਨਾਲ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਕਾਂਗਰਸ ਦਾ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ‘ਚ ਰੰਗਿਆ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …