ਸਰਕਾਰ ਅਸਥਿਰ ਕਰਨ ਦੀਆਂ ਗੋਂਦਾਂ ਗੁੰਦਣ ਦੇ ਦੋਸ਼
ਬਾਰਗੜ੍ਹ (ਉੜੀਸਾ)/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਹੈ ਕਿ ਕੁਝ ਗ਼ੈਰ ਸਰਕਾਰੀ ਜਥੇਬੰਦੀਆਂ (ਐਨਜੀਓਜ਼) ਅਤੇ ਕਾਲਾਬਾਜ਼ਾਰੀ ਕਰਨ ਵਾਲੇ ਲੋਕ ਸਰਕਾਰ ਨੂੰ ਅਸਥਿਰ ਕਰਨ ਅਤੇ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਹਨ ਪਰ ਉਹ ਅਜਿਹੀਆਂ ਤਾਕਤਾਂ ਸਾਹਮਣੇ ਨਹੀਂ ਝੁਕਣਗੇ।
ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਇਕ ‘ਚਾਹ ਵਾਲਾ’ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਅਤੇ ਉਹ ਸਰਕਾਰ ਡੇਗਣ ਲਈ ਗੋਂਦਾਂ ਗੁੰਦਦੇ ਰਹਿੰਦੇ ਹਨ। ਕਿਸਾਨਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ”ਤੁਸੀਂ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਹੋਣਾ ਕਿ ਮੇਰੇ ‘ਤੇ ਹਮਲੇ ਹੋ ਰਹੇ ਹਨ। ਕੁਝ ਲੋਕ ਤਾਂ ਲਗਾਤਾਰ ਹਮਲੇ ਕਰ ਰਹੇ ਹਨ। ਉਨ੍ਹਾਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਹੈ।” ਬਿਨਾਂ ਕਿਸੇ ਦਾ ਨਾਮ ਲਏ ਅਤੇ ਘਟਨਾ ਦਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਝ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਕਰਕੇ ਇਨ੍ਹਾਂ ਲੋਕਾਂ ਨੂੰ ਤਕਲੀਫ਼ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿੰਮ ਵਾਲੀ ਯੂਰੀਆ ਆਉਣ ਨਾਲ ਰਸਾਇਣਕ ਫੈਕਟਰੀਆਂ ઠਵਾਲੇ ਉਨ੍ਹਾਂ ਤੋਂ ਨਾਰਾਜ਼ ਹੋ ਗਏ ਹਨ ਕਿਉਂਕਿ ਪਹਿਲਾਂ ਉਨ੍ਹਾਂ ਨੇ ਲੁੱਟ ਮਚਾਈ ਹੋਈ ਸੀ ਜੋ ਹੁਣ ਸਰਕਾਰ ਦੀਆਂ ਕੋਸ਼ਿਸ਼ਾਂ ਕਰਕੇ ਬੰਦ ਹੋ ਗਈ ਹੈ।
ਮੋਦੀ ਨੇ ਕਿਹਾ ਕਿ ਐਨਜੀਓਜ਼ ਨੂੰ ਵਿਦੇਸ਼ੀ ਮੁਲਕਾਂ ਤੋਂ ਪੈਸਾ ਮਿਲਦਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਦੇ ਖ਼ਾਤੇ ਮੰਗ ਲਏ ਹਨ। ‘ਹੁਣ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਹਨ ਅਤੇ ਆਖ ਰਹੀਆਂ ਹਨ ਮੋਦੀ ਨੂੰ ਮਾਰੋ, ਮੋਦੀ ਨੂੰ ਮਾਰੋ। ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਿਲ ਰਿਹਾ ਪੈਸਾ ਕਿਥੇ ਖ਼ਰਚਿਆ ਜਾ ਰਿਹਾ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜੋ ਮਰਜ਼ੀ ਕਰਦੇ ਜਾਣ ਪਰ ਉਹ ਆਪਣੇ ਰਾਹ ਤੋਂ ਨਹੀਂ ਭਟਕਣਗੇ ਅਤੇ ਲੋਕਾਂ ਦੇ ਭਰੋਸੇ ਨੂੰ ਨਹੀਂ ਤੋੜਨਗੇ। ਇਸ ਦੌਰਾਨ ਉਨ੍ਹਾਂ ਫ਼ਸਲੀ ਬੀਮਾ ਯੋਜਨਾ ਸਮੇਤ ਕਿਸਾਨਾਂ ਲਈ ਚੁੱਕੇ ਗਏ ਹੋਰ ਕਦਮਾਂ ਦੀ ਵੀ ਜਾਣਕਾਰੀ ਦਿੱਤੀ।
ਆਰਅਰਬਨ ਮਿਸ਼ਨ ਦੀ ਸ਼ੁਰੂਆਤ: ਮੋਦੀ ਨੇ ਛੱਤੀਸਗੜ੍ਹ ਦੇ ਡੋਂਗਰਗੜ੍ਹ ਵਿਚ ‘ਆਰਅਰਬਨ ਮਿਸ਼ਨ’ ਦੀ ਵੀ ਸ਼ੁਰੂਆਤ ਕੀਤੀ। ਇਸ ਤਹਿਤ ਦੇਸ਼ ਦੇ 300 ਪਿੰਡਾਂ ਦੀ ਸ਼ਹਿਰਾਂ ਦੀ ਤਰਜ਼ ‘ਤੇ ਨੁਹਾਰ ਬਦਲੀ ਜਾਏਗੀ।
ਆਵਾਸ ਯੋਜਨਾ ਦਾ ਨੀਂਹ ਪੱਥਰ ਰੱਖਿਆ: ਨਯਾ ਰਾਏਪੁਰ ਵਿਚ ਉਨ੍ਹਾਂ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਦਾ ਨੀਂਹ ਪੱਥਰ ਰੱਖਿਆ ਜਿਸ ਤਹਿਤ 2022 ਤੱਕ ਗਰੀਬਾਂ ਲਈ ਪੰਜ ਕਰੋੜ ਮਕਾਨ ਉਸਾਰੇ ਜਾਣਗੇ।
Check Also
ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ
ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …