Breaking News
Home / ਭਾਰਤ / ‘ਆਪ’ ਨੂੰ ਖ਼ਤਮ ਕਰਨ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ : ਕੇਜਰੀਵਾਲ

‘ਆਪ’ ਨੂੰ ਖ਼ਤਮ ਕਰਨ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ : ਕੇਜਰੀਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਲਈ ‘ਆਪਰੇਸ਼ਨ ਝਾੜੂ’ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਡਰ ਹੈ ਕਿ ‘ਆਪ’ ਆਉਣ ਵਾਲੇ ਸਮੇਂ ਵਿਚ ਚੁਣੌਤੀ ਬਣ ਸਕਦੀ ਹੈ। ਭਾਜਪਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਤੋਂ ਪਹਿਲਾਂ ਇਥੇ ਪਾਰਟੀ ਹੈੱਡਕੁਆਰਟਰ ‘ਤੇ ‘ਆਪ’ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ, ”ਉਹ ਸਾਡੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕਰਨਗੇ, ਸਾਡੇ ਬੈਂਕ ਖਾਤੇ ਜ਼ਬਤ ਕਰਨਗੇ ਅਤੇ ਸਾਡੇ ਦਫਤਰ ਖਾਲੀ ਕਰਵਾਉਣਗੇ ਅਤੇ ਸਾਨੂੰ ਸੜਕਾਂ ‘ਤੇ ਲਿਆਉਣਗੇ। ਪ੍ਰਧਾਨ ਮੰਤਰੀ ਸੋਚਦੇ ਹਨ ਕਿ ਉਹ ‘ਆਪ’ ਨੂੰ ਤਬਾਹ ਕਰ ਦੇਣਗੇ, ਪਰ ਅਜਿਹਾ ਨਹੀਂ ਹੋਵੇਗਾ।” ਕੇਜਰੀਵਾਲ ਪਾਰਟੀ ਆਗੂਆਂ ਨਾਲ ਗ੍ਰਿਫਤਾਰੀਆਂ ਦੇਣ ਲਈ ਪੈਦਲ ਮਾਰਚ ਕਰਦੇ ਹੋਏ ਭਾਜਪਾ ਹੈੱਡਕੁਆਰਟਰ ਵੱਲ ਵਧੇ। ਦਿੱਲੀ ਪੁਲਿਸ ਨੇ ਰਸਤਾ ਬੰਦ ਕਰਕੇ ਰਾਹ ਵਿਚ ਹੀ ਸਾਰੇ ਆਗੂਆਂ ਨੂੰ ਰੋਕ ਲਿਆ। ਕੇਜਰੀਵਾਲ ਦੇ ਪਿੱਛੇ ਪਾਰਟੀ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਸਮਰਥਕ ਖੜ੍ਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਨਾਅਰਿਆਂ ਵਾਲੇ ਪੋਸਟਰ, ਬੈਨਰ ਅਤੇ ਤਖ਼ਤੀਆਂ ਸਨ। ਕੇਜਰੀਵਾਲ ਸੜਕ ‘ਤੇ ਬੈਠ ਗਏ ਅਤੇ ਅੱਧੇ ਘੰਟੇ ਤੱਕ ਗ੍ਰਿਫਤਾਰੀ ਦਾ ਇੰਤਜ਼ਾਰ ਕਰਦੇ ਰਹੇ। ਜਦੋਂ ਪੁਲਿਸ ਨੇ ਕੇਜਰੀਵਾਲ ਤੇ ਹੋਰਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਮੁੱਖ ਮੰਤਰੀ ਸਮੇਤ ਸਾਰੇ ਆਗੂ ਪਰਤ ਗਏ। ਇਸ ਮੌਕੇ ਸੰਸਦ ਮੈਂਬਰ ਸੰਜੈ ਸਿੰਘ, ਸੰਗਠਨ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਦਿੱਲੀ ਪ੍ਰਦੇਸ਼ ਕਨਵੀਨਰ ਅਤੇ ਕੈਬਨਿਟ ਮੰਤਰੀ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ, ਸੰਸਦ ਮੈਂਬਰ ਰਾਘਵ ਚੱਢਾ, ਕੈਬਨਿਟ ਮੰਤਰੀ ਆਤਿਸ਼ੀ ਅਤੇ ਇਮਰਾਨ ਹੁਸੈਨ, ਰਾਸ਼ਟਰੀ ਸਕੱਤਰ ਪੰਕਜ ਗੁਪਤਾ ਅਤੇ ਵਿਧਾਇਕ, ਕੌਂਸਲਰ ਤੇ ਸੀਨੀਅਰ ਆਗੂ ਹਾਜ਼ਰ ਸਨ।

 

Check Also

ਜੰਮੂ ਕਸ਼ਮੀਰ ’ਚ ਦੂਜੇ ਪੜਾਅ ਦੌਰਾਨ ਪਈਆਂ ਵੋਟਾਂ 

ਤੀਜੇ ਤੇ ਆਖਰੀ ਗੇੜ ਦੀਆਂ ਵੋਟਾਂ 1 ਅਕਤੂਬਰ ਨੂੰ ਜੰਮੂ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਵਿਧਾਨ ਸਭਾ …