Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਸਿਟੀ ਕੌਂਸਲ ਲਈ ਵੋਟਿੰਗ 22 ਅਕਤੂਬਰ ਨੂੰ

ਬਰੈਂਪਟਨ ਸਿਟੀ ਕੌਂਸਲ ਲਈ ਵੋਟਿੰਗ 22 ਅਕਤੂਬਰ ਨੂੰ

ਪੰਜਾਬੀਆਂ ਨੇ ਭਖਾਇਆ ਬਰੈਂਪਟਨ ਚੋਣ ਦੰਗਲ
ਪੰਜਾਬੀਆਂ ਦੀ ਮੌਜੂਦਗੀ ਨੇ ਮੇਅਰ ਦੇ ਨਾਲ-ਨਾਲ ਸਿਟੀ ਕੌਂਸਲਰ, ਰੀਜਨਲ ਕੌਂਸਲ ਤੇ ਸਕੂਲ ਟਰੱਸਟੀ ਚੋਣਾਂ ਨੂੰ ਰੌਚਕ ਬਣਾਇਆ
ਬਰੈਂਪਟਨ ਦੇ ਚੋਣ ਅਖਾੜੇ ਦਾ ਲੇਖਾ ਜੋਖਾ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀਆਂ ਦੇ ਗੜ੍ਹ ਵੱਜੋਂ ਮੰਨੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਚੋਣ ਸਰਗਰਮਿਆਂ ਸਿੱਖਰਾਂ ‘ਤੇ ਹਨ। ਭਾਂਵੇਂ ਕਿ ਲਗਭਗ ਤਿੰਨ ਦਰਜਨ ਭਾਰਤੀ ਮੂਲ ਦੇ ਉਂਮੀਦਵਾਰ ਵੱਖ-ਵੱਖ ਅਹੁਦਿਆਂ ਲਈ ਚੋਣ ਮੈਦਾਨ ਵਿੱਚ ਹਨ, ਪਰੰਤੁ ਇਹਨਾਂ ਵਿੱਚੋਂ ਕੁਝ ਹੀ ਅਹਿਜੇ ਹਨ ਜੋ ਚੋਣ ਜਿੱਤਣ ਦੇ ਸਮਰਥ ਹਨ ਜਾਂ ਜਿਹਨਾਂ ਨੂੰ ਮਹੱਤਵਪੂਰਣ ਉਂਮੀਦਵਾਰ ਸਮਝਿਆ ਜਾ ਰਿਹਾ ਹੈ।
ਪਿਛਲੀ ਵਾਰ ਸਿਰਫ ਦੋ ਪੰਜਾਬੀ ਉਮੀਦਵਾਰ ਵਾਰਡ ਨੰ 9 ਅਤੇ 10 ਤੋਂ ਹੀ ਚੋਣ ਜਿੱਤੇ ਸਨ, ਜਿਨ੍ਹਾਂ ਵਿੱਚ ਗੁਰਪ੍ਰੀਤ ਢਿੱਲੋਂ ਬਤੌਰ ਸਿਟੀ ਕੌਂਸਲਰ ਅਤੇ ਹਰਕੀਰਤ ਸਿੰਘ ਸਕੂਲ ਟਰੱਸਟੀ ਵੱਜੋਂ ਸ਼ਾਮਲ ਸਨ। ਇਸ ਵਾਰ ਵੀ ਵਾਰਡ ਨੰ 9 ਅਤੇ 10 ਤੋਂ ਹੀ ਰੀਜਨਲ ਕੌਂਸਲਰ, ਸਿਟੀ ਕੌਂਸਲਰ ਅਤੇ ਸਕੂਲ ਟਰੱਸਟੀ, ਤਿੰਨੋਂ ਅਹੁਦੇ ਪੰਜਾਬੀਆਂ ਦੀ ਝੋਲੀ ਵਿੱਚ ਪੈਣ ਦੀ ਪੂਰੀ ਆਸ ਹੈ। ਇਸ ਤੋਂ ਇਲਾਵਾ ਵੀ ਕੁਝ ਪੰਜਾਬੀ ਹੋਰਨਾਂ ਵਾਰਡਾਂ ਵਿੱਚ ਚੋਣ ਜਿੱਤ ਸਕਦੇ ਹਨ।
ਬਰੈਂਪਟਨ ਦੇ ਪੂਰੇ ਚੋਣ ਅਖਾੜੇ ਦਾ ਲੇਖਾ ਜੋਖਾ ਪਾਠਕਾਂ ਦੀ ਜਾਣਕਾਰੀ ਲਈ ਪੇਸ਼ ਹੈ:
ਮੇਅਰ : ਭਾਵੇਂ ਕਿ ਮੇਅਰ ਦੇ ਅਹੁਦੇ ਲਈ ਕੁੱਲ ਸੱਤ ਉਮੀਦਵਾਰ ਮੈਦਾਨ ਵਿੱਚ ਹਨ, ਪ੍ਰੰਤੂ ਮੌਜੂਦਾ ਮੇਅਰ ਲਿੰਡਾ ਜੈਫਰੀ ਨੂੰ ਫੈਡਰਲ ਲਿਬਰਲ ਦੇ 5 ਐਮ ਪੀ, ਐਨ ਡੀ ਪੀ ਦੇ ਤਿੰਨੋਂ ਐਮ ਪੀ ਪੀ ਅਤੇ ਪੀ ਸੀ ਪਾਰਟੀ ਵੱਲੋਂ ਵੀ ਅਸਿੱਧੇ ਤੌਰ ‘ਤੇ ਸਮਰਥਨ ਦਿੱਤੇ ਜਾਣ ਤੋਂ ਬਾਅਦ ਉਸ ਦੀ ਪੁਜ਼ੀਸ਼ਨ ਮਜਬੂਤ ਦੱਸੀ ਜਾ ਰਹੀ ਹੈ। ਹਾਲਾਂਕਿ ਸਾਬਕਾ ਪੀ ਸੀ ਲੀਡਰ ਪੈਟਰਿਕ ਬਰਾਊਨ ਨੇ ਆਖਰੀ ਪਲਾਂ ਵਿੱਚ ਚੋੜ ਮੈਦਾਨ ਵਿੱਚ ਦਾਖਲ ਹੋਕੇ ਮੁਕਾਬਲੇ ਨੂੰ ਰੋਚਕ ਬਨਾ ਦਿੱਤਾ ਹੈ, ਪਰੰਤੂ ਸਾਬਕਾ ਰੀਜਨਲ ਕੌਂਸਲਰ ਜਾਨ ਸਪਰੋਵੇਰੀ ਅਤੇ ਸਾਬਕਾ ਫੈਡਰਲ ਮੰਤਰੀ ਬੱਲ ਗੋਸਲ ਵੀ ਪੂਰੀ ਵਾਹ ਲਗਾ ਰਹੇ ਹਨ। ਅਪਰਾਧ ਅਤੇ ਸੁਰੱਖਿਆ ਦੇ ਮੁੱਦੇ ‘ਤੇ ਚੋਣ ਲੜ ਰਹੇ ਭਾਰਤੀ ਮੂਲ ਦੇ ਵਿਨੋਦ ਮਹੇਸ਼ਵਨ ਵੀ ਪੂਰੇ ਜ਼ੋਰ ਨਾਲ ਚੋਣ ਮੁਹਿੰਮ ਚਲਾ ਰਹੇ ਹਨ।
ਸਿਟੀ ਕੌਂਸਲਰ ਵਾਰਡ ਨੰ 1 ਅਤੇ 5: ਇਸ ਵਾਰਤ ਤੋਂ ਮੌਜੂਦਾ ਸਿਟੀ ਕਾਉਂਸਲਰ ਗਰਾਂਟ ਗਿੱਬਸਨ ਲੰਮੇ ਸਮੇ ਤੋਂ ਬਾਅਦ ਰਿਟਾਇਰ ਹੋ ਰਹੇ ਹਨ, ਜਿਸ ਕਾਰਨ ਚੋਣ ਲੜ ਰਹੇ 8 ਉਂਮੀਦਵਾਰਾਂ ‘ਚੋਂ ਕਿਸੇ ਦਾ ਵੀ ਦਾਅ ਲੱਗ ਸਕਦਾ ਹੈ। ਭਾਰਤੀ ਮੂਲ ਦੀ ਗੱਲ ਕਰੀਏ ਤਾਂ ਡਾਨ ਪਟੇਲ, ਹਰਮਨਪ੍ਰੀਤ ਮਨਕੁ, ਕਰਨਜੀਤ ਪੰਧੇਰ ਦਾ ਨਾਂਅ ਵਰਨਣਯੋਗ ਹੈ। ਨੌਜਵਾਨ ਉਮੀਦਵਾਰ ਡਾਇਰਲ ਰੋਮੀਓ ਇੱਕ ਚੰਗਾ ਉਮੀਦਵਾਰ ਸਮਝਿਆ ਜਾ ਰਿਹਾ ਹੈ।
ਵਾਰਡ ਨੰ 2 ਅਤੇ 6 : ਇਸ ਵਾਰਡ ਤੋਂ ਮੌਜੂਦਾ ਕੌਂਸਲਰ ਡੱਗ ਵਿਲਿਅਮਜ਼ ਮੁੜ ਤੋਂ ਉਂਮੀਦਵਾਰ ਹਨ। ਪਰੰਤੁ ਪੰਜਾਬੀ ਭਾਈਚਾਰੇ ਦੇ ਨੌਜਵਾਨ ਉਂਮੀਦਵਾਰ ਪਾਲ ਮਾਨ ਵੀ ਪੂਰੀ ਮਿਹਨਤ ਕਰ ਰਹੇ ਹਨ। ਵੈਸੇ ਜੋਅ ਸਿੱਧੂ ਵੀ ਚੋਣ ਮੈਦਾਨ ਵਿੱਚ ਹਨ। ਇਸ ਵਾਰਡ ਵਿੱਚ ਵੀ ਕੁੱਲ 9 ਉਂਮੀਦਵਾਰ ਮੈਦਾਨ ਵਿੱਚ ਹਨ।
ਵਾਰਡ ਨੰ 3 ਅਤੇ 4 : ਇਸ ਵਾਰਡ ਤੋਂ ਮੌਜੂਦਾ ਸਿਟੀ ਕਾਉਂਸਲਰ ਜੈੱਫ ਬੋਮੈਨ ਫਿਰ ਤੋਂ ਚੋਣ ਮੈਦਾਨ ਵਿੱਚ ਹਨ। ਪੰਜਾਬੀ ਭਾਈਚਾਰੇ ਦੇ ਹਰਪ੍ਰੀਤ ਸਿੰਘ ਹੰਸਰਾ ਵੀ ਪੂਰੀ ਤਾਕਤ ਨਾਲ ਚੋਣ ਲੜ੍ਹ ਰਹੇ ਹਨ। ਵੈਸੇ ਭਾਰਤੀ ਮੂਲ ਦੇ ਪੈਰਿਨ ਚੋਕਸੀ, ਨਿਸ਼ੀ ਸਿੱਧੂ ਅਤੇ ਤਨਵੀਰ ਸਿੰਘ ਵੀ ਦੌੜ ਵਿੱਚ ਸ਼ਾਮਲ ਹਨ।
ਵਾਰਡ ਨੰ 7 ਅਤੇ 8 : ਇਸ ਵਾਰਡ ਤੋਂ ਮੌਜੂਦਾ ਕਾਉਂਸਲਰ ਪੈਟ ਫੋਰਟੀਨੀ, ਮੌਜੂਦਾ ਰੀਜ਼ਨਲ ਕੌਂਸਲਰ ਗੇਲ ਮਾਈਲਜ਼ ਦੇ ਰਿਟਾਇਰ ਹੋਣ ਕਾਰਨ ਹੁਣ ਰੀਜ਼ਨਲ ਕੌਂਸਲਰ ਦੀ ਚੋਣ ਲੜ ਰਹੇ ਹਨ। ਉਹਨਾਂ ਦੀ ਥਾਂ ਲੈਣ ਲਈ ਮਾਰਟਿਨ ਸਿੰਘ ( ਗੋਰਾ ਸਿੱਖ) ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰੰਤੁ ਭਾਰਤੀ ਮੂਲ ਦੀ ਹਰਵੀਨ ਧਾਲੀਵਾਲ, ਜੋ ਪਹਿਲਾਂ ਵੀ ਵਿੱਕੀ ਢਿੱਲੋਂ ਦੇ ਖਿਲਾਫ਼ ਚੋਣ ਲੜ ਚੁਕੇ ਹਨ, ਇੱਕ ਮਜਬੂਤ ਦਾਅਵੇਦਾਰ ਸਮਝੀ ਜਾ ਰਹੀ ਹੈ।
ਵੈਸੇ ਇਸ ਵਾਰਡ ਤੋਂ ਗੁਰਵਿੰਦਰ ਸਿੰਘ ਅਤੇ ਮੋਕਸ਼ੀ ਵਿਰਕ ਵੀ ਚੋਣ ਮੈਦਾਨ ਵਿੱਚ ਹਨ।
ਵਾਰਡ ਨੰ 9 ਅਤੇ 10 : ਪੰਜਾਬੀਆਂ ਦਾ ਗੜ੍ਹ ਮੰਨੀ ਜਾਂਦੀ ਇਸ ਵਾਰਡ ਵਿੱਚ ਬਹੁਤ ਭਾਰਤੀ ਅਤੇ ਪੰਜਾਬੀ ਮੂਲ ਦੇ ਉਂਮੀਦਵਾਰ ਮੈਦਾਨ ਵਿੱਚ ਹਨ। ਮੌਜੂਦਾ ਕਾਊਂਸਲਰ ਗੁਰਪ੍ਰੀਤ ਢਿੱਲੋਂ ਵੱਲੋਂ ਰੀਜ਼ਨਲ ਕਾਉਂਸਲਰ ਦੀ ਚੋਣ ਲੜ੍ਹਣ ਕਾਰਨ ਖਾਲੀ ਹੋਈ ਥਾਂ ਭਰਣ ਲਈ ਇਸ ਵਾਰਡ ਦੇ ਮੌਜੂਦਾ ਸਕੂਲ ਟਰੱਸਟੀ ਹਰਕੀਰਤ ਸਿੰਘ ਅੱਗੇ ਦੱਸੇ ਜਾ ਰਹੇ ਹਨ। ਵੈਸੇ ਇੱਕ ਹੋਰ ਨੌਜਵਾਨ ਉਂਮੀਦਵਾਰ ਰੋਹਿਤ ਸਿੱਧੂ ਵੱਲੋਂ ਵੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਤੋਂ ਇਲਾਵਾ ਮਹਿੰਦਰ ਗੁਪਤਾ, ਧਰਮਵੀਰ ਗੋਹਿਲ, ਮੰਗਲਜੀਤ ਡੱਬ ਅਤੇ ਨਰੇਸ਼ ਥਰਾਨੀ ਵੀ ਚੋਣ ਮੈਦਾਨ ਵਿੱਚ ਹਨ।
ਰੀਜਨਲ ਕੌਂਸਲਰ ਵਾਰਡ ਨੰਬਰ 1 ਅਤੇ 5 : ਇਸ ਵਾਰਡ ਤੋਂ ਲੰਮੇ ਸਮੇਂ ਤੋਂ ਮੌਜੂਦਾ ਰੀਜਨਲ ਕੌਂਸਲਰ ਇਲੇਨ ਮੂਰ ਇਸ ਵਾਰ ਚੋਣ ਨਹੀਂ ਲੜ ਰਹੇ ਹਨ। ਭਾਰਤੀ ਮੂਲ ਦੇ ਹਰਨੇਕ ਰਾਏ, ਰਾਜਬੀਰ ਕੌਰ ਚੋਣ ਅਜਮਾਇਸ਼ ਕਰ ਰਹੇ ਹਨ। ਮਾਰਿਓ ਰੂਸੋ ਅਤੇ ਕੁਝ ਹੋਰ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
ਵਾਰਡ ਨੰਬਰ 2 ਅਤੇ 6 : ਇਸ ਵਾਰਡ ਵਿੱਚ ਜ਼ਬਰਦਸਤ ਮੁਕਾਬਲਾ ਮੌਜੂਦਾ ਰੀਜਨਲ ਕੌਂਸਲਰ ਮਾਈਕਲ ਪਲੈਸ਼ੀ ਅਤੇ ਪੰਜਾਬੀ ਭਾਈਚਾਰੇ ਤੋਂ ਪੇਸ਼ੇ ਵਜੋਂ ਵਕੀਲ ਉਮੀਦਵਾਰ ਗੁਰਪ੍ਰੀਤ ਕੌਰ ਬੈਂਸ ਦਰਮਿਆਨ ਹੈ। ਜਿੱਥੇ ਮਾਈਕਲ ਨੂੰ ਸਾਬਕਾ ਰੀਜਨਲ ਪਾਲ ਪਲੇਸ਼ੀ ਦਾ ਸਪੁੱਤਰ ਹੋਣ ਦਾ ਲਾਭ ਹੈ, ਉੱਥੇ ਕਮਿਉਨਿਟੀ ਵੱਲੋਂ ਵੱਡੇ ਪੱਧਰ ‘ਤੇ ਗੁਰਪ੍ਰੀਤ ਬੈਂਸ ਦੀ ਹਿਮਾਇਤ ਕਰਨ ਅਤੇ ਉਸ ਨੂੰ ਲਿੰਡਾ ਜੈਫਰੀ ਵੱਲੋਂ ਆਪਣੀ ਟੀਮ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਦ ਉਹ ਜਿੱਤ ਪ੍ਰਤੀ ਕਾਫੀ ਆਸਵੰਦ ਹੈ। ਨਿਸ਼ਾ ਲੂਥਰਾ ਅਤੇ ਰਾਘਵ ਪਟੇਲ ਵੀ ਮੈਦਾਨ ਵਿੱਚ ਹਨ।
ਵਾਰਡ ਨੰਬਰ 3 ਅਤੇ 4 : ਇਸ ਵਾਰਡ ਤੋਂ ਮੌਜੂਦਾ ਰੀਜਨਲ ਕੌਂਸਲਰ ਮਾਰਟਿਨ ਮੀਡੋਰਿਸ ਵਿੱਚ ਪੂਰੀ ਤਾਕਤ ਨਾਲ ਚੋਣ ਮੈਦਾਨ ਵਿੱਚ ਹਨ। ਪਿਛਲੀ ਵਾਰ ਉਹ ਲਗਭਗ 100 ਵੋਟਾਂ ਨਾਲ ਚੋਣ ਜਿੱਤੇ ਸਨ। ਇਸ ਵਾਰਡ ਦੀ ਨੁਮਾਇੰਦਗੀ ਕਰ ਚੁੱਕੇ ਜਾਨ ਸੈਂਡਰਸਨ ਮੁੜ ਚੋਣ ਮੈਦਾਨ ਵਿੱਚ ਹਨ। ਮੁਕਾਬਲਾ ਸਖ਼ਤ ਹੋਣ ਦੀ ਆਸ ਹੈ। ਵੈਸੇ ਪੰਜਾਬੀ ਮੂਲ ਦੇ ਪ੍ਰਭਜੋਤ ਧਾਲੀਵਾਲ ਵੀ ਮੈਦਾਨ ਵਿੱਚ ਹਨ। ਮਾਰਟਿਨ ਨੂੰ ਪੰਜਾਬੀ ਭਾਈਚਾਰੇ ਤੋਂ ਕਾਫੀ ਆਸ ਹੈ। ਪ੍ਰਭਜੋਤ ਨੂੰ ਮਿਲੀਆਂ ਵੋਟਾਂ ਉਸਦਾ ਨੁਕਸਾਨ ਕਰ ਸਕਦੀਆਂ ਹਨ। ਵੈਸੇ ਚਿਰਾਗ ਪਟੇਲ ਵੀ ਮੈਦਾਨ ਵਿੱਚ ਹਨ।
ਵਾਰਡ ਨੰਬਰ 7 ਅਤੇ 8 : ਇਸ ਵਾਰਡ ਤੋਂ ਮੌਜੂਦਾ ਸਿਟੀ ਕੌਂਸਲਰ ਪੈਟ ਫੋਰਟੀਨੀ ਇਸ ਵਾਰ ਰੀਜਨਲ ਕੌਂਸਲਰ ਦੀ ਚੋਣ ਲੜ ਰਹੇ ਹਨ। ਉਨ੍ਹਾਂ ਦੇ ਮੁਕਾਬਲੇ ਭਾਰਤੀ ਮੂਲ ਦੇ ਅਜੇ ਟੰਡਨ ਵੀ ਮੈਦਾਨ ਵਿੱਚ ਹਨ। ਟੀਮ ਲਿੰਡਾ ਜੈਫਰੀ ਦਾ ਹਿੱਸਾ ਹੋਣ ਕਾਰਣ ਅਤੇ ਇਲਾਕੇ ਵਿੱਚ ਪਹਿਲਾਂ ਤੋਂ ਜਾਣ ਪਛਾਣ ਕਾਰਣ ਪੈਟ ਫੋਰਟੀਨੀ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ।
ਵਾਰਡ ਨੰਬਰ 9 ਅਤੇ 10 : ਇਸ ਵਾਰਡ ਵਿੱਚ ਮੁੱਖ ਮੁਕਾਬਲਾ ਮੌਜੂਦਾ ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਦਰਮਿਆਨ ਹੈ। ਗੁਰਪ੍ਰੀਤ ਕੋਲ ਬਿਹਤਰ ਟੀਮ ਅਤੇ ਕਮਿਉਨਿਟੀ ਵਿੱਚ ਚੰਗਾ ਅਸਰ ਰਸੂਖ ਹੋਣ ਕਾਰਣ ਪੁਜੀਸ਼ਨ ਬਿਹਤਰ ਦੱਸੀ ਜਾ ਰਹੀ ਹੈ। ਪਰੰਤੂ ਇਨ੍ਹਾਂ ਦੋਵੇਂ ਪੁਰਾਣੇ ਰਿਵਾਇਤੀ ਉਮੀਦਵਾਰਾਂ ਨੇ ਇਸ ਦੌੜ ਨੂੰ ਰੌਚਕ ਬਣਾ ਦਿੱਤਾ ਹੈ ਅਤੇ ਵਿੱਕੀ ਢਿੱਲੋਂ ਵੀ ਪੂਰੀ ਤਾਕਤ ਲਗਾ ਰਹੇ ਹਨ।
ਸਕੂਲ ਟਰਸਟੀ
ਵਾਰਡ ਨੰਬਰ 1 ਅਤੇ 5 : ਇਸ ਵਾਰਡ ਤੋਂ ਮੌਜੂਦਾ ਸਕੂਲ ਟਰਸਟੀ ਡੇਡਿ ਗਰੀਨ ਮੁੜ ਚੋਣ ਮੈਦਾਨ ਵਿੱਚ ਹਨ। ਵੈਸੇ ਭਾਰਤੀ/ਪੰਜਾਬੀ ਭਾਈਚਾਰੇ ਤੋਂ ਰਾਜਵਿੰਦਰ ਘੁੰਮਣ ਅਤੇ ਰੀਟਾ ਪ੍ਰਸਾਦ ਵੀ ਮੈਦਾਨ ਵਿੱਚ ਹਨ।
ਵਾਰਡ ਨੰਬਰ 2 ਅਤੇ 6 : ਇਸ ਵਾਰਡ ਤੋਂ ਲੰਮੇਂ ਸਮੇਂ ਤੋਂ ਚੁਣੀ ਜਾ ਰਹੀ ਸਕੂਲ ਟਰਸਟੀ ਸੂਜ਼ਨ ਨਰਸ ਦਾ ਨਾਂ ਚੋਣ ਲਿਸਟ ਵਿੱਚ ਨਹੀਂ ਹੈ। ਜੋ ਸਭ ਲਈ ਹੈਰਾਨਗੀ ਦੀ ਗੱਲ ਹੈ ਕਿਉਂਕਿ ਉਹ ਬੋਰਡ ਦੀ ਵਾਈਸ ਚੇਅਰ ਵੀ ਸਨ। ਭਾਰਤੀ ਭਾਈਚਾਰੇ ਦੇ ਹਰਜੋਤ ਗਿੱਲ ਦਾ ਨਾਂ ਉਮੀਦਵਾਰਾਂ ਦੀ ਲਿਸਟ ਵਿੱਚ ਸ਼ਾਮਲ ਹੈ।
ਵਾਰਡ ਨੰਬਰ 3 ਅਤੇ 4 : ਇਸ ਵਾਰਡ ਤੋਂ ਮੌਜੂਦਾ ਟਰਸਟੀ ਕੈਥੀ ਮੈਕਡਾਨਲਡ ਮੁੜ ਚੋਣ ਮੈਦਾ ਵਿੱਚ ਹਨ। ਭਾਰਤੀ ਭਾਈਚਾਰੇ ਦੀ ਪ੍ਰਭਜੋਤ ਕੈਂਥ ਵੀ ਪੂਰੀ ਚੋਣ ਸਰਗਰਮੀ ਵਿੱਚ ਹਨ। ਇਸ ਤੋਂ ਇਲਾਵਾ ਹਰਵੰਦਨਾ ਕੌਰ, ਰਾਧਾ ਟੇਲਰ ਅਤੇ ਸੀਮਾ ਸ਼ਾਹ ਦਾ ਨਾਂਅ ਵੀ ਲਿਸਟ ਵਿੱਚ ਸ਼ਾਮਲ ਹੈ।
ਵਾਰਡ ਨੰਬਰ 7 ਅਤੇ 8 : ਇਸ ਵਾਰਡ ਤੋਂ ਮੌਜੂਦਾ ਟਰਸਟੀ ਕੈਰੀ ਐਂਡਰਿਊ ਮੁੜ ਚੋਣ ਲੜ ਰਹੀ ਹੈ। ਪ੍ਰੰਤੂ ਉਸਦੀ ਕਾਰਗੁਜ਼ਾਰੀ ਤੋਂ ਬਹੁਤੇ ਲੋਕ ਖੁਸ਼ ਨਹੀਂ ਹਨ। ਪੰਜਾਬੀ ਭਾਈਚਾਰੇ ਦੇ ਨੌਜਵਾਨ ਉਮੀਦਵਾਰ ਜਸ਼ਨ ਸਿੰਘ ਪੂਰੀ ਮਿਹਨਤ ਕਰ ਰਹੇ ਹਨ ਅਤੇ ਉਹ ਭਾਈਚਾਰੇ ਦੇ ਇਕ ਮਾਤਰ ਉਮੀਦਵਾਰ ਹਨ।
ਵਾਰਡ ਨੰਬਰ 9 ਅਤੇ 10 : ਪੰਜਾਬੀਆਂ ਦੀ ਗੜ੍ਹ ਮੰਨੀ ਜਾਂਦੀ ਇਸ ਵਾਰਡ ਵਿੱਚ ਲਗਭਗ 13 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਵਿੱਚੋਂ ਕਈ ਨਾਮ ਜਾਣੇ ਪਛਾਣੇ ਹਨ। ਇਨ੍ਹਾਂ ਵਿੱਚ ਸੱਤਪਾਲ ਸਿੰਘ ਜੌਹਲ, ਬਲਬੀਰ ਸੋਹੀ, ਅਸ਼ਮਨ ਖਰੌੜ ਅਤੇ ਖੁਸ਼ਪਾਲ ਪਵਾਰ ਦਾ ਨਾਂ ਵਰਨਣਯੋਗ ਹੈ। ਵੈਸੇ ਸ਼ੀਆ ਲਖਨਪਾਲ, ਦੀਪਲ ਸ਼ਾਹ, ਸ਼ਿਲਪਾ ਵਿਜ ਸ਼ਰਮਾ ਅਤੇ ਚੇਤਨ ਬ੍ਰਹਮ ਭੱਟ ਵੀ ਲਿਸ਼ਟ ਵਿੱਚ ਸ਼ਾਮਲ ਹਨ।
ਇਸ ਵਾਰਡ ਵਿੱਚ ਫੈਸਲਾ ਬਹੁਤ ਹੀ ਘੱਟ ਵੋਟਾਂ ਦੇ ਫਰਕ ਨਾਲ ਹੋਣ ਦੀ ਸੰਭਾਵਨਾ ਹੈ।
ਜੇਕਰ ਐਡਵਾਂਸ ਪੋਲਿੰਗ ਦਾ ਰੁਝਾਨ ਦੇਖੀਏ ਤਾਂ ਸਭ ਤੋਂ ਵੱਧ ਵੋਟਾਂ ਵਾਰਡ ਨੰਬਰ 9 ਅਤੇ 10 ਵਿੱਚ ਹੀ ਪਈਆਂ ਸਨ। ਪਰੰਤੂ ਸਾਰੇ ਬਰੈਂਪਟਨ ਦੀ ਗੱਲ ਕਰੀਏ ਤਾਂ ਕੁੱਲ 14500 ਦੇ ਕਰੀਬ ਵੋਟਾਂ ਪਈਆਂ ਜੋ ਪਿਛਲੀ ਵਾਰ ਦੇ ਮੁਕਾਬਲੇ ਘੱਟ ਸਨ।
ਪਿਛਲੀ ਵਾਰ ਕੁੱਲ 36% ਦੇ ਕਰੀਬ ਵੋਟਾਂ ਪਈਆਂ ਸਨ। ਮਿਊਂਸਪਲ ਚੋਣਾਂ ਵਿੱਚ ਲੋਕਾਂ ਵੱਲੋਂ ਲਈ ਜਾਂਦੀ ਘੱਟ ਦਿਲਚਸਪੀ ਚਿੰਤਾ ਦਾ ਵਿਸ਼ਾ ਹੈ। ਇਸ ਵਾਰ ਵੱਡੀ ਗਿਣਤੀ ਵਿੱਚ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਹੋਣ ਕਾਰਣ ਦੇਖਣਾ ਹੋਵੇਗਾ ਕਿ ਵੋਟਾਂ ਦੀ ਗਿਣਤੀ ਵਧਦੀ ਹੈ ਜਾਂ ਨਹੀਂ?

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …