ਵੈਭਵ ਗਹਿਲੋਤ ਬੋਲੇ : ਰਾਜਸਥਾਨ ਨਹੀਂ ਬਣੇਗੀ ਕਾਂਗਰਸ ਪਾਰਟੀ ਦੀ ਸਰਕਾਰ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ’ਚ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਵਿਵਾਦ ਦਾ ਮੁੱਦਾ ਬਣੀ ਲਾਲ ਡਾਇਰੀ ਦੇ 4 ਪੰਨੇ ਫਿਰ ਤੋਂ ਸਾਹਮਣੇ ਆ ਗਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਇਹ ਲਾਲ ਡਾਇਰੀ ਰਾਜਸਥਾਨ ਟੂਰਿਜ਼ਮ ਵਿਕਾਸ ਨਿਗਮ ਦੇ ਪ੍ਰਧਾਨ ਧਰਮਿੰਦਰ ਰਾਠੌੜ ਦੇ ਘਰ ਤੋਂ ਕੁੱਝ ਮਹੀਨੇ ਪਹਿਲਾਂ ਬਰਖਾਸਤ ਕੀਤੇ ਗਏ ਮੰਤਰੀ ਰਾਜੇਂਦਰ ਗੁੜਾ ਲੈ ਕੇ ਆਏ ਸਨ। ਲਾਲ ਡਾਇਰੀ ਦੇ ਬਾਹਰ ਆਏ ਪੰਨਿਆਂ ’ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਅਤੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੈਭਵ ਗਹਿਲੋਤ ਦੀ ਅਸ਼ੋਕ ਗਹਿਲੋਤ ਸਰਕਾਰ ਨਾਲ ਨਾਰਾਜ਼ਗੀ ਦਾ ਜਿਕਰ ਕੀਤਾ ਗਿਆ ਹੈ। ਜਿਸ ’ਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਬੁਰੀ ਤਰ੍ਹਾਂ ਹਾਰਨ ਦੀ ਗੱਲ ਲਿਖੀ ਹੋਈ ਹੈ। ਡਾਇਰੀ ’ਚ ਲਿਖਿਆ ਗਿਆ ਹੈ ਕਿ ‘ਵੈਭਵ ਗਹਿਲੋਤ ਦਾ ਫੋਨ ਆਇਆ ਅਤੇ ਉਹ ਬੋਲੇ ਕਿ ਪਾਪਾ ਇਸ ਵਾਰ ਵਾਪਸ ਸਰਕਾਰ ਨਹੀਂ ਬਣਾ ਸਕਣਗੇ। ਇਸ ਸਬੰਧੀ ਉਹ ਲਿਖ ਕੇ ਦੇ ਸਕਦੇ ਹਨ ਕਿ ਉਹ ਬੁਰੀ ਤਰ੍ਹਾਂ ਹਾਰਨਗੇ ਅਤੇ ਇਸ ਦਾ ਕਾਰਨ ਵੀ ਉਹ ਖੁਦ ਹੀ ਹਨ। ਇਸ ਤੋਂ ਇਲਾਵਾ ਡਾਇਰੀ ’ਚ ਕਾਂਗਰਸੀ ਵਿਧਾਇਕ ਦੀ ਖਾਨ ਦੀ ਵੰਡ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਇਹ ਵਾਕਿਆ ਕਦੋਂ ਦਾ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ।