ਬਠਿੰਡਾ : 94 ਦਿਨਾਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦੇ ਬਾਹਰ ਧਰਨੇ ‘ਤੇ ਬੈਠੀਆਂ ਆਂਗਣਵਾੜੀ ਵਰਕਰਾਂ ਬੁੱਧਵਾਰ ਸਵੇਰੇ 11 ਵਜੇ ਹੀ ਕਰਜ਼ਾ ਮਾਫੀ ਸਮਾਗਮ ਵਿਚ ਮਨਪ੍ਰੀਤ ਬਾਦਲ ਦਾ ਘਿਰਾਓ ਕਰਨ ਪਹੁੰਚ ਗਈਆਂ। ਉਨ੍ਹਾਂ ਦਾ ਮਕਸਦ ਵਿੱਤ ਮੰਤਰੀ ਨੂੰ ਸਮਾਗਮ ਤੱਕ ਨਾ ਪਹੁੰਚਣ ਦੇਣ ਦਾ ਸੀ। ਜਿਵੇਂ ਮਨਪ੍ਰੀਤ ਸਮਾਗਮ ਵਿਚ ਪਹੁੰਚੇ ਤਾਂ ਵਰਕਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜ਼ਬਰਦਸਤੀ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤੇ ਮਹਿਲਾਵਾਂ ਗੇਟ ਦੇ ਬਾਹਰ ਹੀ ਬੈਠ ਗਈਆਂ। ਇਕ ਘੰਟੇ ਤੱਕ ਪੁਲਿਸ ਅਤੇ ਆਂਗਣਵਾੜੀ ਵਰਕਰਾਂ ‘ਚ ਧੱਕਾਮੁੱਕੀ ਹੁੰਦੀ ਰਹੀ। ਪੁਲਿਸ ਨੇ ਵਰਕਰਾਂ ਨੂੰ ਘੜੀਸ ਕੇ ਵੈਨਾਂ ਵਿਚ ਬਿਠਾਇਆ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕਰਕੇ ਆਂਗਣਵਾੜੀ ਵਰਕਰਾਂ ਦੀ ਸੂਬਾ ਪ੍ਰਧਾਨ ਸਮੇਤ 100 ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਤੋਂ ਬਾਅਦ ਵਿੱਤ ਮੰਤਰੀ ਸਮਾਗਮ ਵਿਚ ਪਹੁੰਚ ਸਕੇ। ਆਲ ਪੰਜਾਬ ਆਂਗਣਵਾੜੀ ਮੁਲਾਜਿਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਉਹ ਦਿੱਲੀ ਪੈਟਰਨ ‘ਤੇ ਭੱਤਾ ਦੇਣ ਅਤੇ ਆਂਗਣਵਾੜੀ ਸੈਂਟਰਾਂ ਵਿਚ ਭੇਜਣ ਦੀ ਮੰਗ ਕਰ ਰਹੀਆਂ ਹਨ। ਦੂਜੇ ਪਾਸੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕਹਿਣਾ ਸੀ ਕਿ ਆਂਗਣਵਾੜੀ ਵਰਕਰਾਂ ਦੀਆਂ ਮੰਗਾਂ ਗੰਭੀਰ ਹਨ, ਉਨ੍ਹਾਂ ਦੀਆਂ ਮੰਗਾਂ ਕੇਂਦਰ ਸਰਕਾਰ ਹੀ ਪੂਰਾ ਕਰ ਸਕਦੀ ਹੈ।

