Breaking News
Home / ਸੰਪਾਦਕੀ / ਸੋਸ਼ਲ ਮੀਡੀਆ ਬਨਾਮ ਮੁੱਖ ਧਾਰਾ ਦਾ ਮੀਡੀਆ

ਸੋਸ਼ਲ ਮੀਡੀਆ ਬਨਾਮ ਮੁੱਖ ਧਾਰਾ ਦਾ ਮੀਡੀਆ

Editorial6-680x365-300x161ਡਿਜ਼ੀਟਲ ਯੁੱਗ ਵਿਚ ਸੋਸ਼ਲ ਮੀਡੀਆ ਦੁਨੀਆ ‘ਚ ਲੋਕਤੰਤਰ ਦਾ ਮਜ਼ਬੂਤ ਥੰਮ ਬਣ ਕੇ ਉਭਰਿਆ ਹੈ। ਜਿਨ੍ਹਾਂ ਦੇਸ਼ਾਂ ਵਿਚ ਮੁੱਖ ਧਾਰਾ ਦਾ ਮੀਡੀਆ ਹਾਲੇ ਵੀ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ, ਉਥੇ ਤਾਂ ਸੋਸ਼ਲ ਮੀਡੀਆ ਮੁੱਖ ਧਾਰਾ ਦੇ ਮੀਡੀਆ ਦਾ ਬਦਲ ਬਣ ਰਿਹਾ ਹੈ। ਕਿਹਾ ਤਾਂ ਇਥੋਂ ਤੱਕ ਜਾ ਰਿਹਾ ਹੈ ਕਿ ਮੁੱਖ ਧਾਰਾ ਦਾ ਮੀਡੀਆ ਵਿਸ਼ਵ ਪੂੰਜੀਵਾਦ ਅਤੇ ਵਿਸ਼ਵ ਰਾਜਨੀਤਕ ਤਾਕਤਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੈ, ਇਸ ਲਈ ਡਿਜ਼ੀਟਲ ਯੁੱਗ ਵਿਚ ਮੀਡੀਆ ਦੀ ਆਜ਼ਾਦੀ ਦੀ ਮਸ਼ਾਲ ਸੋਸ਼ਲ ਮੀਡੀਆ ਬਣ ਰਿਹਾ ਹੈ। ਇਸ ਦੀ ਅਹਿਮੀਅਤ ਦਾ ਅਨੁਮਾਨ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਦੁਨੀਆ ਦੇ ਵੱਡੇ-ਵੱਡੇ ਅਖ਼ਬਾਰ ਅਤੇ ਟੀ.ਵੀ. ਚੈਨਲ ਵੀ ਆਪਣੇ ਪ੍ਰਚਾਰ ਤੇ ਪ੍ਰਸਾਰ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਇੱਥੋਂ ਤੱਕ ਕਿ ਹੁਣ ਕਾਗਜ਼ਾਂ ‘ਤੇ ਛਪਣ ਵਾਲੇ ਅਖ਼ਬਾਰਾਂ ਦੀ ਦੁਨੀਆ ਦੇ ਹਰ ਦੇਸ਼ ਅੰਦਰ ਵੁੱਕਤ ਪਹਿਲਾਂ ਜਿੰਨੀ ਨਹੀਂ ਰਹੀ ਅਤੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ ਕਿ ਡਿਜ਼ੀਟਲ ਮੀਡੀਆ ਦਾ ਯੁੱਗ ਪ੍ਰਿੰਟ ਮੀਡੀਆ ਨੂੰ ਆਉਂਦੇ ਦਹਾਕਿਆਂ ਵਿਚ ਪੂਰੀ ਤਰ੍ਹਾਂ ਨਿਗਲ ਜਾਵੇਗਾ।
ਜਨ-ਸਾਧਾਰਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸਾਰੇ ਫ਼ੇਸਬੁਕ ਅਤੇ ਟਵਿੱਟਰ ਉੱਤੇ ਹਨ, ਜੋ ਹਰ ਪਲ ਕਿਸੇ ਨਾ ਕਿਸੇ ਰੂਪ ‘ਚ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਮਨ ਦੀ ਗੱਲ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਸੋਸ਼ਲ ਮੀਡੀਆ ਅੱਜ ਹਰ ਵਿਅਕਤੀ ਲਈ ਆਪਣੇ ਵਿਚਾਰ ਪ੍ਰਗਟ ਕਰਨ ਦਾ ਇਕ ਮਾਧਿਅਮ ਬਣ ਗਿਆ ਹੈ। ਇਸ ਨੂੰ ਵਿਅਕਤੀਗਤ ਅਤੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇਹ ਆਮ ਆਦਮੀ ਦੇ ਸ਼ਕਤੀਕਰਨ ਦਾ ਪ੍ਰਤੀਕ ਵੀ ਬਣਦਾ ਜਾ ਰਿਹਾ ਹੈ। ਜਿਥੋਂ ਤੱਕ ਜਾਣਕਾਰੀ ਦੇ ਆਦਾਨ-ਪ੍ਰਦਾਨ ਅਤੇ ਵੱਖ-ਵੱਖ ਮੁੱਦਿਆਂ ਦੇ ਸੰਵਾਦ ਦੀ ਗੱਲ ਹੈ, ਉਥੋਂ ਤੱਕ ਸੋਸ਼ਲ ਮੀਡੀਆ ਇਕ ਬਹੁਤ ਹੀ ਸਾਕਾਰਾਤਮਕ ਰੁਝਾਨ ਕਿਹਾ ਜਾ ਸਕਦਾ ਹੈ। ਪਰ ਜਦੋਂ ਕੋਈ ਵਿਅਕਤੀ ਬਿਨਾਂ ਤੱਥਾਂ ਦੀ ਜਾਂਚ-ਪੜਤਾਲ ਕੀਤਿਆਂ, ਬਿਨ੍ਹਾਂ ਦੂਜਿਆਂ ਦੇ ਮਾਨ-ਸਨਮਾਨ ਦਾ ਧਿਆਨ ਰੱਖੇ ਸੋਸ਼ਲ ਮੀਡੀਆ ‘ਤੇ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਕੇ ਦੂਜਿਆਂ ਦੇ ਕੱਪੜੇ ਉਤਾਰਨ ਲੱਗੇ ਤਾਂ ਅਜਿਹੇ ਕਥਿਤ ਸੋਸ਼ਲ ਕਾਰਕੁੰਨਾਂ ਨੂੰ ਕੀ ਕਹੋਗੇ? ਨਿੱਜੀ-ਨਾਪਸੰਦਗੀ ਅਤੇ ਲੜਾਈ-ਝਗੜੇ ਗੁੱਸੇ ਦੇ ਰੂਪ ‘ਚ ਸੋਸ਼ਲ ਮੀਡੀਆ ਦੇ ਜ਼ਰੀਏ ਨਿਕਲਦੇ ਹਨ। ਕੀ ਸਿਆਸਤ ਕਰਨ ਵਾਲੇ, ਕੀ ਵਪਾਰ ਅਤੇ ਦੂਜੇ ਧੰਦਿਆਂ ਵਿਚ ਹੱਥ ਅਜ਼ਮਾਉਣ ਵਾਲੇ ਹਰ ਕੋਈ ਸੋਸ਼ਲ ਮੀਡੀਆ ਕਾਰਕੁੰਨ ਬਣਿਆ ਬੈਠਾ ਹੈ ਅਤੇ ਮੁੱਖ ਧਾਰਾ ਦੇ ਮੀਡੀਆ ਦੇ ਵਿਕੇ ਹੋਣ ਦਾ ਫ਼ਰਮਾਨ ਜਾਰੀ ਕਰਕੇ ਆਪਣੀਆਂ ਗੱਲਾਂ ਕਹਿੰਦਾ ਰਹਿੰਦਾ ਹੈ, ਭਾਵੇਂ ਉਸ ਵਿਚ ਕੋਈ ਤੱਥ ਹੋਵੇ ਜਾਂ ਨਾ।
ਉਂਜ ਤਾਂ ਕਦਰਾਂ-ਕੀਮਤਾਂ ਦਾ ਸੰਕਟ ਕੇਵਲ ਮੀਡੀਆ ਨਾਲ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਪੂਰੇ ਸਮਾਜ ਦਾ ਮੁੱਦਾ ਹੈ, ਇਸ ਲਈ ਜੋ ਮੀਡੀਆ ਆਪਣੇ ਆਪ ਨੂੰ ਸੋਸ਼ਲ ਮੀਡੀਆ ਕਹਿੰਦਾ ਹੈ, ਉਸ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੀ ਮਰਿਯਾਦਾ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ। ਜ਼ਿਆਦਾਤਰ ਲੋਕ ਪੂਰਾ ਦਿਨ ਅਜਿਹੀਆਂ ਸ਼ੋਭਾਹੀਣ ਟਿੱਪਣੀਆਂ ਕਰਨ ਵਿਚ ਲੱਗੇ ਰਹਿੰਦੇ ਹਨ, ਜਿਨ੍ਹਾਂ ਦਾ ਕੋਈ ਠੋਸ ਆਧਾਰ ਅਤੇ ਤੱਥ ਨਹੀਂ ਹੁੰਦਾ।
ਜੇਕਰ ਕੋਈ ਪੱਤਰਕਾਰ ਖੋਜ ਰਿਪੋਰਟ ਦੇ ਜ਼ਰੀਏ ਜਾਂ ਕੋਈ ਅਜਿਹੇ ਤੱਥਾਂ ਦੇ ਆਧਾਰ ‘ਤੇ ਕਿਸੇ ਜਾਂ ਸਰਕਾਰ ਦੇ ਖਿਲਾਫ਼ ਕੋਈ ਖੁਲਾਸਾ ਕਰਦਾ ਹੈ ਅਤੇ ਉਸ ਦੇ ਖਿਲਾਫ਼ ਕੋਈ ਝੂਠਾ ਕੇਸ ਬਣਦਾ ਹੈ ਤਦ ਤਾਂ ਗੱਲ ਸਮਝ ਵਿਚ ਆਉਂਦੀ ਹੈ ਕਿ ਸਰਕਾਰ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅੱਜ-ਕਲ੍ਹ ਹਰ ਕੋਈ ਸੋਸ਼ਲ ਮੀਡੀਆ ਕਾਰਕੁੰਨ ਬਣਿਆ ਹੋਇਆ ਹੈ ਅਤੇ ਉਹ ਆਪਣੇ ਸਾਰੇ ਕੰਮਾਂ ਨੂੰ ਛੱਡ ਕੇ ਇਸ ਦੇ ਪਿੱਛੇ ਲੱਗਾ ਰਹਿੰਦਾ ਹੈ। ਸੋਸ਼ਲ ਮੀਡੀਆ ‘ਤੇ ਸਰਗਰਮ ਅਜਿਹੇ ਲੋਕਾਂ ਨੇ ਇਕ ਵੱਡੀ ਫ਼ੌਜ ਤਿਆਰ ਕੀਤੀ ਹੋਈ ਹੈ ਜੋ ਜਦੋਂ ਚਾਹੇ ਕਿਸੇ ਦੇ ਖਿਲਾਫ਼ ਵੀ ਬਿਨਾਂ ਤੱਥਾਂ ਦੀ ਜਾਂਚ-ਪੜਤਾਲ ਕੀਤਿਆਂ ਹੱਲਾ ਬੋਲ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਲਿਖਣ ਵਾਲੇ ਇਹ ਸਾਰੇ ਲੋਕ ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਦੇ ਹਨ ਅਤੇ ਆਪਣੇ ਖਿਲਾਫ਼ ਹੋਈ ਕਾਰਵਾਈ ਨੂੰ ਮੀਡੀਆ ‘ਤੇ ਹਮਲੇ ਦੇ ਰੂਪ ਵਿਚ ਪੇਸ਼ ਕਰਦੇ ਹਨ। ਸੋਸ਼ਲ ਮੀਡੀਆ ਅਤੇ ਮੀਡੀਆ ਕਰਮੀ ਹੋਣ ਦਾ ਭਾਵ ਕੀ ਹੈ ਕਿ ਸਾਡੇ ਕੋਲ ਕਿਸੇ ਦੇ ਵੀ ਬੈੱਡਰੂਮ ਵਿਚ ਵੜਨ ਦਾ ਲਾਇਸੰਸ ਹੈ? ਮੀਡੀਆ ਨੂੰ ਮੀਡੀਆ ਵਾਂਗ ਕੰਮ ਕਰਨਾ ਚਾਹੀਦਾ ਹੈ। ਸੱਚ ਦੀ ਖੋਜ ਮੀਡੀਆ ਅਤੇ ਸੋਸ਼ਲ ਮੀਡੀਆ ਕਰਮੀਆਂ ਦਾ ਉਦੇਸ਼ ਹੋਣਾ ਚਾਹੀਦਾ ਹੈ। ਪਰ ਸੱਚ ਉਹ ਨਹੀਂ ਜੋ ਕੇਵਲ ਇਕ ਦ੍ਰਿਸ਼ਟੀਕੋਣ ਤੋਂ ਦਿਖਾਈ ਦੇਵੇ। ਸੱਚ ਉਹ ਹੋਣਾ ਚਾਹੀਦਾ ਹੈ, ਜਿਸ ਵਿਚ ਜਨ-ਕਲਿਆਣ ਹੋਵੇ, ਸਮਾਜ ਅਤੇ ਕੌਮ ਦਾ ਭਲਾ ਹੋਵੇ। ਜਿਨ੍ਹਾਂ ਲੋਕਾਂ ਨੂੰ ਸਰਕਾਰੀ ਅਤੇ ਸੱਤਾਧਾਰੀਆਂ ਦੇ ਮੁਕੱਦਮਿਆਂ ਤੋਂ ਡਰ ਲੱਗਦਾ ਹੈ ਉਹ ਇਸ ਕੰਮ ਤੋਂ ਦੂਰ ਰਹਿਣ। ਜਦੋਂ ਮੀਡੀਆ ਦੇ ਖੇਤਰ ਵਿਚ ਕੰਮ ਕਰਨਾ ਹੈ ਤਾਂ ਤੁਹਾਨੂੰ ਰੋਜ਼ਾਨਾ ਇਮਾਨਦਾਰੀ ਅਤੇ ਨਿਸ਼ਚੇ ਦੇ ਪੰਧ ‘ਤੇ ਚੱਲਦੇ ਸਮੇਂ ਵੱਖ-ਵੱਖ ਤਰ੍ਹਾਂ ਦੇ ਸਵਾਲਾਂ ਨਾਲ ਜੂਝਣਾ ਪਵੇਗਾ। ਤੁਹਾਨੂੰ ਪਲ-ਪਲ ‘ਤੇ ਆਪਣੀ ਦਿਸ਼ਾ ਅਤੇ ਦਸ਼ਾ ਤੈਅ ਕਰਨੀ ਪਵੇਗੀ। ਆਪਣੀਆਂ ਕਦਰਾਂ-ਕੀਮਤਾਂ ਅਤੇ ਬੌਧਿਕਤਾ ਦੇ ਨਾਲ ਕਦਮ-ਕਦਮ ‘ਤੇ ਸਵਾਲਾਂ ਨੂੰ ਖੁਦ ਹੀ ਜਵਾਬ ਦੇਣੇ ਹੋਣਗੇ। ਪਰ ਸੱਚ ਦੀ ਆਵਾਜ਼ ਉਠਾਉਣ ਤੋਂ ਪਹਿਲਾਂ ਆਪਣੇ ਵਿਕਾਰਾਂ ਨੂੰ ਖ਼ਤਮ ਕਰਨਾ ਪਵੇਗਾ। ਆਪਣੇ ਆਚਰਣ ਨੂੰ ਪਾਕ-ਦਾਮਨ ਕਰਨਾ ਪਵੇਗਾ। ਤਾਂ ਹੀ ਤੁਹਾਡੇ ਵਿਚਾਰ ਤੁਹਾਡੀ ਸ਼ਕਤੀ ਬਣ ਸਕਦੇ ਹਨ। ਨਹੀਂ ਤਾਂ ਇਹੀ ਵਿਕਾਰ ਅਤੇ ਆਚਰਣ ਤੁਹਾਨੂੰ ਗੁਲਾਮ ਵੀ ਬਣਾ ਸਕਦਾ ਹੈ।
ਬੇਸ਼ੱਕ ਅੱਜ ਸੋਸ਼ਲ ਮੀਡੀਆ ਹਰ ਕਿਸੇ ਤਰ੍ਹਾਂ ਦੇ ਅੰਕੁਸ਼ ਤੋਂ ਪੂਰੀ ਤਰ੍ਹਾਂ ਆਜ਼ਾਦ ਹੈ, ਪਰ ਇਸ ਆਜ਼ਾਦੀ ਦੀ ਆੜ ‘ਚ ਸੱਭਿਅਕ ਮਰਿਯਾਦਾਵਾਂ, ਸ਼ਿਸ਼ਟਾਚਾਰ, ਨੈਤਿਕਤਾ ਤੇ ਜਾਣਕਾਰੀ ਦੀ ਪ੍ਰਮਾਣਿਕਤਾ ‘ਤੇ ਅੰਕੁਸ਼ ਜ਼ਰੂਰ ਲੱਗ ਗਿਆ ਹੈ। ਮੁੱਖ ਧਾਰਾ ਦੇ ਮੀਡੀਆ ‘ਤੇ ਕਾਰਪੋਰੇਟਸ ਜਾਂ ਸਿਆਸੀ ਪਾਰਟੀਆਂ ਦਾ ਪਿੱਛਲੱਗ ਹੋਣ ਦੇ ਭਾਵੇਂ ਦੋਸ਼ ਲੱਗਦੇ ਹਨ ਪਰ ਸੋਸ਼ਲ ਮੀਡੀਆ ਆਜ਼ਾਦ ਹੋ ਕੇ ਵੀ ਹਾਲੇ ਤੱਕ ਮੁੱਖ ਧਾਰਾ ਦੇ ਮੀਡੀਆ ਜਿੰਨਾ ਜ਼ਿੰਮੇਵਾਰ, ਪ੍ਰਮਾਣਿਕ ਤੇ ਪ੍ਰਤੀਬੱਧ ਨਹੀਂ ਹੋ ਸਕਿਆ। ਮੀਡੀਆ ਦਾ ਭਾਵ ਆਜ਼ਾਦੀ ਤਾਂ ਹੈ, ਪਰ ਹਰ ਕਿਸੇ ਤਰ੍ਹਾਂ ਦੀ ਲਛਮਣ ਰੇਖਾ ਤੋਂ ਬਾਹਰ ਮੀਡੀਆ ਵੀ ਨਹੀਂ ਹੈ। ਜਦੋਂ ਸੋਸ਼ਲ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਕਿਸੇ ਪ੍ਰਸਿੱਧ ਵਿਅਕਤੀ ਦੇ ਖਿਲਾਫ਼ ਇਲਜ਼ਾਮ-ਤਰਾਸ਼ੀ ਹੁੰਦੀ ਹੈ ਤਾਂ ਇਸ ਦੀ ਪ੍ਰਮਾਣਿਕਤਾ ਦੀ ਜ਼ਿੰਮੇਵਾਰੀ ਕਿਸੇ ਦੇ ਸਿਰ ਨਹੀਂ ਹੁੰਦੀ। ਮੀਡੀਆ ਸੱਚਾਈ ਦੀ ਸਾਧਨਾ ਦਾ ਉਪਦੇਸ਼ ਹੈ, ਪਰ ਇਸ ਦੇ ਨਾਲ-ਨਾਲ ਆਪਣੇ ਸੰਸਕਾਰੀ ਨਿੱਜਤਵ ਅਤੇ ਪੇਸ਼ੇਵਰ ਕਦਰਾਂ-ਕੀਮਤਾਂ ‘ਚ ਸੰਤੁਲਨ ਬਣਾਉਣ ਦੀ ਕਲਾ ਹੋਣੀ ਲਾਜ਼ਮੀ ਹੈ। ਇਸ ਦੇ ਲਈ ਬਹੁਜਨ ਹਿੱਤਕਾਰੀ, ਪੂਰਨ ਜ਼ਿੰਮੇਵਾਰੀ, ਨਿਸ਼ਚੇ ਭਾਵਨਾ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਨਾਕਾਰਾਤਮਕ ਸੋਚ ਛੱਡਣ ਵਰਗਾ ਮੂਲ ਮੰਤਰ ਅਪਨਾਉਣਾ ਵੀ ਮੀਡੀਆ ਦਾ ਮੂਲ ਮੰਤਰ ਹੈ। ਇਸ ਕਰਕੇ ਡਿਜ਼ੀਟਲ ਯੁੱਗ ਵਿਚ ਭਾਵੇਂ ਸੋਸ਼ਲ ਮੀਡੀਆ ਮੁੱਖ ਧਾਰਾ ਦੇ ਮੀਡੀਆ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਰਿਹਾ ਹੈ, ਪਰ ਹਾਲੇ ਤੱਕ ਇਹ ਮੁੱਖ ਧਾਰਾ ਦੇ ਮੀਡੀਆ ਜਿੰਨੀ ਭਰੋਸੇਯੋਗਤਾ, ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਸਥਾਪਿਤ ਨਹੀਂ ਕਰ ਸਕਿਆ।

Check Also

ਵਿਸ਼ਵ ਜੰਗ ਦਾ ਵੱਧਦਾ ਖ਼ਦਸ਼ਾ

ਇਜ਼ਰਾਈਲ ਅਤੇ ਹਮਾਸ ਦਰਮਿਆਨ ਛੇ ਮਹੀਨੇ ਪਹਿਲਾਂ ਆਰੰਭ ਹੋਈ ਜੰਗ ਹੁਣ ਪੱਛਮੀ ਏਸ਼ੀਆ ਦੇ ਹੋਰ …