ਆਰ ਸੀ ਐਮ ਪੀ ਦਾ ਦਾਅਵਾ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਆਤਮਘਾਤੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ 20 ਸਾਲਾ ਨੌਜਵਾਨ ਏਰਨ
ਓਨਟਾਰੀਓ/ਬਿਊਰੋ ਨਿਊਜ਼ : ਕੈਨੇਡਾ ਵਿਚ ਆਈਐਸਆਈਐਸ ਦਾ ਝੰਡਾ ਚੁੱਕਣ ਵਾਲਾ ਸ਼ੱਕੀ ਅੱਤਵਾਦੀ ਆਰਸੀਐਮਪੀ ਨੇ ਮਾਰ ਮੁਕਾਇਆ। ਲਗਭਗ 20 ਸਾਲਾ ਏਰਨ ਉਸ ਵਕਤ ਪੁਲਿਸ ਦੀਆਂ ਗੋਲੀਆਂ ਦਾ ਨਿਸ਼ਾਨਾ ਬਣਿਆ ਜਦੋਂ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਿਸ ‘ਤੇ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਦਾ ਦਾਅਵਾ ਹੈ ਕਿ ਉਹ ਕੈਨੇਡਾ ਦੇ ਵੱਡੇ ਸ਼ਹਿਰਾਂ ‘ਚ ਆਤਮਘਾਤੀ ਹਮਲਾ ਦੀ ਯੋਜਨਾ ਬਣਾ ਰਿਹਾ ਸੀ। ਮੂਲ ਰੂਪ ਵਿਚ ਵਿਨੀਪੈਗ ਦਾ ਰਹਿਣ ਵਾਲਾ ਏਰਨ ਪਹਿਲਾਂ ਹੀ ਪੁਲਿਸ ਦੀ ਨਜ਼ਰ ‘ਚ ਸੀ। ਦਾਅਵਾ ਹੈ ਕਿ ਉਸ ਨੂੰ ਅਜਿਹੀਆਂ ਸ਼ੱਕੀ ਗਤੀਵਿਧੀਆਂ ਦੇ ਚਲਦਿਆਂ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਏਰਨ ਡਰਾਈਵਰ ਟੋਰਾਂਟੋ ਤੋਂ 225 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਸਟਰੈਥਰੌਏ ਕਮਿਊਨਿਟੀ ਵਿੱਚ ਇੱਕ ਘਰ ਦੇ ਅੰਦਰ ਹੀ ਪੁਲਿਸ ਹੱਥੋਂ ਮਾਰਿਆ ਗਿਆ। ਕੈਨੇਡਾ ਦਾ ਖੁਫੀਆ ਤੰਤਰ ਤੇ ਪੁਲਿਸ ਅਧਿਕਾਰੀ ਉਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿਉਂਕਿ ਉਹ ਇਸਲਾਮੀ ਅੱਤਵਾਦੀ ਜਥੇਬੰਦੀ ਦਾ ਹਮਾਇਤੀ ਸੀ।
ਪੁਲਿਸ ਦਾ ਮੰਨਣਾ ਸੀ ਕਿ ਡਰਾਈਵਰ ਇਸ ਤਰ੍ਹਾਂ ਆਤਮਘਾਤੀ ਹਮਲਾ ਕਰਨ ਦੀ ਸਾਜ਼ਿਸ਼ ਇੱਕਲਿਆਂ ਹੀ ਤਿਆਰ ਕਰ ਰਿਹਾ ਸੀ। ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਕੈਨੇਡੀਅਨ ਪੁਲਿਸ ਅਧਿਕਾਰੀਆਂ ਅਨੁਸਾਰ ਉਹ ਆਈ.ਐਸ.ਆਈ.ਐਸ. ਦਾ ਸਮਰਥਕ ਸੀ ਅਤੇ ਆਨਲਾਈਨ ਹੀ ਉਸ ਦੇ ਨਾਲ ਸਮਰਥਨ ਵਿਚ ਸਰਗਰਮ ਰਹਿੰਦਾ ਸੀ।
ਪੁਲਿਸ ਅਨੁਸਾਰ ਏਰਨ ਆਪਣੇ ਪੱਧਰ ‘ਤੇ ਹੀઠઠਆਤਮਘਾਤੀ ਹਮਲਾ ਕਰਨ ਦੀ ਤਿਆਰੀ ਵਿਚ ਸੀ ਅਤੇ ਉਹ ਆਪਣੇ ਇਰਾਦਿਆਂ ਨੂੰ ਕਦੇ ਵੀ ਅੰਜ਼ਾਮ ਦੇ ਸਕਦਾ ਸੀ। ਬੁੱਧਵਾਰ ਦੀ ਰਾਤ ਨੂੰ ਜਦੋਂ ਪੁਲਿਸ ਉਸ ਦੇ ਘਰ ਗਈ ਤਾਂ ਪੁਲਿਸ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਅੰਦਰ ਕੀ ਹੋਵੇਗਾ? ਅਚਾਨਕ ਹੀ ਘਰ ਦੇ ਅੰਦਰ ਗੋਲੀਆਂ ਚੱਲਣ ਲੱਗੀਆਂ ਅਤੇ ਏਰਨ ਮਾਰਿਆ ਗਿਆ। ਇਸ ਆਪ੍ਰੇਸ਼ਨ ਵਿਚ ਆਰ.ਸੀ.ਐਮ.ਪੀ., ਬੰਬ ਸੁਕਾਇਡ ਅਤੇ ਕੈਨੇਡੀਅਨ ਫ਼ੋਰਸ ਦੀ ਸਪੈਸ਼ਨ ਅਪਰੇਸ਼ਨ ਫ਼ੋਰਸ ਵੀ ਸ਼ਾਮਲ ਸੀ।
ਬੰਬ ਧਮਾਕੇ ਕਰਨਾ ਚਾਹੁੰਦਾ ਸੀ ਏਰਨ
ਪੁਲਿਸ ਅਨੁਸਾਰ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏਰਨ ਕੁਝ ਸ਼ਹਿਰਾਂ ਵਿਚ ਜਨਤਕ ਥਾਵਾਂ ‘ਤੇ ਆਈ.ਈ.ਡੀ. ਨਾਲ ਬੰਬ ਧਮਾਕੇ ਕਰਨਾ ਚਾਹੁੰਦਾ ਸੀ। ਉਹ ਵੱਧ ਤੋਂ ਵੱਧ ਲੋਕਾਂ ਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੂੰ ਡਰ ਸੀ ਕਿ ਉਹ ਬੁੱਧਵਾਰ ਨੂੰ ਹੀ ਹਮਲਾ ਕਰਨ ਵਾਲਾ ਸੀ। ਪੁਲਿਸ ਨੇ ਉਸ ਨੂੰ ਪਹਿਲਾਂ ਵੀ ਕਈ ਵਾਰ ਫੜਿਆ ਸੀ ਪਰ ਉਸ ‘ਤੇ ਕੋਈ ਠੋਸ ਦੋਸ਼ ਨਹੀਂ ਲਗਾਇਆ ਗਿਆ ਸੀ।ਪੁਲਿਸ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਕੋਈ ਖ਼ਤਰਾ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਰੇ ਦੀ ਸੰਭਾਵਨਾ ਨੂੰ ਖ਼ਤਮ ਕਰਨਾ ਪੁਲਿਸ ਦਾ ਕੰਮ ਹੈ ਅਤੇ ਇਸ ਨੂੰ ਪੂਰਾ ਕੀਤਾ ਗਿਆ। ਫ਼ਰਵਰੀ ਵਿਚ ਏਰਨ ਨੇ ਅਦਾਲਤ ਵਿਚ ਸ਼ਾਂਤੀ ਨਾਲ ਰਹਿਣ ਦਾ ਬਾਂਡ ਭਰਿਆ ਸੀ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਉਹ ਲਗਾਤਾਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ। ਆਸਪਾਸ ਦੇ ਲੋਕਾਂ ਨੇ ਦੱਸਿਆ ਕਿ ਏਰਨ ਆਪਣੇ ਕੋਲ ਹੀ ਆਪਣੇ ਮਾਂ-ਬਾਪ ਦੇ ਸਟੋਰ ਤੋਂ ਐਨਰਜੀ ਡ੍ਰਿੰਕ ਲੈਣ ਅਕਸਰ ਜਾਂਦਾ ਰਹਿੰਦਾ ਸੀ।ਲੰਦਨ, ਓਨਟਾਰੀਓ ਦੇ ਕੋਲ ਇਸ ਛੋਟੇ ਜਿਹੇ ਸ਼ਹਿਰ ਵਿਚ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਇੰਨੀ ਭਾਰੀ ਸਰਗਰਮੀ ਨੂੰ ਦੇਖ ਕੇ ਕਾਫ਼ੀ ਲੋਕ ਪ੍ਰੇਸ਼ਾਨ ਵੀ ਹੋ ਗਏ। ਇਕ ਸਮੇਂ ਮੌਕੇ ‘ਤੇ ਪੁਲਿਸ ਦੀਆਂ 25 ਤੋਂ ਜ਼ਿਆਦਾ ਕਰੂਜ਼ਰ ਵੀ ਮੌਜੂਦ ਸਨ।
ਪਬਲਿਕ ਸੇਫ਼ਟੀ ਮੰਤਰੀ ਰਲਫ਼ ਗੁਡੇਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਰਕਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਹੁਣ ਸਾਰੇ ਸੁਰੱਖਿਅਤ ਹਨ।
ਪੁਲਿਸ ਕਰ ਰਹੀ ਪੂਰੇ ਮਾਮਲੇ ਦੀ ਘੋਖ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਟੀਮ ਮੌਕੇ ਦਾ ਮੁਆਇਨਾ ਕਰਕੇ ਜਾਂਚ ਕਰ ਰਹੀ ਹੈ। ਸਾਰੀ ਜਾਣਕਾਰੀ ਇਕੱਤਰ ਕਰਨ ਤੋਂ ਬਾਅਦ ਉਸ ਨੂੰ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ। ਵਿਨੀਪੈਗ ਵਾਸੀ ਵਕੀਲ ਅਤੇ ਏਰਨ ਦਾ ਪੀਸ ਬਾਂਡ ਭਰਨ ਵਾਲੇ ਐਡਵੋਕੇਟ ਲਿਓਨਾਰਡ ਵੀ ਇਸ ਬਾਰੇ ਜਾਣ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਕਿਹਾ ਕਿ ਫ਼ਰਵਰੀ ਤੋਂ ਬਾਅਦ ਉਨ੍ਹਾਂ ਦਾ ਏਰਨ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ, ਕਿਉਂਕਿ ਮਾਮਲਾ ਉਦੋਂ ਹੀ ਨਿਪਟ ਗਿਆ ਸੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …