ਭਗਵੰਤ ਮਾਨ ਨੂੰ ਮੁੜ ਪ੍ਰਧਾਨਗੀ ਸੌਂਪਣ ਲਈ ਯਤਨ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਥੇਬੰਦਕ ਢਾਂਚੇ ਦਾ ਮੁੜ ਗਠਨ ਹੋਵੇਗਾ ਅਤੇ ਪ੍ਰਧਾਨਗੀ ਛੱਡ ਚੁੱਕੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਅਹੁਦਾ ਮੁੜ ਸਾਂਭਣ ਲਈ ਮਨਾਉਣ ਦੇ ਯਤਨ ਹੋ ਰਹੇ ਹਨ। ਸੂਤਰਾਂ ਅਨੁਸਾਰ ਭਾਵੇਂ ਪਾਰਟੀ ਮੀਟਿੰਗ ਵਿਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ઠਖਹਿਰਾ ਤੇ ਕੁਝ ਵਿਧਾਇਕਾਂ ਨੇ ਸ਼ਾਹਕੋਟ ਜ਼ਿਮਨੀ ਚੋਣ ਨਾ ਲੜਨ ਦੀ ਸਲਾਹ ਦਿੱਤੀ ਸੀ ਪਰ ਪਾਰਟੀ ਨੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਆਗੂਆਂ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਹੋਣ ਕਾਰਨ ‘ਆਪ’ ਲਈ ਚੋਣ ਲੜਨੀ ਜ਼ਰੂਰੀ ਹੈ। ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਮੀਦਵਾਰ ਦਾ ਫੈਸਲਾ ਹਲਕਾ ਸ਼ਾਹਕੋਟ ਦੇ ਵਾਲੰਟੀਅਰ ਕਰਨਗੇ। ਉਨ੍ਹਾਂ ਦੱਸਿਆ ਕਿ 6 ਉਮੀਦਵਾਰ ਸਾਹਮਣੇ ਆਏ ਹਨ। ਉਮੀਦਵਾਰ ਦਾ ਐਲਾਨ 5 ਮਈ ਨੂੰ ਹੋਣ ਦੀ ਸੰਭਾਵਨਾ ਹੈ। ਡਾ. ਬਲਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਮੁੜ ਗਠਨ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਡਰੱਗ ਮਾਮਲੇ ਵਿਚ ਅਦਾਲਤ ਵਿਚ ਮੁਆਫੀ ਮੰਗੇ ਜਾਣ ‘ਤੇ ਮਾਨ ਸਮੇਤ ਵਿਧਾਇਕ ਅਮਨ ਅਰੋੜਾ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ, ਜਿਸ ਪਿੱਛੋਂ ਹਾਈਕਮਾਂਡ ਨੇ ਡਾ. ਬਲਬੀਰ ਸਿੰਘ ਨੂੰ ਸਹਿ-ਪ੍ਰਧਾਨ ਬਣਾਇਆ ਸੀ। ਉਨ੍ਹਾਂ ਦੱਸਿਆ ਕੇ ਉਹ ਮਾਨ ਨੂੰ ਹੀ ਪ੍ਰਧਾਨ ਬਣਾਉਣਾ ਚਾਹੁੰਦੇ ਹਨ, ਜੋ ਅੱਜਕੱਲ੍ਹ ਵਿਦੇਸ਼ ਦੌਰੇ ‘ਤੇ ਹਨ। ਉਂਜ ਉਨ੍ਹਾਂ ਪਿੱਛੇ ਜਿਹੇ ਸਾਫ ਕਿਹਾ ਸੀ ਕਿ ਉਹ ਅਸਤੀਫਾ ਵਾਪਸ ਨਹੀਂ ਲੈਣਗੇ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਾਰਟੀ ਦੇ ਮੁੱਖ ਦਫਤਰ ਦਾ 5 ਮਈ ਮੁਹਾਲੀ ਵਿਚ ਉਦਘਾਟਨ ਕਰਨਗੇ। ਸਮੂਹ ਜ਼ਿਲ੍ਹਿਆਂ ਵਿੱਚ 5 ਜੂਨ ਤਕ ਦਫਤਰ ਖੋਲ੍ਹ ਦਿੱਤੇ ਜਾਣਗੇ ਤੇ 117 ਵਿਧਾਨ ਸਭਾ ਹਲਕਿਆਂ ਵਿਚ ਵੀ ਪਾਰਟੀ ਦਫਤਰ ਖੋਲ੍ਹਣ ਦੀ ਯੋਜਨਾ ਹੈ। ਪ੍ਰੈਸ ਕਾਨਫਰੰਸ ਵਿਚ ਖਹਿਰਾ ਦੀਆਂ ਸੁਰਾਂ ਕੇਜਰੀਵਾਲ ਬਾਰੇ ਨਰਮ ਜਾਪੀਆਂ। ਉਨ੍ਹਾਂ ਕਿਹਾ ਕਿ ਡਰੱਗ ਦੇ ਮੁੱਦੇ ਉਪਰ ਉਹ ਆਪਣੇ ਪਹਿਲੇ ਸਟੈਂਡ ਉਪਰ ਕਾਇਮ ਹਨ ਅਤੇ ਕੇਜਰੀਵਾਲ ਨੂੰ ਕਈ ਕੇਸ ਦਰਜ ਹੋਣ ਕਾਰਨ ਮਜੀਠੀਆ ਕੋਲੋਂ ਮੁਆਫੀ ਮੰਗਣੀ ਪਈ ਹੈ। ਦੱਸਣਯੋਗ ਹੈ ਕਿ ਮੁਆਫੀ ਮੰਗੇ ਜਾਣ ਦਾ ਖਹਿਰਾ ਨੇ ਭਾਰੀ ਵਿਰੋਧ ਕੀਤਾ ਸੀ। ਇਕ ਵਾਰ ਤਾਂ ਪੰਜਾਬ ਇਕਾਈ ਨੂੰ ਹਾਈਕਮਾਂਡ ਤੋਂ ਅਲੱਗ ਕਰਨ ਦੀਆਂ ਵੀ ਗੱਲਾਂ ਹੋਣ ਲੱਗੀਆਂ ਸਨ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …