ਐਥਿਕਸ ਕਮਿਸ਼ਨਰ ਮੈਰੀ ਡਾਅਸਨ ਨੇ ਦਿੱਤੀ ਕਲੀਨ ਚਿੱਟ
ਓਟਵਾ/ਬਿਊਰੋ ਨਿਊਜ਼ : ਸ਼ੇਅਰ ਵੇਚਣ ਦੇ ਮਾਮਲੇ ‘ਚ ਬਿੱਲ ਮੌਰਨਿਊ ਬੇਦਾਗ਼ ਹੋ ਕੇ ਬਾਹਰ ਨਿਕਲ ਆਏ ਹਨ। ਵਿੱਤ ਮੰਤਰੀ ਬਿੱਲ ਮੌਰਨਿਊ ਨੂੰ 2015 ਵਿੱਚ ਮੌਰਨਿਊ ਸ਼ੇਪੈਲ ਦੇ ਸ਼ੇਅਰਜ਼ ਵੇਚਣ ਦੇ ਮਾਮਲੇ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ।
ਡਾਅਸਨ ਉੱਤੇ ਵਿਰੋਧੀ ਧਿਰ ਵੱਲੋਂ ਇਹ ਦਬਾਅ ਪਾਇਆ ਗਿਆ ਸੀ ਕਿ ਉਹ ਮੌਰਨਿਊ ਤੇ ਉਸ ਦੇ ਪਿਤਾ ਵੱਲੋਂ 2015 ਦੇ ਅਖੀਰ ਵਿੱਚ ਮੌਰਨਿਊ ਸ਼ਪੈਲ ਦੇ ਸ਼ੇਅਰ ਵੇਚਣ ਦੇ ਮਾਮਲੇ ਦੀ ਜਾਂਚ ਕਰਨ। ਵਿਰੋਧੀ ਧਿਰ ਨੇ ਇਹ ਦੋਸ਼ ਵੀ ਲਾਇਆ ਸੀ ਕਿ ਮੌਰਨਿਊ ਨੇ ਖੁਦ ਤੇ ਆਪਣੇ ਪਿਤਾ ਰਾਹੀਂ ਕਈ ਮਿਲੀਅਨ ਡਾਲਰ ਦੇ ਸ਼ੇਅਰ ਵਿਕਵਾ ਕੇ ਖੁਦ ਨੂੰ ਵਿਅਕਤੀਗਤ ਫਾਇਦਾ ਪਹੁੰਚਾਇਆ। ਇਸ ਤੋਂ ਬਾਅਦ ਮੌਰਨਿਊ ਨੇ ਅਮੀਰਾਂ ਤੋਂ ਵੱਧ ਟੈਕਸ ਵਸੂਲਣ ਤੇ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਵਾਲੀ ਨੀਤੀ ਲਿਆਂਦੀ। ਡਾਅਸਨ ਵੱਲੋਂ ਮੌਰਨਿਊ ਨੂੰ ਲਿਖੇ ਖ਼ਤ ਵਿੱਚ ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਹ ਕਿਤੇ ਵੀ ਨਹੀਂ ਲੱਗਿਆ ਕਿ ਵਿੱਤ ਮੰਤਰੀ ਨੇ ਅੰਦਰੂਨੀ ਜਾਣਕਾਰੀ ਤੋਂ ਕੋਈ ਫਾਇਦਾ ਉਠਾਇਆ। ਡਾਅਸਨ ਨੇ ਆਖਿਆ ਕਿ ਉਨ੍ਹਾਂ ਪਾਇਆ ਕਿ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਟੈਕਸ ਵਿੱਚ ਤਬਦੀਲੀ ਕਰਨਾ 2015 ਵਿੱਚ ਲਿਬਰਲਾਂ ਦਾ ਫੈਡਰਲ ਇਲੈਕਸ਼ਨ ਵਾਅਦਾ ਸੀ। ਇਸ ਲਈ ਡਾਅਸਨ ਨੇ ਇਸ ਨੂੰ ਫਜੂਲ ਮੰਨਿਆ ਕਿਉਂਕਿ ਚੋਣ ਵਾਅਦੇ ਸਰਕਾਰੀ ਮੁੱਦਿਆਂ ਤੋਂ ਵੱਖ ਹੁੰਦੇ ਹਨ।
ਜਿਸ ਸਮੇਂ ਵਿਰੋਧੀ ਧਿਰ ਨੇ ਇਲਜ਼ਾਮ ਲਗਾਏ ਤਾਂ ਮੌਰਨਿਊ ਨੇ ਆਪਣੇ ਪਿਤਾ ਨਾਲ ਟੈਕਸ ਨੀਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਬੰਧੀ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਨਿਰਅਧਾਰ ਦੱਸਿਆ ਤੇ ਹਾਊਸ ਆਫ ਕਾਮਨਜ਼ ਦੇ ਬਾਹਰ ਅਜਿਹੇ ਇਲਜ਼ਾਮ ਦੁਹਰਾਉਣ ਦੀ ਸੂਰਤ ਵਿੱਚ ਵਿਰੋਧੀ ਧਿਰ ਖਿਲਾਫ ਅਦਾਲਤੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ। ਵਿਰੋਧੀ ਧਿਰ ਨੇ ਮੌਰਨਿਊ ਸ਼ੇਪੈਲ ਨਾਲ ਬੈਂਕ ਆਫ ਕੈਨੇਡਾ ਵੱਲੋਂ ਆਪਣਾ ਕੰਟਰੈਕਟ ਮੁੜ ਨਵਿਆਉਣ ਦੇ ਮਾਮਲੇ ਵਿੱਚ ਮੌਰਨਿਊ ਦੀ ਸ਼ਮੂਲੀਅਤ ਬਾਰੇ ਪਤਾ ਲਾਉਣ ਲਈ ਵੀ ਆਖਿਆ ਸੀ। ਪਰ ਕਮਿਸ਼ਨਰ ਨੇ ਆਖਿਆ ਕਿ ਬੈਂਕ ਦੇ ਫੈਸਲੇ ਵਿੱਚ ਵੀ ਮੌਰਨਿਊ ਦੀ ਕੋਈ ਸ਼ਮੂਲੀਅਤ ਨਹੀਂ ਸੀ। ਡਾਅਸਨ ਨੇ ਆਖਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਇਹ ਦੋਵੇਂ ਮਾਮਲੇ ਬੰਦ ਹੋ ਚੁੱਕੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …