Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ – 6 ਜ਼ਖ਼ਮੀ

ਟੋਰਾਂਟੋ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ – 6 ਜ਼ਖ਼ਮੀ

ਟੋਰਾਂਟੋ/ਸਤਪਾਲ ਸਿੰਘ ਜੌਹਲ
ਅਜੋਕੇ ਸਮੇਂ ‘ਚ ਕਲੱਬ/ਬਾਰ/ਪਾਰਟੀ/ਸ਼ਰਾਬ ਕਲਚਰ ਇਕ ਫ਼ੈਸ਼ਨ ਬਣ ਚੁੱਕਾ ਹੈ ਜਿਸ ਦੇ ਚੱਲਦਿਆਂ ਅਕਸਰ ਖ਼ੂਨੀ ਝਗੜੇ ਆਮ ਹੁੰਦੇ ਹਨ। ਇਸੇ ਤਰ੍ਹਾਂ ਟੋਰਾਂਟੋ ਡਾਊਨ ਟਾਊਨ ਸਥਿਤ ਇਕ ਉੱਚੀ ਇਮਾਰਤ ਦੀ 32ਵੀਂ ਮੰਜ਼ਿਲ ‘ਤੇ ਅਪਾਰਟਮੈਂਟ ਅੰਦਰ ਪਾਰਟੀ ਦੌਰਾਨ ਗੋਲੀਆਂ ਚੱਲ ਗਈਆਂ, ਜਿਸ ‘ਚ 20 ਕੁ ਸਾਲਾਂ ਦੇ 3 ਮੁੰਡਿਆਂ ਦੀ ਮੌਤ ਹੋ ਗਈ ਜਦਕਿ 6 ਵਿਅਕਤੀ ਜ਼ਖ਼ਮੀ ਹੋ ਗਏ ਹਨ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ ਤੇ ਪੁਲਿਸ ਦਾ ਦਾਅਵਾ ਹੈ ਕਿ ਇਹ ਵਾਰਦਾਤ ਗਿਣੀ-ਮਿਥੀ ਸਾਜਿਸ਼ ਮੁਤਾਬਿਕ ਕੀਤੀ ਗਈ। ਪਤਾ ਲੱਗਾ ਹੈ ਕਿ ਜਿਸ ਅਪਾਰਟਮੈਂਟ ‘ਚ ਘਟਨਾ ਵਾਪਰੀ ਉਹ (ਸੈਲਾਨੀਆਂ ਨੂੰ ਹੋਟਲ ਵਾਂਗ) ਏਅਰਬੀਐਨਬੀ ਰਾਹੀਂ ਕਿਰਾਏ ‘ਤੇ ਦਿੱਤਾ ਗਿਆ ਸੀ। ਪੁਲਿਸ ਦੀ ਜਾਂਚ ਦੌਰਾਨ ਸਾਰੀ ਇਮਾਰਤ ਖ਼ਾਲੀ ਕਰਵਾ ਲਈ ਗਈ ਸੀ ਪਰ ਕੁਝ ਘੰਟਿਆਂ ਬਾਅਦ ਘਟਨਾ ਵਾਲੇ ਅਪਾਰਟਮੈਂਟ ਨੂੰ ਸੀਲ ਕਰ ਕੇ ਬਾਕੀ ਲੋਕਾਂ ਨੂੰ ਆਪਣੇ ਅਪਾਰਟਮੈਂਟਾਂ ‘ਚ ਪਰਤਣ ਦੀ ਇਜਾਜ਼ਤ ਦੇ ਦਿੱਤੀ ਗਈ। ਇਮਾਰਤ ਦੀ ਮੈਨੇਜਮੈਂਟ ਨੇ ਤੁਰੰਤ ਫ਼ੈਸਲਾ ਕਰਦਿਆਂ ਲੋਕਾਂ ਨੂੰ ਲਿਖਤੀ ਰੂਪ ‘ਚ ਸੂਚਿਤ ਕੀਤਾ ਗਿਆ ਕਿ ਭਵਿੱਖ ‘ਚ ਕੋਈ ਅਪਾਰਟਮੈਂਟ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਲਈ ਕਿਰਾਏ ‘ਤੇ ਨਹੀਂ ਚੜ੍ਹਾਇਆ ਜਾ ਸਕੇਗਾ। ਏਅਰਬੀਐਨਬੀ ਦੇ ਬੁਲਾਰੇ ਨੇ ਦੱਸਿਆ ਕਿ ਜਿਸ ਵਿਅਕਤੀ ਨੇ ਆਨਲਾਈਨ ਅਪਾਰਟਮੈਂਟ ਬੁੱਕ ਕੀਤਾ ਸੀ ਉਸ ਨੂੰ ਹੋਰ ਬੁਕਿੰਗ ਕਰਨ ‘ਤੇ ਰੋਕ ਲਗਾ ਦਿੱਤੀ ਤੇ ਟੋਰਾਂਟੋ ਪੁਲਿਸ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਵੀ ਕਿ ਏਅਰਬੀਐਨਬੀ ਰਾਹੀਂ ਬੁੱਕ ਕੀਤੇ ਘਰ ਜਾਂ ਅਪਾਰਟਮੈਂਟ ਵਿਚ ਪਾਰਟੀ ਲਈ ਇਕੱਠ ਨਹੀਂ ਕੀਤਾ ਜਾ ਸਕੇਗਾ।
ਸਕਾਰਬਰੋ ਸਕੂਲ ਨੇੜੇ ਬੰਦੂਕਧਾਰੀ ਨੇ ਕਾਰ ‘ਤੇ ਚਲਾਈਆਂ ਗੋਲੀਆਂ
ਸਕਾਰਬਰੋ : ਸਕਾਰਬਰੋ ਦੇ ਸਕੂਲ ਦੇ ਨੇੜੇ ਇਕ ਬੰਦੂਕਧਾਰੀ ਵਿਅਕਤੀ ਨੇ ਖੜ੍ਹੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ, ਇਸ ਕਾਰ ਵਿਚ ਚਾਰ ਵਿਅਕਤੀ ਸਵਾਰ ਸਨ। ਜਾਣਕਾਰੀ ਅਨੁਸਾਰ ਅਨੁਸਾਰ ਦੁਪਹਿਰੇ ਇਕ ਵਜੇ ਪੁਲਿਸ ਅਧਿਕਾਰੀਆਂ ਨੂੰ ਮਾਰਖਮ ਰੋਡ ਤੇ ਲਾਰੈਂਸ ਐਵਨਿਊ ਈਸਟ ਨੇੜੇ ਸਥਿਤ ਸੀਡਰਬਰੇਅ ਕਾਲਜੀਏਟ ਇੰਸਟੀਚਿਊਟ ਦੇ ਪਿੱਛੇ ਗੋਲੀਆਂ ਚੱਲਣ ਦੀਆਂ ਕਈ ਸ਼ਿਕਾਇਤਾਂ ਮਿਲੀਆਂ। ਇਸ ਉਤੇ ਪੁਲਿਸ ਤੁਰੰਤ ਹਰਕਤ ਵਿਚ ਆ ਗਈ।
ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਪਾਰਕਿੰਗ ਲੌਟ ਵਿੱਚੋਂ ਗੋਲੀਆਂ ਦੇ ਖੋਲ ਦੇ ਨਾਲ ਨਾਲ ਇੱਕ ਕਾਰ ਵਿੱਚ ਗੋਲੀਆਂ ਦੇ ਨਿਸ਼ਾਨ ਵੀ ਮਿਲੇ। ਇੰਸਪੈਕਟਰ ਮਨਦੀਪ ਮਾਨ ਨੇ ਦੱਸਿਆ ਕਿ ਸਾਨੂੰ ਇਹ ਪਤਾ ਲੱਗਿਆ ਹੈ ਕਿ ਚਾਰ ਸਕੂਲੀ ਵਿਦਿਆਰਥੀ ਉਸ ਸਮੇਂ ਗੱਡੀ ਵਿੱਚ ਮੌਜੂਦ ਸਨ ਜਦੋਂ ਇਸ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਉੱਤੇ ਗੋਲੀਆਂ ਚਲਾ ਦਿੱਤੀਆਂ। ਪਰ ਇਸ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਵੱਲੋਂ ਇਸ ਘਟਨਾ ਤੋਂ ਬਾਅਦ ਸਕੂਲ ਨੂੰ ਬੰਦ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਪੁਲਿਸ ਨੇੜਲੇ ਇਲਾਕੇ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ 18 ਤੋਂ 20 ਸਾਲ ਦਾ ਸਿਆਹ ਨਸਲ ਦਾ ਵਿਅਕਤੀ ਹੈ, ਜਿਸ ਦਾ ਕਦ ਪੰਜ ਫੁਟ ਦਸ ਇੰਚ ਤੋਂ ਲੈ ਕੇ ਛੇ ਫੁੱਟ ਹੋ ਸਕਦਾ ਹੈ।

 

Check Also

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ …