ਨੌਜਵਾਨਾਂ ਨੇ ਇਨਕਲਾਬੀ ਗੀਤ ਵੀ ਗਾਏ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਿਸਾਨ-ਮੋਰਚਿਆਂ ‘ਤੇ ਡਟੀਆਂ ਕਿਸਾਨ-ਬੀਬੀਆਂ ਨੇ ਲੰਮੇ ਸੰਘਰਸ਼ ਲਈ ਤਿਆਰੀਆਂ ਵਿੱਢ ਲਈਆਂ ਹਨ।
ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਆਗੂ ਰਵੀ ਆਜ਼ਾਦ ਤੇ ਟਿਕਰੀ-ਬਾਰਡਰ ‘ਤੇ ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਨੇ ਮੋਰਚਿਆਂ ‘ਤੇ ਡਟੀਆਂ ਬੀਬੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕੀਤਾ।
ਰਵੀ ਆਜ਼ਾਦ ਨੇ ਕਿਹਾ ਕਿ ਬੀਬੀਆਂ ਦੇ ਇਕੱਠਾਂ ਨੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਤੇ ਸਰੀਰਕ ਲੜਾਈਆਂ ਵਿਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿਚ ਸ਼ਾਮਲ ਹੁੰਦੀਆਂ ਹਨ।
ਟਿੱਕਰੀ ਬਾਰਡਰ ‘ਤੇ ਨੌਜਵਾਨ ਸੱਥ ਦੇ ਵਰਕਰਾਂ ਵੱਲੋਂ ਇਨਕਲਾਬੀ ਗੀਤਾਂ ਉੱਪਰ ਕੋਰਿਓਗ੍ਰਾਫੀਆਂ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਕਿਹਾ ਕਿ ਨੌਜਵਾਨ ਸੱਥ ਦੇ ਕਾਰਕੁਨਾਂ ਵੱਲੋਂ ਮੋਰਚੇ ਵਿਚ ਸੱਭਿਆਚਾਰਕ ਗਤੀਵਿਧੀਆਂ ਲਈ ਇੱਕ ਟੀਮ ਬਣਾਈ ਗਈ ਹੈ ਜੋ ਮੋਰਚੇ ‘ਚ ਵੱਖ-ਵੱਖ ਥਾਵਾਂ ‘ਤੇ ਕੋਰੀਓਗ੍ਰਾਫੀ ਅਤੇ ਗੀਤਾਂ ਰਾਹੀਂ ਮੋਰਚੇ ਵਿੱਚ ਸ਼ਾਮਲ ਲੋਕਾਂ ਅੱਗੇ ਉਸਾਰੂ ਮਹੌਲ ਬਣਾ ਰਹੇ ਹਨ। ਇਸ ਟੀਮ ਵੱਲੋਂ ‘ਤੇਰਾ ਦੇਸ਼ ਭਗਤ ਸਿਆਂ ਲੁੱਟ ਲਿਆ ਗਦਾਰਾਂ ਨੇ’ ਤੇ ਪਿਛਲੇ ਦਿਨੀਂ ਵਿਛੜੇ ਮਹਿੰਦਰ ਸਾਥੀ ਦੇ ‘ਮਸ਼ਾਲਾਂ ਬਾਲ ਕੇ ਚੱਲਣਾ’ ਇਨਕਲਾਬੀ ਗੀਤਾਂ ਉੱਪਰ ਕੋਰਿਓਗ੍ਰਾਫੀ ਤਿਆਰ ਕੀਤੀ ਗਈ। ਟੀਮ ਵੱਲੋਂ ਗਰੁੱਪ ਦੇ ਰੂਪ ‘ਵਿਚ ਇਨਕਲਾਬੀ ਕਵੀ ਅਵਤਾਰ ਪਾਸ਼ ਤੇ ਸੰਤ ਰਾਮ ਉਦਾਸੀ ਦੇ ਗੀਤ ਲੋਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ।
ਮਿਲਖਾ ਸਿੰਘ ਨੂੰ ਸ਼ਰਧਾਂਜਲੀਆਂ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਟਿਕਰੀ ਬਾਰਡਰ ਦਿੱਲੀ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਪ੍ਰਧਾਨ ਹਰਪ੍ਰੀਤ ਸਿੰਘ ਝਬੇਲਵਾਲੀ ਦੀ ਪ੍ਰਧਾਨਗੀ ਹੇਠ ਹੋਈ। ਰੋਜ਼ਾਨਾ ਦੀ ਤਰ੍ਹਾਂ ਸਟੇਜ ਦੀ ਕਾਰਵਾਈ ਚਲਾਈ ਗਈ ਜਿਸ ਵਿੱਚ ਦਾ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਸਵਰਗਵਾਸ ਹੋਣ ‘ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਟਿਕਰੀ ਬਾਰਡਰ ‘ਤੇ ਮਿਲਖਾ ਸਿੰਘ ਨੂੰ ਸਮਰਪਿਤ ਦੌੜ ਦਾ ਵੀ ਆਯੋਜਨ ਕਰਵਾਇਆ ਜਾਵੇਗਾ। ਮੀਟਿੰਗ ‘ਚ ਪੰਜਾਬ ਦੀਆਂ ਟਰੇਡ ਯੂਨੀਅਨਾਂ ਦੇ ਜੱਥੇ ਸ਼ਾਮਿਲ ਹੋਏ, ਜਿਸ ਵਿੱਚ ਬੁਲਾਰਿਆਂ ਨੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੁੱਧ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ। ਆਲ ਇੰਡੀਆ ਕਿਸਾਨ ਮਜ਼ਦੁਰ ਸਭਾ ਤਿਲੰਗਾਨਾ ਦੇ ਕਿਸਾਨ ਜੱਥੇ ਸ਼ਾਮਿਲ ਹੋਏ। ਤੇਲਗੂ ਭਾਸ਼ਾ ਵਿਚ ਭਾਸ਼ਣ ਦਿੱਤਾ।