ਪਾਂਬਾ (ਕੇਰਲਾ)/ਬਿਊਰੋ ਨਿਊਜ਼
ਸੁਪਰੀਮ ਕੋਰਟ ਵੱਲੋਂ ਮਹਿਲਾਵਾਂ ਨੂੰ ਸ਼ਬਰੀਮਾਲਾ ਮੰਦਰ ਵਿਚ ਭਗਵਾਨ ਅਯੱਪਾ ਦੀ ਪੂਜਾ ਅਤੇ ਨਤਮਸਤਕ ਹੋਣ ਦੇ ਦਿੱਤੇ ਫ਼ੈਸਲੇ ਮਗਰੋਂ ਬੁੱਧਵਾਰ ਨੂੰ ਜਦੋਂ ਮੰਦਰ ਦੇ ਕਿਵਾੜ ਖੁੱਲ੍ਹੇ ਤਾਂ ਮੰਦਰ ਤੱਕ ਮਹਿਲਾਵਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਮੰਦਰ ਦੇ ਕਿਵਾੜ ਬੁੱਧਵਾਰ ਨੂੰ ਸ਼ਾਮ ਪੰਜ ਵਜੇ ਤੋਂ ਲੈ ਕੇ ਰਾਤ ਸਾਢੇ 10 ਵਜੇ ਤਕ ਖੋਲ੍ਹੇ ਗਏ।ਪ੍ਰਮੁੱਖ ਪੁਜਾਰੀ ਉਨੀਕ੍ਰਿਸ਼ਨਨ ਨੰਬੂਥਿਰੀ ਅਤੇ ਮੁੱਖ ਪੁਜਾਰੀ ਕੇ ਰਾਜੀਵਰੂ ਨੇ ਮੰਤਰ ਪੜ੍ਹਦਿਆਂ ਮੰਦਰ ਦੇ ਕਿਵਾੜ ਖੋਲ੍ਹੇ ਅਤੇ ਜੋਤ ਜਗਾਈ। ਮੰਦਰ ਦੇ ਕਿਵਾੜ ਰਾਤ ਸਾਢੇ 10 ਵਜੇ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਦਿਨ ਵੇਲੇ ਆਂਧਰਾ ਪ੍ਰਦੇਸ਼ ਦੀ ਮਹਿਲਾ ਨੇ ਸ਼ਬਰੀਮਾਲਾ ਪਹਾੜੀ ‘ਤੇ ਚੜ੍ਹ ਕੇ ਮੰਦਰ ਵਿਚ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਾਂਬਾ ਮੁੜਨ ਲਈ ਮਜਬੂਰ ਕਰ ਦਿੱਤਾ ਗਿਆ। ਕੇਰਲਾ ਦੇ ਅਲਾਪੂਜ਼ਾ ਦੀ ਮਹਿਲਾ ਲਿਬੀ ਨੂੰ ਪਥਾਨਮਥਿੱਟਾ ਬੱਸ ਅੱਡੇ ‘ਤੇ ਹੀ ਰੋਕ ਦਿੱਤਾ ਗਿਆ। ਪਾਂਬਾ ਅਤੇ ਨਿਲਾਕੱਲ ਵਿਚ ਦਿਨ ਭਰ ਤਣਾਅ ਦਾ ਮਾਹੌਲ ਬਣਿਆ ਰਿਹਾ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀ ਪੁਲਿਸ ਨਾਲ ਟਕਰਾਉਂਦੇ ਰਹੇ। ਪੁਲਿਸ ਨੂੰ ਉਨ੍ਹਾਂ ‘ਤੇ ਲਾਠੀਚਾਰਜ ਵੀ ਕਰਨਾ ਪਿਆ। ਪਥਰਾਅ ਦੌਰਾਨ ਇਕ ਬਿਰਧ ਮਹਿਲਾ ਸਮੇਤ ਕਈ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਕੁਝ ਮਹਿਲਾ ਪੱਤਰਕਾਰਾਂ ਨੂੰ ਵੀ ਅੱਗੇ ਵਧਣ ਤੋਂ ਰੋਕਿਆ। ਚਾਰ ਕੌਮੀ ਟੀਵੀ ਚੈਨਲਾਂ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਧਰ ਕੌਮੀ ਮਹਿਲਾ ਕਮਿਸ਼ਨ ਨੇ ਕੇਰਲਾ ਪੁਲਿਸ ਨੂੰ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਪੱਤਰ ਲਿਖ ਕੇ ਕੇਰਲਾ ਦੇ ਡੀਜੀਪੀ ਲੋਕਨਾਥ ਬਹੇੜਾ ਨੂੰ ਕਾਰਵਾਈ ਰਿਪੋਰਟ ਜਮਾਂ ਕਰਾਉਣ ਲਈ ਕਿਹਾ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …