Breaking News
Home / ਭਾਰਤ / ਮੋਦੀ ਸਰਕਾਰ ਨੂੰ ਡਰਾਉਣ ਲੱਗਾ ਕਿਸਾਨੀ ਸੰਘਰਸ਼

ਮੋਦੀ ਸਰਕਾਰ ਨੂੰ ਡਰਾਉਣ ਲੱਗਾ ਕਿਸਾਨੀ ਸੰਘਰਸ਼

ਦਿੱਲੀ ਨੂੰ ਜਾਂਦੇ ਰਸਤਿਆਂ ਨੂੰ ਬਣਾਇਆ ਅੰਤਰਰਾਸ਼ਟਰੀ ਸਰਹੱਦ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਕਿਸਾਨੀ ਸੰਘਰਸ਼ ਡਰਾਉਣ ਵੀ ਲੱਗਾ ਹੈ। ਇਨ੍ਹਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਕਈ ਮੀਟਿੰਗਾਂ ਹੋਈਆਂ ਹਨ, ਜੋ ਬੇਸਿੱਟਾ ਹੀ ਰਹੀਆਂ ਹਨ। ਗਣਤੰਤਰ ਦਿਵਸ ਮੋਕੇ ਕਿਸਾਨਾਂ ਨੇ ਵੱਡੀ ਟਰੈਕਟਰ ਪਰੇਡ ਵੀ ਕੱਢੀ। ਹੁਣ ਦਿੱਲੀ ਪੁਲਿਸ ਵਲੋਂ ਸਿੰਘੂ ਅਤੇ ਟਿੱਕਰੀ ਬਾਰਡਰ ‘ਤੇ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਦਿੱਲੀ ‘ਚ ਦਾਖਲ ਨਾ ਹੋ ਸਕਣ। ਦਿੱਲੀ ਤੇ ਹਰਿਆਣਾ ਨੂੰ ਜੋੜਨ ਵਾਲੇ ਸਿੰਘੂ ਵਿਚ ਚਾਰ ਲੇਅਰ ਦੀ ਬੈਰੀਕੇਡਿੰਗ ਦੇ ਨਾਲ ਸੀਮੈਂਟ ਦੀਆਂ ਰੋਕਾਂ ਵਿਚ ਤਿੱਖੇ ਸਰੀਏ ਲਗਾਏ ਜਾ ਰਹੇ ਹਨ। ਮੋਦੀ ਸਰਕਾਰ ਵਲੋਂ ਦਿੱਲੀ ਨੂੰ ਜਾਂਦੇ ਰਸਤਿਆਂ ਵਿਚ ਅਜਿਹੀਆਂ ਰੋਕਾਂ ਲਗਾਈਆਂ ਜਾ ਰਹੀਆਂ ਜਿਵੇਂ ਅੰਤਰਰਾਸ਼ਟਰੀ ਸਰਹੱਦ ਹੋਵੇ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਅੰਦੋਲਨ ਜਲਦੀ ਖਤਮ ਹੋਣ ਵਾਲਾ ਨਹੀਂ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਸਭ ਤੋਂ ਪਹਿਲਾਂ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ। ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦਾ ਦਿੱਲੀ ਦੇ ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰਾਂ ‘ਤੇ ਦੋ ਮਹੀਨੇ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਘੇਰਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਿਸ ਨੇ ਟਿਕਰੀ ਤੋਂ ਬਾਅਦ ਹੁਣ ਸਿੰਘੂ ਤੇ ਗਾਜ਼ੀਪੁਰ ਦੇ ਧਰਨਿਆਂ ਵੱਲ ਜਾਂਦੇ ਰਾਹਾਂ ‘ਚ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ ਤਾਂ ਕਿ ਕਿਸਾਨ ਦਿੱਲੀ ਵਿੱਚ ਦਾਖ਼ਲ ਨਾ ਹੋ ਸਕਣ। ਦਿੱਲੀ ਪੁਲਿਸ ਵੱਲੋਂ ਕੀਤੇ ਸੁਰੱਖਿਆ ਬੰਦੋਬਸਤਾਂ ‘ਤੇ ਕਾਂਗਰਸੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਤਿੱਖੇ ਵਿਅੰਗ ਕੱਸੇ ਹਨ। ਪ੍ਰਿਯੰਕਾ ਨੇ ਕਿਹਾ, ‘ਪ੍ਰਧਾਨ ਮੰਤਰੀ ਜੀ, ਆਪਣੇ ਹੀ ਕਿਸਾਨਾਂ ਨਾਲ ਯੁੱਧ?’ ਰਾਹੁਲ ਗਾਂਧੀ ਨੇ ਚਾਰ ਫੋਟੋਆਂ ਸਾਂਝੀਆਂ ਕੀਤੀਆਂ ਤੇ ਕੇਂਦਰ ਸਰਕਾਰ ਨੂੰ ਚੋਭ ਲਾਈ ਕਿ ‘ਭਾਰਤ ਸਰਕਾਰ ਪੁਲ਼ ਬਣਾਉਂਦੀ ਹੈ ਨਾ ਕਿ ਕੰਧਾਂ (ਰੋਕਾਂ) ਉਸਾਰਦੀ ਹੈ।’ ਪੁਲਿਸ ਨੇ ਸੀਮਿੰਟ ਦੇ ਵੱਡੇ ਬਲਾਕ ਸੜਕਾਂ ‘ਤੇ ਧਰ ਕੇ ‘ਤੇ ਕੰਡਿਆਲੀ ਤਾਰ ਬੰਨ੍ਹ ਦਿੱਤੀ ਹੈ। ਸੜਕਾਂ ਪੁੱਟ ਕੇ ਉਨ੍ਹਾਂ ਉਪਰ ਲੋਹੇ ਦੇ ਮੋਟੇ ਤਿੱਖੇ ਕਿੱਲ ਸੀਮਿੰਟ ਨਾਲ ਜੜ ਦਿੱਤੇ ਗਏ ਹਨ ਤਾਂ ਕਿ ਕਿਸਾਨ ਟਰੈਕਟਰ ਜਾਂ ਗੱਡੀ ਲੈ ਕੇ ਦਿੱਲੀ ਵੱਲ ਨਾ ਵਧ ਸਕਣ। ਸੀਮਿੰਟ ਦੇ ਬਲਾਕਾਂ ਨੂੰ ਸਰੀਏ ਪਾ ਦਿੱਤੇ ਹਨ। ਮੋਰਚਿਆਂ ਨੂੰ ਜਾਂਦੇ ਛੋਟੇ ਰਾਹਾਂ ਉਪਰ ਰੋਕਾਂ ਲਾ ਦਿੱਤੀਆਂ ਗਈਆਂ ਹਨ ਜਾਂ ਡੂੰਘੇ ਟੋਏ ਪੁੱਟ ਦਿੱਤੇ ਹਨ। ਸਿੰਘੂ ਬਾਰਡਰ ‘ਤੇ ਤਾਂ ਮੀਡੀਆ ਕਰਮੀ ਵੀ ਨਹੀਂ ਜਾ ਸਕਦੇ। ਸਿੰਘੂ ਵੱਲ ਪੈਦਲ ਜਾਣ ਦੇ ਰਾਹ ਵੀ ਬੰਦ ਕਰ ਦਿੱਤੇ ਗਏ ਹਨ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …