Breaking News
Home / ਭਾਰਤ / ਸੱਤ ਪੜਾਵਾਂ ਵਿਚ ਹੋਣਗੀਆਂ ਲੋਕ ਸਭਾ ਚੋਣਾਂ

ਸੱਤ ਪੜਾਵਾਂ ਵਿਚ ਹੋਣਗੀਆਂ ਲੋਕ ਸਭਾ ਚੋਣਾਂ

ਪੰਜਾਬ ‘ਚ ਵੋਟਾਂ 19 ਮਈ ਨੂੰ ੲ 23 ਮਈ ਨੂੰ ਆਉਣਗੇ ਨਤੀਜੇ, ਚੋਣ ਜ਼ਾਬਤਾ ਹੋਇਆ ਲਾਗੂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਚੋਣ ਕਮਿਸ਼ਨ ਨੇ ਐਤਵਾਰ ਨੂੰ 17ਵੀਂ ਲੋਕ ਸਭਾ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ। ਚੋਣਾਂ ਐਤਕੀਂ ਸੱਤ ਪੜਾਵਾਂ ਵਿਚ ਹੋਣਗੀਆਂ, ਜਿਸ ਦੀ ਸ਼ੁਰੂਆਤ 11 ਅਪਰੈਲ ਤੋਂ ਹੋਵੇਗੀ। ਆਖਰੀ ਤੇ ਸੱਤਵੇਂ ਪੜਾਅ ਦੀਆਂ ਵੋਟਾਂ 19 ਮਈ ਨੂੰ ਪੈਣਗੀਆਂ ਜਦੋਂ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਪੰਜਾਬ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਿੰਗ 19 ਮਈ ਨੂੰ ਹੋਵੇਗੀ ਜਦੋਂਕਿ ਗੁਆਂਢੀ ਰਾਜ ਹਰਿਆਣਾ ਵਿੱਚ ਵੋਟਿੰਗ ਦਾ ਅਮਲ 12 ਮਈ ਨੂੰ ਸਿਰੇ ਚੜ੍ਹੇਗਾ। ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਉੜੀਸਾ ਤੇ ਸਿੱਕਿਮ ਵਿੱਚ ਆਮ ਚੋਣਾਂ ਦੇ ਨਾਲ ਹੀ ਅਸੈਂਬਲੀ ਚੋਣਾਂ ਲਈ ਵੀ ਵੋਟਿੰਗ ਹੋਵੇਗੀ ਜਦੋਂਕਿ ਚੋਣ ਕਮਿਸ਼ਨ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਜੰਮੂ ਕਸ਼ਮੀਰ ਅਸੈਂਬਲੀ ਲਈ ਚੋਣਾਂ ਨੂੰ ਹਾਲ ਦੀ ਘੜੀ ਪਿੱਛੇ ਪਾ ਦਿੱਤਾ ਹੈ ਜਦੋਂਕਿ ਰਾਜ ਵਿੱਚ ਸੰਸਦੀ ਚੋਣਾਂ ਪੰਜ ਪੜਾਵਾਂ ਵਿੱਚ ਹੋਣਗੀਆਂ। ਸਾਲ 1996 ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਜੰਮੂ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਸਮੇਂ ਨਾਲ ਨਹੀਂ ਹੋਣਗੀਆਂ। ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਐਤਕੀਂ ਚੋਣ ਅਮਲ ਨੂੰ ਨੇਪਰੇ ਚਾੜ੍ਹਨ ਲਈ ਮੁਲਕ ਭਰ ਵਿੱਚ ਦਸ ਲੱਖ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ। ਸਾਲ 2014 ਵਿੱਚ ਇਹ ਅੰਕੜਾ 9 ਲੱਖ ਦੇ ਕਰੀਬ ਸੀ। ਅਰੋੜਾ ਨੇ ਦੱਸਿਆ ਕਿ ਲੋਕ ਸਭਾ ਦੀਆਂ 543 ਸੀਟਾਂ ਲਈ ਲਗਪਗ 90 ਕਰੋੜ ਵੋਟਰ ਮਤਦਾਨ ਲਈ ਯੋਗ ਹੋਣਗੇ। ਚੋਣ ਪ੍ਰੋਗਰਾਮ ਮੁਤਾਬਕ ਪੂਰਾ ਚੋਣ ਅਮਲ ਸੱਤ ਗੇੜਾਂ ਵਿੱਚ ਮੁਕੰਮਲ ਹੋਵੇਗਾ। ਪਹਿਲੇ ਗੇੜ ਦੀ ਵੋਟਿੰਗ 11 ਅਪਰੈਲ ਨੂੰ, ਦੂਜੇ ਦੀ 18 ਅਪਰੈਲ, ਤੀਜੇ ਦੀ 23 ਅਪਰੈਲ, ਚੌਥੇ ਦੀ 29 ਅਪਰੈਲ, ਪੰਜਵੇਂ ਦੀ 6 ਮਈ, ਛੇਵੇਂ ਦੀ 12 ਮਈ ਤੇ ਸੱਤਵੇਂ ਤੇ ਅੰਤਿਮ ਗੇੜ ਲਈ ਵੋਟਾਂ 19 ਮਈ ਨੂੰ ਪੈਣਗੀਆਂ। ਅਰੋੜਾ ਨੇ ਕਿਹਾ ਕਿ ਸਾਰੇ ਸੰਸਦੀ ਹਲਕਿਆਂ (543) ਲਈ ਵੋਟਾਂ ਦੀ ਗਿਣਤੀ 23 ਮਈ ਨੂੰ ਕੀਤੀ ਜਾਵੇਗੀ। ਪਹਿਲੇ ਪੜਾਅ ਵਿੱਚ 91 ਸੰਸਦੀ ਹਲਕਿਆਂ, ਦੂਜੇ ਵਿੱਚ 97, ਤੀਜੇ ਵਿੱਚ 115, ਚੌਥੇ ਵਿੱਚ 71, ਪੰਜਵੇਂ ਵਿੱਚ 51, ਛੇਵੇਂ ਵਿਚ 59 ਤੇ ਸੱਤਵੇਂ ਗੇੜ ਵਿੱਚ 59 ਸੰਸਦੀ ਹਲਕਿਆਂ ਲਈ ਵੋਟਾਂ ਪੈਣਗੀਆਂ।
ਅਰੋੜਾ ਨੇ ਦੱਸਿਆ ਕਿ ਆਂਧਰਾ ਪ੍ਰਦੇਸ਼, ਅਰੁਣਾਚਲ, ਉੜੀਸਾ ਤੇ ਸਿੱਕਿਮ ਵਿਧਾਨ ਸਭਾਵਾਂ ਲਈ ਚੋਣ ਆਮ ਚੋਣਾਂ ਦੇ ਨਾਲ ਹੀ ਹੋਵੇਗੀ ਜਦੋਂਕਿ ਸੁਰੱਖਿਆ ਕਾਰਨਾਂ ਦੇ ਚਲਦਿਆਂ ਜੰਮੂ ਕਸ਼ਮੀਰ ਅਸੈਂਬਲੀ ਚੋਣਾਂ ਨੂੰ ਹਾਲ ਦੀ ਘੜੀ ਅੱਗੇ ਪਾ ਦਿੱਤਾ ਹੈ। ਤਿੰਨ ਰਾਜਾਂ ਆਂਧਰਾ ਪ੍ਰਦੇਸ਼, ਅਰੁਣਾਚਲ ਤੇ ਸਿੱਕਿਮ ਵਿੱਚ ਸਾਰੀਆਂ ਅਸੈਂਬਲੀ ਸੀਟਾਂ ਤੇ ਲੋਕ ਸਭਾ ਚੋਣਾਂ ਲਈ ਇਕੋ ਵੇਲੇ ਵੋਟਿੰਗ 11 ਅਪਰੈਲ ਨੂੰ ਹੋਵੇਗੀ। ਉੜੀਸਾ ਵਿੱਚ ਸੰਸਦੀ ਤੇ ਅਸੈਂਬਲੀ ਚੋਣਾਂ ਲਈ ਵੋਟਾਂ ਚਾਰ ਪੜਾਵਾਂ 11 ਅਪਰੈਲ, 18 ਅਪਰੈਲ, 23 ਅਪਰੈਲ ਤੇ 29 ਅਪਰੈਲ ਨੂੰ ਪੈਣਗੀਆਂ। ਜੰਮੂ-ਕਸ਼ਮੀਰ ਦੀ ਗੱਲ ਕਰਦਿਆਂ ਅਰੋੜਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬੇ ਵਿੱਚ ਹਾਲੀਆ ਹਿੰਸਾ ਤੇ ਕੇਂਦਰੀ ਬਲਾਂ ਦੀ ਉਪਲਬਧਤਾ ਵਿੱਚ ਆ ਰਹੀ ਮੁਸ਼ਕਲ ਦੇ ਚੱਲਦਿਆਂ ਸੂਬੇ ਵਿੱਚ ਅਜੇ ਸਿਰਫ਼ ਲੋਕ ਸਭਾ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਨੰਤਨਾਗ ਸੰਸਦੀ ਸੀਟ ਲਈ ਵੋਟਿੰਗ ਦਾ ਕੰਮ ਤਿੰਨ ਪੜਾਵਾਂ ਵਿੱਚ ਪੂਰਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤਰ ਵਿੱਚ ਸੁਰੱਖਿਆ ਵੱਡੀ ਚੁਣੌਤੀ ਹੈ।
ਆਮ ਚੋਣਾਂ ਦੌਰਾਨ ਕੁੱਲ 22 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਇਕੋ ਪੜਾਅ ਵਿੱਚ ਵੋਟਾਂ ਦਾ ਅਮਲ ਸਿਰੇ ਚੜ੍ਹੇਗਾ। ਇਨ੍ਹਾਂ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਗੋਆ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਕੇਰਲ, ਪੰਜਾਬ, ਤਾਮਿਲਨਾਡੂ, ਤਿਲੰਗਾਨਾ, ਉੱਤਰਾਖੰਡ, ਅੰਡੇਮਾਨ ਤੇ ਨਿਕੋਬਾਰ, ਪੁਡੂਚੇਰੀ ਤੇ ਚੰਡੀਗੜ੍ਹ ਵੀ ਸ਼ਾਮਲ ਹਨ। ਬਿਹਾਰ, ਯੂਪੀ ਤੇ ਪੱਛਮੀ ਬੰਗਾਲ ਵਿੱਚ ਚੋਣਾਂ ਸੱਤ ਪੜਾਵਾਂ ਜਦੋਂਕਿ ਜੰਮੂ ਕਸ਼ਮੀਰ ਵਿੱਚ ਵੋਟਿੰਗ ਦੇ ਪੰਜ ਪੜਾਅ ਹੋਣਗੇ।
ਚੋਣ ਜ਼ਾਬਤਾ ਹੋਇਆ ਲਾਗੂ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲਈ ਤੁਰੰਤ ਪ੍ਰਭਾਵ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤਾ ਹੈ। ਇਹ ਵੀ ਐਲਾਨ ਕੀਤਾ ਕਿ ਇਸ ਵਾਰ ਸਾਰੇ ਪੋਲਿੰਗ ਸਟੇਸ਼ਨਾਂ ‘ਤੇ ‘ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ’ (ਵੀਵੀਪੈਟ) ਦੀ ਵਰਤੋਂ ਕੀਤੀ ਜਾਵੇਗੀ। ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਨਾਲ ਸਰਕਾਰ ਉੱਤੇ ਕੋਈ ਵੀ ਨੀਤੀਗਤ ਐਲਾਨ, ਜਿਸ ਨਾਲ ਵੋਟਰਾਂ ਦਾ ਫ਼ੈਸਲਾ ਪ੍ਰਭਾਵਿਤ ਹੁੰਦਾ ਹੈ, ਕਰਨ ‘ਤੇ ਪਾਬੰਦੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੈ ਤੇ ਸੋਸ਼ਲ ਮੀਡੀਆ ਉੱਤੇ ਕਿਸੇ ਵੀ ਸਿਆਸੀ ਵਿਗਿਆਪਨ ਲਈ ਪਹਿਲਾਂ ਸਰਟੀਫਿਕੇਟ ਲੈਣਾ ਲਾਜ਼ਮੀ ਹੋਵੇਗਾ।
ਪੰਜਾਬ ‘ਚ 19 ਮਈ ਨੂੰ ਪੈਣਗੀਆਂ ਵੋਟਾਂ
16394 ਦਿਹਾਤੀ ਤੇ 6819 ਸ਼ਹਿਰੀ ਪੋਲਿੰਗ ਬੂਥ ਹੋਣਗੇ
ਚੰਡੀਗੜ੍ਹ : ਕੌਮੀ ਚੋਣ ਕਮਿਸ਼ਨ ਵਲੋਂ ਆਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਜਿਸ ਤਹਿਤ ਪੰਜਾਬ ਵਿਚ 19 ਮਈ ਨੂੰ ਵੋਟਾਂ ਪੈਣਗੀਆਂ, ਤੋਂ ਬਾਅਦ ਸੂਬੇ ਵਿਚ ਵੀ ਚੋਣ ਜ਼ਾਬਤਾ ਲਾਗੂ ਹੋ ਗਿਆ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਐਲਾਨ ਤੋਂ ਬਾਅਦ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵਲੋਂ ਰਾਜ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਚੋਣਾਂ ਦੇ ਐਲਾਨ ਨਾਲ ਲਾਗੂ ਹੋਏ ਚੋਣ ਜ਼ਾਬਤੇ ਕਾਰਨ ਰਾਜ ਸਰਕਾਰ ਕੋਈ ਨਵਾਂ ਐਲਾਨ, ਫ਼ੈਸਲਾ, ਤਬਾਦਲਾ ਜਾਂ ਤਰੱਕੀਆਂ ਦੀ ਪ੍ਰਕਿਰਿਆ ਜਾਰੀ ਨਹੀਂ ਰੱਖ ਸਕੇਗੀ ਅਤੇ ਰਾਜ ਸਰਕਾਰ ਨੂੰ ਪ੍ਰਚਾਰ ਲਈ ਲਗਾਏ ਗਏ ਹੋਰਡਿੰਗ ਤੇ ਮੁੱਖ ਮੰਤਰੀ ਤੇ ਮੰਤਰੀ ਦੀਆਂ ਫੋਟੋਆਂ ਵਾਲੇ ਹੋਰਡਿੰਗ ਵੀ ਤੁਰੰਤ ਉਤਾਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਵਿਚ ਚੋਣਾਂ ਲਈ ਬਣਾਏ ਗਏ ਵਿਸਤ੍ਰਿਤ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਚੋਣ ਕਮਿਸ਼ਨ ਵਲੋਂ ਰਾਜ ਨੂੰ 243 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿਚੋਂ 60 ਕਰੋੜ ਸੁਰੱਖਿਆ ‘ਤੇ ਖਰਚਿਆ ਜਾਣਾ ਹੈ ਅਤੇ ਰਾਜ ਵਿਚ ਚੋਣਾਂ ਲਈ ਕੋਈ 65 ਹਜ਼ਾਰ ਸੁਰੱਖਿਆ ਬਲ ਤਾਇਨਾਤ ਹੋਣਗੇ। ਰਾਜੂ ਨੇ ਦੱਸਿਆ ਕਿ ਰਾਜ ਵਿਚ ਸਮੁੱਚੀਆਂ ਵੋਟਿੰਗ ਮਸ਼ੀਨਾਂ ਨਾਲ ਵੀਵੀਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ ਅਤੇ ਕੋਈ 50 ਫ਼ੀਸਦੀ ਪੋਲਿੰਗ ਬੂਥਾਂ ‘ਤੇ ਵੀਡੀਓ ਰਿਕਾਰਡਿੰਗ ਲਈ ਕੈਮਰੇ ਵੀ ਲਗਾਏ ਜਾਣਗੇ।ઠਉਨ੍ਹਾਂ ਦੱਸਿਆ ਕਿ ਮਗਰਲੀਆਂ ਲੋਕ ਸਭਾ ਚੋਣਾਂ ਦੌਰਾਨ ਰਾਜ ਵਿਚ 4632 ਪੋਲਿੰਗ ਬੂਥ ਸੰਵੇਦਨਸ਼ੀਲ ਤੇ 1933 ਅਤਿ ਸੰਵੇਦਨਸ਼ੀਲ ਐਲਾਨੇ ਗਏ ਸਨ ਅਤੇ 199 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਰਾਜ ਵਿਚ ਕੁੱਲ 3.61 ਲੱਖ ਲਾਇਸੈਂਸੀ ਹਥਿਆਰ ਹਨ ਜਿਨ੍ਹਾਂ ਵਿਚੋਂ ਕੋਈ 60 ਪ੍ਰਤੀਸ਼ਤ ਪੰਚਾਇਤ ਚੋਣਾਂ ਕਾਰਨ ਪਹਿਲਾਂ ਹੀ ਜਮ੍ਹਾਂ ਹਨ ਅਤੇ ਬਾਕੀ ਹਥਿਆਰ ਵੀ ਪੁਲਿਸ ਨੂੰ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਕਮਿਸ਼ਨ ਵਲੋਂ ਜਾਰੀ ਕੀਤੇ ਗਏ ਹੁਕਮਾਂ ਅਤੇ ਰਾਜ ਦੇ ਡਿਪਟੀ ਕਮਿਸ਼ਨਰਾਂ ਨਾਲ ਕੀਤੀ ਗਈ ਵੀਡੀਓ ਕਾਨਫਰੰਸ ਦੌਰਾਨ ਆਦੇਸ਼ ਦਿੱਤੇ ਗਏ ਹਨ ਕਿ ਮਗਰਲੇ ਦਿਨਾਂ ਦੌਰਾਨ ਤਬਾਦਲਿਆਂ ਦੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜਿਨ੍ਹਾਂ ਮੁਲਾਜ਼ਮਾਂ ਵਲੋਂ ਆਪਣੇ ਨਵੇਂ ਨਿਯੁਕਤੀ ਵਾਲੇ ਸਥਾਨਾਂ ‘ਤੇ ਡਿਊਟੀ ‘ਤੇ ਹਾਜ਼ਰੀ ਦੇ ਦਿੱਤੀ ਗਈ ਹੈ ਉਸ ਤੋਂ ਇਲਾਵਾ ਹਾਜ਼ਰ ਨਾ ਹੋਣ ਵਾਲੇ ਦੂਸਰੇ ਕਰਮਚਾਰੀ ਹੁਣ ਆਪਣੀ ਨਵੀਂ ਨਿਯੁਕਤੀ ਵਾਲੇ ਸਥਾਨ ‘ਤੇ ਚੋਣ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਿਨਾਂ ਹਾਜ਼ਰ ਨਹੀਂ ਹੋ ਸਕਣਗੇ।
ਪੰਜਾਬ ‘ਚ 22 ਅਪ੍ਰੈਲ ਨੂੰ ਜਾਰੀ ਹੋਵੇਗਾ ਨੋਟੀਫ਼ਿਕੇਸ਼ਨ
ਰਾਜੂ ਨੇ ਇੱਥੇ ਦੱਸਿਆ ਕਿ ਪੰਜਾਬ ਵਿਚ ਚੋਣਾਂ ਸਬੰਧੀ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਆਖ਼ਰੀ ਤਰੀਕ 29 ਅਪ੍ਰੈਲ ਹੋਵੇਗੀ, ਜਦੋਂਕਿ ਨਾਮਜ਼ਦਗੀਆਂ ਦੀ ਜਾਂਚ 30 ਅਪ੍ਰੈਲ ਨੂੰ ਹੋਵੇਗੀ ਅਤੇ 2 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਫਾਰਮ 26 ਵਿਚ ਜੋ ਉਮੀਦਵਾਰ ਉਸ ਵਿਰੁੱਧ ਦਰਜ ਅਪਰਾਧਿਕ ਮਾਮਲਿਆਂ ਸਬੰਧੀ ਠੀਕ ਜਾਣਕਾਰੀ ਨਹੀਂ ਭਰੇਗਾ ਉਸ ਦੇ ਨਾਮਜ਼ਦਗੀ ਕਾਗਜ਼ ਰੱਦ ਵੀ ਹੋ ਸਕਣਗੇ।
ਪੰਜਾਬ ਵਿਚ ਕੁੱਲ 2,03,74,375 ਵੋਟਰ
ਪਰਵਾਸੀ ਭਾਰਤੀਆਂ ਦੀਆਂ ਪੰਜਾਬ ‘ਚ ਹਨ 393 ਵੋਟਾਂ
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੰਜਾਬ ‘ਚ ਕੁੱਲ 2,03,74,375 ਵੋਟਰ ਹਨ ਜਿਨ੍ਹਾਂ ਵਿਚੋਂ 1,07,54,157 ਮਰਦ ਤੇ 96,19,711 ਔਰਤਾਂ ਤੇ 507 ਕਿੰਨਰ ਹਨ। ਰੱਖਿਆ ਸੇਵਾਵਾਂ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਕੁੱਲ 1,00,285 ਰਜਿਸਟਰਡ ਵੋਟਰ ਹਨ ਜਿਨ੍ਹਾਂ ਵਿਚੋਂ 1734 ਔਰਤਾਂ ਹਨ। ਰਾਜ ਵਿਚ ਪਰਵਾਸੀ ਭਾਰਤੀਆਂ ਦੀਆਂ ਕੁੱਲ 393 ਵੋਟਾਂ ਹਨ, ਜਿਨ੍ਹਾਂ ਵਿਚੋਂ 264 ਮਰਦ ਤੇ 129 ਔਰਤਾਂ ਹਨ। ਰਾਜ ਵਿਚ ਕੁੱਲ 23213 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ ਵਿਚੋਂ 16394 ਦਿਹਾਤੀ ਖ਼ੇਤਰ ਤੇ 6819 ਸ਼ਹਿਰੀ ਖ਼ੇਤਰਾਂ ਵਿਚ ਹਨ। ਵਰਨਣਯੋਗ ਹੈ ਕਿ ਮਗਰਲੀਆਂ ਲੋਕਾਂ ਸਭਾ ਚੋਣਾਂ ਜੋ 2014 ਦੌਰਾਨ ਹੋਈਆਂ ਸੀ ਮੌਕੇ 70.89 ਫ਼ੀਸਦੀ ਵੋਟ ਪਈ ਸੀ, ਜਦੋਂਕਿ ਮਗਰਲੀਆਂ ਵਿਧਾਨ ਸਭਾ ਚੋਣਾਂ ਮੌਕੇ 77.41 ਫ਼ੀਸਦੀ ਵੋਟਾਂ ਪਈਆਂ ਸਨ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …