ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਪੁਲਿਸ ਦੀ ਟੀਮ ਨੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਮਾਮਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ ਇੱਕ ਲੈਪਟਾਪ ਅਤੇ ਸੀਸੀਟੀਵੀ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਜ਼ਬਤ ਕੀਤੇ ਹਨ।
ਪੁਲਿਸ ਮੁਤਾਬਕ ਕਬਜ਼ੇ ਵਿਚ ਲਿਆ ਸਾਮਾਨ ਜਾਂਚ ਵਿੱਚ ਸਹਾਈ ਹੋ ਸਕਦਾ ਹੈ। ਇਸ ਦੇ ਨਾਲ ਹੀ ਦਿੱਲੀ ਪੁਲਿਸ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦਸਤਾਵੇਜ਼ ਵੀ ਚੁੱਕ ਕੇ ਲੈ ਗਈ ਹੈ। ਉਧਰ ਦਿੱਲੀ ਦੀ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਪੰਜ ਦਿਨਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਹਾਲਾਂਕਿ ਸੱਤ ਦਿਨਾ ਰਿਮਾਂਡ ਮੰਗਿਆ ਸੀ।
ਅਦਾਲਤ ਨੇ ਦਿੱਲੀ ਪੁਲਿਸ ਤੇ ਵਿਭਵ ਦੇ ਵਕੀਲ ਦੀਆਂ ਦਲੀਲਾਂ ਸੁਣਨ ਮਗਰੋਂ ਸ਼ਨਿੱਚਰਵਾਰa ਦੇਰ ਰਾਤ ਫੈਸਲਾ ਰਾਖਵਾਂ ਰੱਖਣ ਮਗਰੋਂ ਪੌਣੇ ਇਕ ਵਜੇ ਦੇ ਕਰੀਬ ਫੈਸਲਾ ਸੁਣਾਇਆ ਸੀ। ਦਿੱਲੀ ਪੁਲਿਸ ਨੇ ਕਿਹਾ ਕਿ ‘ਆਪ’ ਆਗੂ ਸਵਾਤੀ ਮਾਲੀਵਾਲ ‘ਤੇ ਕੀਤਾ ਹਮਲਾ ਘਾਤਕ ਹੋ ਸਕਦਾ ਸੀ।
ਪੁਲਿਸ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਤੋਂ 13 ਮਈ ਨੂੰ ਹੋਏ ਹਮਲੇ ਸਬੰਧੀ ਕਬਜ਼ੇ ਵਿਚ ਲਈ ਸੀਸੀਟੀਵੀ ਫੁਟੇਜ ਖਾਲੀ ਨਿਕਲੀ ਹੈ। ਪੁਲਿਸ ਨੇ ਰਿਮਾਂਡ ਅਰਜ਼ੀ ਵਿਚ ਇਹ ਗੱਲ ਵੀ ਕਹੀ ਕਿ ਕੁਮਾਰ ਨੇ ਮੰਨਿਆ ਕਿ ਉਸ ਨੇ ਮੁੰਬਈ ਵਿਚ ਆਪਣਾ ਐੱਪਲ ਦਾ ਆਈਫੋਨ 15 ਫਾਰਮੈਟ ਕਰਵਾਇਆ ਹੈ, ਜਿਸ ਦਾ ਡੇਟਾ ਰਿਕਵਰ ਕਰਨ ਲਈ ਮੁਲਜ਼ਮ ਦੇ ਰਿਮਾਂਡ ਦੀ ਲੋੜ ਹੈ। ਪੁਲਿਸ ਨੇ ਕਿਹਾ ਕਿ ਮੁੱਖ ਮੰਤਰੀ ਦੀ ਸਿਵਲ ਲਾਈਨਜ਼ ਵਿਚਲੀ ਰਿਹਾਇਸ਼ ਦੇ ਡਰਾਇੰਗ ਰੂਮ, ਜਿੱਥੇ ਮਾਲੀਵਾਲ ‘ਤੇ ਕਥਿਤ ਹਮਲੇ ਦੀ ਘਟਨਾ ਵਾਪਰੀ, ਦੀ ਡਿਜੀਟਲ ਵੀਡੀਓ ਰਿਕਾਰਡਿੰਗ ਵੀ ਅਧਿਕਾਰਤ ਤੌਰ ‘ਤੇ ਨਹੀਂ ਦਿੱਤੀ ਗਈ ਤੇ ਅਣਅਧਿਕਾਰਤ ਤੌਰ ‘ਤੇ ਹਾਸਲ ਕੀਤਾ ਰਿਕਾਰਡਿੰਗ ਦਾ ਇਕ ਹਿੱਸਾ ਬਿਲਕੁਲ ਖਾਲੀ ਹੈ। ਪੁਲਿਸ ਨੇ ਕੋਰਟ ਵਿਚ ਦਾਇਰ ਹਲਫ਼ਨਾਮੇ ‘ਚ ਇਹ ਵੀ ਕਿਹਾ ਕਿ ਵਿਭਵ ਕੁਮਾਰ ਇਸ ਗੱਲ ਦਾ ਜਵਾਬ ਵੀ ਨਹੀਂ ਦੇ ਸਕਿਆ ਕਿ 19 ਅਪਰੈਲ ਨੂੰ ਉਸ ਦੀ ਨਿੱਜੀ ਸਕੱਤਰ ਵਜੋਂ ਨਿਯੁਕਤੀ ਟਰਮੀਨੇਟ ਕਰਨ ਦੇ ਬਾਵਜੂਦ ਵੀ ਉਹ ਮੁੱਖ ਮੰਤਰੀ ਕੇਜਰੀਵਾਲ ਦੀ ਰਿਹਾਇਸ਼ ‘ਤੇ ਕਿਵੇਂ ਕੰਮ ਕਰ ਰਿਹਾ ਸੀ। ਦਿੱਲੀ ਪੁਲਿਸ ਨੇ ਵਿਭਵ ਕੁਮਾਰ ਨੂੰ ਸ਼ਨਿੱਚਰਵਾਰ ਨੂੰ ਕੇਜਰੀਵਾਲ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਮਾਲੀਵਾਲ ਦੀ ਸ਼ਿਕਾਇਤ ‘ਤੇ ਸਿਵਲ ਲਾਈਨਜ਼ ਪੁਲੀਸ ਥਾਣੇ ਵਿਚ ਦਰਜ ਕੇਸ ਵਿਚ ਆਈਪੀਸੀ ਦੀ ਧਾਰਾ 308, 341, 354(ਬੀ), 506 ਤੇ 509 ਆਇਦ ਕੀਤੀਆਂ ਗਈਆਂ ਹਨ। ਕੇਜਰੀਵਾਲ ਦੀ ਰਿਹਾਇਸ਼ ਤੋਂ ਲੈਪਟਾਪ ਤੇ ਡੀਵੀਆਰ ਕਬਜ਼ੇ ਵਿਚ ਲੈਣ ਮੌਕੇ ਵਧੀਕ ਡੀਸੀਪੀ ਅੰਜਿਤਾ ਚੇਪਿਆਲਾ ਨਾਲ ਸਿਵਲ ਲਾਈਨਜ਼ ਥਾਣੇ ਦੇ ਐੱਸਐੱਚਓ ਤੇ ਪੁਲਿਸ ਟੀਮ ਵੀ ਮੌਜੂਦ ਸੀ। ਟੀਮ ਵੱਲੋਂ ਕਥਿਤ ਕੁੱਟਮਾਰ ਦੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Check Also
ਮਹਾਂਰਾਸ਼ਟਰ ’ਚ ਭਾਜਪਾ ਨੇ 200 ਸੀਟਾਂ ’ਤੇ ਬਣਾਈ ਲੀਡ
ਝਾਰਖੰਡ ’ਚ ਝਾਰਖੰਡ ਮੁਕਤੀ ਮੋਰਚਾ 51 ਸੀਟਾਂ ’ਤੇ ਅੱਗੇ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀਆਂ 288 …