Home / ਭਾਰਤ / ਸੁਖਬੀਰ ਦਾ ਭਾਜਪਾ ‘ਤੇ ਲੁਕਵਾਂ ਹਮਲਾ, ਕਿਹਾ

ਸੁਖਬੀਰ ਦਾ ਭਾਜਪਾ ‘ਤੇ ਲੁਕਵਾਂ ਹਮਲਾ, ਕਿਹਾ

ਸੱਤਾ ਦੇ ਸੁਫ਼ਨੇ ਲੈਣ ਵਾਲੇ ਵਿਰੋਧੀ ਧਿਰ ‘ਚ ਬੈਠਣਗੇ
ਰਤੀਆ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ‘ਤੇ ਲੁਕਵਾਂ ਹਮਲਾ ਕਰਦਿਆਂ ਕਿਹਾ ਕਿ ਜੋ ਹਰਿਆਣਾ ਵਿੱਚ ਮੁੜ ਸਰਕਾਰ ਬਣਾਉਣ ਦੀ ਆਸ ਲਾਈ ਬੈਠੇ ਹਨ, ਉਹ ਵਿਰੋਧੀ ਧਿਰ ਵਿੱਚ ਬੈਠਣ ਲਈ ਤਿਆਰ ਰਹਿਣ। ਰਤੀਆ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕੁਲਵਿੰਦਰ ਸਿੰਘ ਕੁਨਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਵਿੱਚ ਸਥਿਤੀ ਤੇਜ਼ੀ ਨਾਲ ਬਦਲ ਰਹੀ ਹੈ ਜੋ ਸਰਕਾਰ ਬਨਾਉਣ ਬਾਰੇ ਸੋਚਦੇ ਨੇ ਉਹ ਵਿਰੋਧੀ ਧਿਰ ਵਿੱਚ ਬੈਠਣਗੇ। ਚੰਡੀਗੜ੍ਹ ਵਿੱਚ ਭਾਜਪਾ ਵਲੋਂ ਜਾਰੀ ਕੀਤੇ ਚੋਣ ਮਨੋਰਥ ਪੱਤਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਜਦੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੀ ਨਹੀਂ ਬਣ ਰਹੀ ਤਾਂ ਫਿਰ ਟਿੱਪਣੀ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ। ਜ਼ਿਕਰਯੋਗ ਹੈ ਕਿ ਭਾਜਪਾ ਨੇ ਸਰਕਾਰ ਬਨਾਉਣ ਲਈ 75 ਤੋਂ ਵੱਧ ਸੀਟਾਂ ਜਿੱਤਣ ਦਾ ਟੀਚਾ ਮਿਥਿਆ ਹੈ। ਹਰਿਆਣਾ ਵਿੱਚ ਭਾਜਪਾ ਵੱਲੋਂ ਚੋਣ ਸਮਝੌਤਾ ਤੋੜਨ ਬਾਅਦ ਭਾਜਪਾ ਅਤੇ ਅਕਾਲੀ ਦਲ ਵਿੱਚ ਕੁੜੱਤਣ ਪੈਦਾ ਹੋ ਚੁੱਕੀ ਹੈ। ਭਾਜਪਾ ਨੇ ਅਕਾਲੀ ਦਲ ਦੇ ਹਰਿਆਣਾ ਵਿੱਚ ਇੱਕੋ ਇੱਕ ਵਿਧਾਇਕ ਬਲਕੌਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ ਅਤੇ ਇਸ ਦਾ ਅਕਾਲੀ ਦਲ ਨੇ ਬੁਰਾ ਮਨਾਇਆ ਹੈ ਅਤੇ ਇਸ ਨੂੰ ਅਨੈਤਿਕ ਕਰਾਰ ਦਿੱਤਾ ਹੈ ਅਤੇ ਭਾਜਪਾ ਉੱਤੇ ਦੋਸ਼ ਲਾਇਆ ਹੈ ਕਿ ਉਹ ਸਮਝੌਤੇ ਤੋਂ ਭੱਜ ਗਈ ਹੈ। ਬਾਅਦ ਵਿੱਚ ਅਕਾਲੀ ਦਲ ਨੇ ਤਿੰਨ ਸੀਟਾਂ ਉੱਤੇ ਇਨੈਲੋ ਨਾਲ ਗੱਠਜੋੜ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਦਰੀਆਪੁਰ ਵਿੱਚ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਇਹ ਭੁਲੇਖਾ ਹੀ ਹੈ ਕਿ ਹਰਿਆਣਾ ਵਿੱਚ ਭਾਜਪਾ ਦੇ ਹੱਕ ਵਿੱਚ ਹਵਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਪਿੰਡਾਂ ਦੇ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਲੋਕਾਂ ਤੋਂ ਮੰਗ ਕੀਤੀ ਕਿ ਉਹ ਪਾਰਟੀ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣ। ਇਸ ਮੌਕੇ ਉਨ੍ਹਾਂ ਮਰਹੂਮ ਚੌਧਰੀ ਦੇਵੀ ਲਾਲ ਅਤੇ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਬੇਹਤਰੀ ਲਈ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਹੁਣ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਲੋਕਾਂ ਤੇ ਪਿੰਡਾਂ ਨਾਲ ਕੀ ਕੋਈ ਸਬੰਧ ਹੈ?

ਪੰਜਾਬ ਵਿਚ ਵੀ ਅਕਾਲੀ ਭਾਜਪਾ ਗਠਜੋੜ ‘ਚ ਪੈ ਸਕਦੀ ਤਰੇੜ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਵਧ ਰਹੀ ਕੁੜੱਤਣ ਦਾ ਪੰਜਾਬ ਵਿੱਚ ਚੱਲੇ ਆ ਰਹੇ ਦੋ ਦਹਾਕੇ ਤੋਂ ਪੁਰਾਣੇ ਸਿਆਸੀ ਗੱਠਜੋੜ ‘ਤੇ ਸਪੱਸ਼ਟ ਪ੍ਰਭਾਵ ਪੈਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਜਪਾ ਹਲਕਿਆਂ ਦਾ ਦੱਸਣਾ ਹੈ ਕਿ ਅਕਾਲੀ ਦਲ ਵੱਲੋਂ ਹਰਿਆਣਾ ਵਿੱਚ ਪੁਰਾਣੇ ਮਿੱਤਰ ਚੌਟਾਲਾ ਪਰਿਵਾਰ ਦੀ ਅਗਵਾਈ ਵਾਲੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਕੀਤੇ ਸਮਝੌਤੇ ਤੋਂ ਬਾਅਦ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਵੀ ਅਕਾਲੀਆਂ ਦੀਆਂ ਗਤੀਵਿਧੀਆਂ ਨੂੰ ਨੇੜਿਓਂ ਘੋਖਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਭਾਵੇਂ ਗੱਲੀਂ ਬਾਤੀਂ ਸਭ ਅੱਛਾ ਹੋਣ ਦੇ ਸੰਕੇਤ ਦਿੱਤੇ ਜਾਂਦੇ ਹਨ ਪਰ ਦੋਵਾਂ ਪਾਰਟੀਆਂ ਦੇ ਆਗੂ ਦੱਬਵੀਂ ਜ਼ੁਬਾਨ ਨਾਲ ਮੰਨਦੇ ਹਨ ਕਿ ਗੱਠਜੋੜ ਪਾਰਟੀਆਂ ਦਰਮਿਆਨ ਸਭ ਤੋਂ ਜ਼ਿਆਦਾ ਕੁੜੱਤਣ ਭਰਿਆ ਦੌਰ ਚੱਲ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਭਾਜਪਾ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਤੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਵੀ ਕੁਝ ਇਸੇ ਤਰ੍ਹਾਂ ਦੀ ਭਾਸ਼ਾ ਵਿੱਚ ਜਵਾਬ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ। ਅਕਾਲੀ ਦਲ ਦੇ ਆਗੂ ਮੰਨਦੇ ਹਨ ਕਿ ਹਰਿਆਣਾ ਵਿੱਚ ਭਾਵੇਂ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕਰ ਲਿਆ ਪਰ ਸਥਿਤੀ ਕੋਈ ਜ਼ਿਆਦਾ ਸੁਖਾਵੀਂ ਨਹੀਂ ਹੈ। ਪਾਰਟੀ ਨੇ ਆਪਣੇ ਹਿੱਸੇ ਆਈਆਂ 5 ਵਿੱਚੋਂ 3 ਸੀਟਾਂ ‘ਤੇ ਹੀ ਉਮੀਦਵਾਰ ਖੜ੍ਹੇ ਕੀਤੇ ਹਨ ਜਦੋਂਕਿ ਦੋ ਸੀਟਾਂ ‘ਤੇ ਤਾਂ ਆਜ਼ਾਦ ਉਮੀਦਵਾਰਾਂ ਦੀ ਹਮਾਇਤ ਕਰ ਕੇ ਹੀ ਗੁਜ਼ਾਰਾ ਕੀਤਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਪਾਰਟੀ ਦੀ ਕਮਾਨ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਰਹੀ ਓਨਾ ਚਿਰ ਭਾਈਵਾਲ ਪਾਰਟੀਆਂ ਦਰਮਿਆਨ ਕੁੜੱਤਣ ਵਾਲਾ ਮਾਹੌਲ ਨਹੀਂ ਸੀ ਬਣਿਆ ਪਰ ਪਿਛਲੇ ਕੁੱਝ ਸਾਲਾਂ ਤੋਂ ਪੈਦਾ ਹੋਇਆ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ਦੀ ਸਿਆਸਤ ਵਿੱਚ ਪ੍ਰਕਾਸ਼ ਪੁਰਬ ਲੰਘਣ ਤੋਂ ਬਾਅਦ ਵੱਡੀ ਉਥਲ-ਪੁਥਲ ਦੀਆਂ ਸੰਭਾਵਨਾਵਾਂ ਹਨ। ਜ਼ਿਕਰਯੋਗ ਹੈ ਕਿ ਅਕਾਲੀ ਦਲ ਨੂੰ 2017 ਦੀਆਂ ਵਿਧਾਨ ਸਭਾ ਵਿੱਚ ਹੋਈ ਵੱਡੀ ਹਾਰ ਤੋਂ ਬਾਅਦ ਪਾਰਟੀ ਦੀ ਪੰਜਾਬ ਵਿੱਚ ਹਾਲ ਦੀ ਘੜੀ ਪਹਿਲਾਂ ਵਾਲੀ ਸਥਿਤੀ ਬਹਾਲ ਨਹੀਂ ਹੋਈ ਹਾਲਾਂਕਿ ਕਾਂਗਰਸ ਸਰਕਾਰ ਦੀ ਲੋਕਾਂ ਦੇ ਦਿਲ ਜਿੱਤਣ ‘ਚ ਕਾਮਯਾਬ ਨਹੀਂ ਹੋ ਸਕੀ। ਭਗਵਾਂ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਸੂਬੇ ਦੀ ਮੌਜੂਦਾ ਲੀਡਰਸ਼ਿਪ ਭਾਜਪਾ ਨੂੰ ਪੰਜਾਬ ਦੇ ਦਿਹਾਤੀ ਖੇਤਰ ਵਿੱਚ ਸਿਆਸੀ ਤੌਰ ‘ਤੇ ਪੱਕੇ ਪੈਰੀਂ ਕਰਨ ਦੇ ਸਮਰੱਥ ਨਹੀਂ ਹੈ। ਇਸ ਲਈ ਕੋਈ ਸਿੱਖ ਚਿਹਰਾ ਅੱਗੇ ਲਿਆਉਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਕਾਲੀ ਦਲ ਨੇ ਵੀ ਭਾਜਪਾ ਦੇ ਆਧਾਰ ਵਾਲੇ 23 ਵਿਧਾਨ ਸਭਾ ਹਲਕਿਆਂ ਅੰਦਰ ਮੈਂਬਰ ਭਰਤੀ ਕਰਨ ਲਈ ਸੀਨੀਅਰ ਅਕਾਲੀ ਆਗੂਆਂ ਨੂੰ ਮੋਰਚਾ ਸੰਭਾਲਣ ਲਈ ਕਿਹਾ ਹੈ। ਸਿਆਸੀ ਗੱਠਜੋੜ ਦੇ ਚਲਦਿਆਂ ਭਾਜਪਾ ਪੰਜਾਬ ਦੀਆਂ 117 ਵਿੱਚੋਂ 23 ਸੀਟਾਂ ‘ਤੇ ਚੋਣਾਂ ਲੜਦੀ ਹੈ। ਪਾਰਟੀ ਦੇ ਆਗੂਆਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਨਤਕ ਤੌਰ ‘ਤੇ ਇਹ ਤਾਂ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਅਕਾਲੀ ਦਲ ਤੋਂ ਗੱਠਜੋੜ ਤਹਿਤ 23 ਤੋਂ ਵੱਧ ਸੀਟਾਂ ਦੀ ਮੰਗ ਕਰੇਗੀ। ਇਸ ਸਬੰਧੀ ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਵੱਲੋਂ ਜਿਸ ਤਰ੍ਹਾਂ ਕੌਮੀ ਪੱਧਰ ‘ਤੇ ਮੁਸਲਿਮ ਭਾਈਚਾਰੇ ਖ਀ਿ ਮੁਹਿੰਮ ਵਿੱਢ ਕੇ ਸਿਆਸੀ ਲਾਹਾ ਲਿਆ ਹੋਇਆ ਹੈ, ਉਸ ਨੂੰ ਦੇਖਦਿਆਂ ਅਕਾਲੀ ਦਲ ਦਾ ਬਦਲ ਲੱਭੇ ਬਿਨਾਂ ਤੋੜ ਵਿਛੋੜਾ ਸੰਭਵ ਨਹੀਂ ਹੈ। ਇਸ ਦਾ ਇੱਕੋ ਕਾਰਨ ਹੈ ਕਿ ਅਕਾਲੀ ਦਲ ਸਿੱਖ ਘੱਟ ਗਿਣਤੀਆਂ ਦੀ ਨੁਮਾਇੰਦਗੀ ਕਰਦਾ ਹੈ। ਭਾਜਪਾ ਜੇ ਅਕਾਲੀ ਦਲ ਨਾਲ ਸਾਂਝ ਤੋੜ ਕੇ ਪੁਰਾਣੇ ਭਾਈਵਾਲ ਖਿਲਾਫ ਮੋਰਚਾ ਖੋਲ੍ਹਦੀ ਹੈ ਤਾਂ ਪਾਰਟੀ ‘ਤੇ ਘੱਟਗਿਣਤੀ ਹੋਣ ਦਾ ਪੱਕਾ ਠੱਪਾ ਲੱਗ ਜਾਵੇਗਾ।

Check Also

ਉਰਮਿਲਾ ਮਾਤੋਂਡਕਰ ਸ਼ਿਵ ਸੈਨਾ ‘ਚ ਹੋਈ ਸ਼ਾਮਲ

ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਅੱਜ ਸ਼ਿਵ ਸੈਨਾ ਵਿਚ ਸ਼ਾਮਲ ਹੋ ਗਈ। ਉਰਮਿਲਾ ਨੇ …