ਨਿਰਧਾਰਿਤ ਦਰ ਅਨੁਸਾਰ ਪੰਜਾਬ ਵੱਲੋਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਕੋਲ ਨਹੀਂ ਭੇਜੇ ਜਾ ਰਹੇ ਅਧਿਕਾਰੀ
7 ਅਜਿਹੇ ਮੌਕੇ ਵੀ ਆਏ ਹਨ ਜਦੋਂ ਇਸ ਡੈਮ ਦੀ ਝੀਲ ਨੇ 1680 ਫੁੱਟ ਦੇ ਅੰਕੜੇ ਨੂੰ ਪਾਰ ਕੀਤਾ ਹੈ। ਅੰਕੜਿਆਂ ਮੁਤਾਬਿਕ ਸਾਲ 1995-96 ਦੌਰਾਨ 1683.49 ਫੁੱਟ, ਸਾਲ 1998-99 ‘ਚ 1682.67, 1994-95 ‘ਚ 1682.55 ਫੁੱਟ, ਸਾਲ 2005-06 ‘ਚ 1681.40 ਫੁੱਟ, ਸਾਲ 2008-09 ‘ਚ 1680.69, ਸਾਲ 1982-83 ‘ਚ 1680.28 ਫੁੱਟ ਤੇ ਸਾਲ 1990-91 ‘ਚ ਭਾਖੜਾ ਦਾ ਪਾਣੀ ਪੱਧਰ 1680.26 ਫੁੱਟ ਤੱਕ ਭੰਡਾਰ ਕੀਤਾ ਗਿਆ ਸੀ।
ਗੋਬਿੰਦ ਸਾਗਰ ਝੀਲ ‘ਚ ਪਾਣੀ ਨੇ ਪੰਜ ਦਹਾਕਿਆਂ ‘ਚ ਸਿਰਫ਼ ਚਾਰ ਵਾਰ ਹੀ 1685 ਫੁੱਟ ਦਾ ਅੰਕੜਾ ਕੀਤਾ ਪਾਰ 1975 ਤੇ 1988 ‘ਚ ਪਾਣੀ ਦਾ ਸਭ ਤੋਂ ਉੱਪਰਲੇ ਅੰਕੜਾ ਸੀ 1687 ਫੁੱਟ
ਪਟਿਆਲਾ/ਬਿਊਰੋ ਨਿਊਜ਼ : ਭਾਖੜਾ ਡੈਮ ਦੀ ਝੀਲ ‘ਚ ਪਾਣੀ ਦੇ ਪੱਧਰ ਨੂੰ ਲੈ ਕੇ ਕਈ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਇਸ ਦੀ ਅਸਲ ਤਸਵੀਰ ਇਹ ਹੈ ਕਿ ਇਸ ਡੈਮ ਦੀ ਝੀਲ ਦੀ ਉਚਾਈ 1700 ਫੁੱਟ ਹੈ ਤੇ ਇੱਥੇ ਅੰਕੜੇ ਮੁਤਾਬਿਕ ਪਾਣੀ 1690 ਫੁੱਟ ਤੱਕ ਭੰਡਾਰ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਜਦੋਂ ਪਾਣੀ 1682 ਫੁੱਟ ਦੇ ਅੰਕੜੇ ਨੂੰ ਪਾਰ ਕੀਤਾ ਤਾਂ ਇਸ ਨੂੰ ਸਭ ਤੋਂ ਉਚਾਈ ਵਾਲਾ ਅੰਕੜਾ ਆਖਿਆ ਜਾ ਰਿਹਾ ਹੈ ਪਰ ਅਸਲੀਅਤ ਹੋਰ ਹੈ। ਜੇਕਰ ਹੁਣ ਤੱਕ ਦੇ ਅੰਕੜਿਆਂ ‘ਤੇ ਝਾਤੀ ਮਾਰੀ ਜਾਵੇ ਤਾਂ ਭਾਖੜਾ ‘ਚ ਵੱਧ ਤੋਂ ਵੱਧ ਪਾਣੀ ਭੰਡਾਰਨ ਦਾ ਅੰਕੜਾ ਸਾਲ 1988 ਅਤੇ 1975 ਦਾ ਹੈ, ਉਸ ਵੇਲੇ ਪਾਣੀ 1687 ਫੁੱਟ ਤੋਂ ਉੱਪਰ ਤੱਕ ਭੰਡਾਰ ਕੀਤਾ ਗਿਆ ਸੀ। ਹੁਣ ਤੱਕ ਭਾਖੜਾ ਦਾ ਸਭ ਤੋਂ ਉੱਚਾ ਅੰਕੜਾ 13 ਸਤੰਬਰ 1988 ਦਾ ਹੈ, ਜਦੋਂ ਇੱਥੇ ਪਾਣੀ 1687.55 ਫੁੱਟ ਤੱਕ ਭਰਿਆ ਗਿਆ ਸੀ। ਇਸੇ ਤਰ੍ਹਾਂ ਸਾਲ 1976-76 ਦੌਰਾਨ ਇਸ ਝੀਲ ‘ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1687.36 ਫੁੱਟ ਤੱਕ ਭਰਿਆ ਗਿਆ ਸੀ ૮ ਇਸ ਤੋਂ ਇਲਾਵਾ ਸਾਲ 1983-84 ‘ਚ ਪਾਣੀ ਦਾ ਪੱਧਰ 1686.01 ਫੁੱਟ, 1978-79 ‘ਚ ਪਾਣੀ ਦਾ ਪੱਧਰ 1685.95 ਫੁੱਟ ਅੰਕੜੇ ਦੱਸਦੇ ਹਨ ਕਿ 1975 ਤੋਂ ਲੈ ਕੇ ਹੁਣ ਤੱਕ ਪਾਣੀ ਸਿਰਫ਼ ਚਾਰ ਵਾਰ ਹੀ 1685 ਫੁੱਟ ਦੇ ਅੰਕੜੇ ਨੂੰ ਪਾਰ ਕੀਤਾ ਹੈ। ਅੰਕੜੇ ਇਹ ਵੀ ਦੱਸਦੇ ਹਨ ਕਿ ਭਾਖੜਾ ਦੀ ਇਸ ਝੀਲ ‘ਚ ਹਰੇਕ ਸਾਲ ਸਤੰਬਰ 30 ਤੱਕ ਪਾਣੀ ਦੀ ਆਮਦ ਆਉਂਦੀ ਰਹਿੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਜ ਸਰਕਾਰ ਦੀ ਅਸਲ ‘ਚ ਭਾਖੜਾ ਨਾਲ ਤਾਲਮੇਲ ਦੀ ਕਮੀ ਹੈ। ਪੰਜਾਬ ਇਕ ਅਜਿਹਾ ਸੂਬਾ ਹੈ ਜਿਸ ਨੇ ਨਿਰਧਾਰਿਤ ਦਰ ਮੁਤਾਬਿਕ ਆਪਣੇ ਅਧਿਕਾਰੀ ਤੇ ਕਰਮਚਾਰੀ ਭਾਖੜਾ ਬਿਆਸ ਪ੍ਰਬੰਧਕ ਬੋਰਡ ਕੋਲ ਭੇਜੇ ਹੀ ਨਹੀਂ। ਜਿਸ ਵੇਲੇ ਪਾਣੀ ਦਾ ਅੰਕੜਾ 1670 ਫੁੱਟ ਨੂੰ ਪਾਰ ਕਰਦਾ ਹੈ ਤਾਂ ਭਾਖੜਾ ਬਿਆਸ ਪ੍ਰਬੰਧਕ ਬੋਰਡ ਸਬੰਧਿਤ ਰਾਜਾਂ ਨੂੰ ਚੌਕਸ ਰਹਿਣ ਲਈ ਆਖਦਾ ਹੈ ਤੇ 1680 ਫੁੱਟ ਤੋਂ ਬਾਅਦ ਭਾਖੜਾ ਰੈੱਡ ਅਲਰਟ ਕਰਦਾ ਹੈ। ਪੰਜਾਬ ਦੀਆਂ ਸਾਰੀਆਂ ਸਰਕਾਰਾਂ ਨੇ 1988 ਦੇ ਹੜ੍ਹਾਂ ਤੋਂ ਕੋਈ ਸਬਕ ਹੀ ਨਹੀਂ ਸਿੱਖਿਆ, ਜਿਸ ਦਾ ਖ਼ਮਿਆਜ਼ਾ ਅੱਜ ਲੋਕ ਭੁਗਤ ਰਹੇ ਹਨ। ਕਈ ਵਾਰ ਜਦੋਂ ਪਹਾੜਾਂ ‘ਤੇ ਬਰਸਾਤ ਘੱਟ ਜਾਂਦੀ ਹੈ ਤਾਂ ਭਾਖੜਾ ਦਾ ਪਾਣੀ ਪੱਧਰ ਵੀ ਪ੍ਰਭਾਵਿਤ ਹੁੰਦਾ ਹੈ। ਕਈ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਭਾਖੜਾ ਅੰਦਰ ਪਾਣੀ ਦੇ ਪੱਧਰ ਦਾ ਵੱਧ ਤੋਂ ਵੱਧ ਅੰਕੜਾ 1650 ਫੁੱਟ ਦੇ ਅੰਕੜੇ ਨੂੰ ਪਾਰ ਨਹੀਂ ਸੀ ਕਰ ਸਕਿਆ। ਇਕ ਵਾਰ ਅੰਕੜਾ ਅਜਿਹਾ ਵੀ ਆਇਆ ਜਦੋਂ ਪਾਣੀ ਦਾ ਪੱਧਰ 1600.82 ਫੁੱਟ ਤੱਕ ਹੀ ਰਹਿ ਗਿਆ ਸੀ। ਸਾਲ 2012 ‘ਚ ਪਾਣੀ ਦਾ ਸਿਖਰਲਾ ਅੰਕੜਾ 1640.42 ਫੁੱਟ, ਸਾਲ 2000-01’ਚ 1647.80 ਫੁੱਟ, ਸਾਲ 2001-02 ‘ਚ 1649 ਫੁੱਟ, 1993-94 ‘ਚ 1628.84 ਫੁੱਟ ‘ਤੇ ਹੀ ਰਹਿ ਗਿਆ ਸੀ। ਭਾਖੜਾ ਡੈਮ ਦੀ ਅਹਿਮ ਮਿਸਾਲ : ਭਾਖੜਾ ਡੈਮ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਦੁਨੀਆ ਦਾ ਇਹ ਦੂਜਾ ਡੈਮ ਹੈ, ਜਿਸ ‘ਚ ਪਾਣੀ ਜਦੋਂ ਖ਼ਾਸ ਅੰਕੜੇ ਨੂੰ ਪਾਰ ਕਰਦਾ ਹੈ ਤਾਂ ਡੈਮ ਆਪਣੀ ਅਸਲ ਥਾਂ ਤੋਂ ਇਕ ਇੰਚ ਅੱਗੇ ਆਉਂਦਾ ਹੈ ਤੇ ਜਦੋਂ ਪਾਣੀ ਦਾ ਅੰਕੜਾ ਇਸ ਨਿਰਧਾਰਿਤ ਅੰਕੜੇ ਤੋਂ ਹੇਠਾਂ ਆ ਜਾਂਦਾ ਹੈ ਤਾਂ ਡੈਮ ਮੁੜ ਆਪਣੀ ਪਹਿਲੀ ਥਾਂ ‘ਤੇ ਅੱਪੜ ਜਾਂਦਾ ਹੈ। ਇਸ ਲਚਕਤਾ ਇਸ ਦੀ ਅੱਜ ਵੀ ਜਿਉਂ ਦੀ ਤਿਉਂ ਹੈ।
Check Also
ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ
ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …