Breaking News
Home / ਜੀ.ਟੀ.ਏ. ਨਿਊਜ਼ / ਮਿਸੀਸਾਗਾ-ਮਾਲਟਨ ਰਾਈਡਿੰਗ ਦੀ ਪੀ.ਸੀ. ਦੀ 19 ਨਵੰਬਰ ਨੂੰ ਹੋਣ ਵਾਲੀ ਨੌਮੀਨੇਸ਼ਨ ਚੋਣ ਲੜਨ ਲਈ ਰਾਜਿੰਦਰ ਬੱਲ ਵੱਲੋਂ ਤਿਆਰੀ

ਮਿਸੀਸਾਗਾ-ਮਾਲਟਨ ਰਾਈਡਿੰਗ ਦੀ ਪੀ.ਸੀ. ਦੀ 19 ਨਵੰਬਰ ਨੂੰ ਹੋਣ ਵਾਲੀ ਨੌਮੀਨੇਸ਼ਨ ਚੋਣ ਲੜਨ ਲਈ ਰਾਜਿੰਦਰ ਬੱਲ ਵੱਲੋਂ ਤਿਆਰੀ

ਮਿਸੀਸਾਗਾ/ਡਾ ਝੰਡ : ਮਾਲਟਨ ਰਾਈਡਿੰਗ ਤੋਂ ਐੱਮ.ਪੀ.ਪੀ. ਚੋਣ ਲਈ ਪੀ.ਸੀ. ਪਾਰਟੀ ਵੱਲੋਂ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਜਤਾਉਣ ਲਈ 19 ਨਵੰਬਰ ਦਿਨ ਐਤਵਾਰ ਨੂੰ ਹੋ ਰਹੀ ਨੌਮੀਨੇਸ਼ਨ ਚੋਣ ਵਿਚ ਰਾਜਿੰਦਰ ਬੱਲ ਪੂਰੀ ਸਰਗ਼ਰਮੀ ਨਾਲ ਭਾਗ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਉਸ ਦੇ ਨਾਲ ਤਿੰਨ ਹੋਰ ਉਮੀਦਵਾਰ ਇਸ ਨੌਮੀਨੇਸ਼ਨ ਚੋਣ ਵਿਚ ਪੀ.ਸੀ. ਉਮੀਦਵਾਰ ਬਣਨ ਲਈ ਆਪਣੀ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿੱਚੋਂ ਦੋ ਪੰਜਾਬੀ-ਮੂਲ ਦੇ ਹਨ। ਇਸ ਤਰ੍ਹਾਂ ਇਹ ਚੋਣ ਪੰਜਾਬੀ-ਭਾਈਚਾਰੇ ਲਈ ਖ਼ਾਸ ਤੌਰ ‘ਤੇ ਦਿਲਚਸਪੀ ਦਾ ਕੇਂਦਰ ਬਣ ਗਈ ਹੈ। ਰਾਜਿੰਦਰ ਬੱਲ ਦਾ ਪਿਛੋਕੜ ਪੰਜਾਬ ਦੇ ਕਸਬਿਆਂ ਆਦਮਪੁਰ ਅਤੇ ਸਠਿਆਲਾ ਨਾਲ ਜੁੜਿਆ ਹੋਇਆ ਹੈ। ਜਲੰਧਰ ਜ਼ਿਲ੍ਹੇ ਦੇ ਕਸਬੇ ਆਦਮਪੁਰ ਵਿਚ ਉਸ ਦੇ ਪੇਕੇ ਹਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਸ਼ਹੂਰ ਕਸਬੇ ਸਠਿਆਲੇ ਉਸ ਦੇ ਸਹੁਰੇ ਹਨ। ਆਦਮਪੁਰ ਦੀ ਜੰਮਪਲ ਰਾਜਿੰਦਰ ‘ਗੁੱਡੀਆਂ-ਪਟੋਲਿਆਂ ਦੀ ਉਮਰੇ’ ਸਕੂਲ ਵਿਚ ਪੜ੍ਹਦਿਆਂ ਹੋਇਆਂ ਹੀ 1986 ਵਿਚ ਇੱਥੇ ਆ ਗਈ ਅਤੇ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਇੱਥੇ ਆ ਕੇ ਪੂਰੀ ਕੀਤੀ। ਉਪਰੰਤ, ਯੂਨੀਵਰਸਿਟੀ ਆਫ਼ ਟੋਰਾਂਟੋ ਤੋਂ ਕੈਮਿਸਟਰੀ ਮੇਜਰ ਸਬਜੈਕਟ ਨਾਲ ਬੀ.ਐੱਸ.ਸੀ. ਕੀਤੀ ਅਤੇ ਕਈ ਮੇਨ-ਸਟਰੀਮ ਕੰਪਨੀਆਂ ਨਾਲ ਕੰਮ ਕੀਤਾ। ਫਿਰ ਆਈ.ਟੀ. ਖ਼ੇਤਰ ਨਾਲ ਜੁੜ ਕੇ ਆਪਣੀ ਆਈ.ਟੀ. ਕਨਸਲਟਿੰਗ ਫ਼ਰਮ ਬਣਾਈ ਜੋ ਕੰਪਿਊਟਰ ਪ੍ਰੋਗਰਾਮਿੰਗ ਅਤੇ ਕਾਰਪੋਰੇਟ ਟ੍ਰੇਨਿੰਗ ਨਾਲ ਸਬੰਧਿਤ ਸੇਵਾਵਾਂ ਦਿੰਦੀ ਹੈ।
ਅੱਜ ਕੱਲ੍ਹ ਰਾਜਿੰਦਰ ਅਤੇ ਉਸ ਦੇ ਪਤੀਦੇਵ ਕੈਪਟਨ ਹਰਪ੍ਰੀਤ ਸਿੰਘ ਬੱਲ ‘ਕੈਨੇਡਾ ਰੀਅਲ ਅਸਟੇਟ ਗਰੁੱਪ’ ਨਾਂ ਹੇਠ ਆਪਣੀ ਬਰੋਕਰੇਜ ਸਫ਼ਲਤਾ-ਪੂਰਵਕ ਚਲਾ ਰਹੇ ਹਨ ਅਤੇ ਇਸ ਦੇ ਨਾਲ ਹੀ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾਉਂਦਿਆਂ ਹੋਇਆਂ ਉਹ ਇਕ ਸਫ਼ਲ ਮਾਂ ਵਜੋਂ ਆਪਣੇ ਤਿੰਨ ਬੱਚਿਆਂ ਦੀ ਪਾਲਣਾ-ਪੋਸਣਾ ਵੀ ਵਧੀਆ ਤਰੀਕੇ ਨਾਲ ਕਰ ਰਹੀ ਹੈ। ਉਹ ਆਪਣੇ ਪਰਿਵਾਰ ਨਾਲ ਮਿਸੀਸਾਗਾ ਵਿਚ ਰਹਿੰਦੀ ਹੈ। ਉਸ ਦੇ ਪੰਜ ਭਰਾ ਅਤੇ ਇਕ ਭੈਣ ਹੈ ਅਤੇ ਉਹ ਵੀ ਮਿਸੀਸਾਗਾ ਵਿਚ ਹੀ ਰਹਿੰਦੇ ਹਨ। ਉਸ ਦਾ ਇਕ ਵੱਡਾ ਭਰਾ ਅਵਤਾਰ ਸਿੰਘ ਮਿਨਹਾਸ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਟਰੱਸਟੀ ਹੈ।
ਪੀ.ਸੀ. ਪਾਰਟੀ ਦੀ ਇਸ ਨੌਮੀਨੇਸ਼ਨ ਚੋਣ ਲੜਨ ਦੇ ਆਪਣੇ ਮਕਸਦ ਬਾਰੇ ਰਾਜਿੰਦਰ ਬੱਲ ਨੇ ਦੱਸਿਆ ਕਿ ਕਮਿਊਨਿਟੀ ਵਿਚ ਵਿਚਰਦਿਆਂ ਹੋਇਆਂ ਉਸ ਦੇ ਲਈ ਸਾਰਥਿਕ ਕੰਮ ਕਰਨ ਦੀ ਇੱਛਾ ਅਤੇ ਜਜ਼ਬੇ ਨੇ ਉਸ ਨੂੰ ਇਸ ਪਾਸੇ ਪ੍ਰੇਰਿਆ ਅਤੇ ਉਸ ਨੂੰ ਲੱਗਿਆ ਕਿ ਪੀ.ਸੀ. ਪਾਰਟੀ ਦੀ ਉਮੀਦਵਾਰ ਬਣ ਕੇ ਉਹ ਕਮਿਊਨਿਟੀ ਪ੍ਰਤੀ ਆਪਣੀਆਂ ਸੇਵਾਵਾਂ ਵਧੇਰੇ ਅਤੇ ਸੁਯੋਗ ਤਰੀਕੇ ਨਾਲ ਦੇ ਸਕਦੀ ਹੈ। ਉਸ ਦੇ ਅਨੁਸਾਰ ਓਨਟਾਰੀਓ ਵਿਚ ਪੀ.ਸੀ.ਪਾਰਟੀ ਅਸਰਦਾਇਕ ਅਤੇ ਜ਼ਿੰਮੇਵਾਰ ਤਬਦੀਲੀ ਲਿਆ ਸਕਦੀ ਹੈ ਅਤੇ ਜੇਕਰ ਉਸ ਨੂੰ ਇਸ ਰਾਈਡਿੰਗ ਦੇ ਵੋਟਰਾਂ ਵੱਲੋਂ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਇਸ ਤਬਦੀਲੀ ਲਿਆਉਣ ਲਈ ਆਪਣੀ ਪੂਰੀ ਵਾਹ ਲਗਾਏਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …