ਨਵੀਂ ਦਿੱਲੀ: ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਸ ਦੇ ਪਾਰਟੀ ਕੁਲੀਗ, ਜੋ ਕਦੇ ਨਿਰਭਯਾ ਲਈ ਇਨਸਾਫ਼ ਮੰਗਦੇ ਸਨ, ਪਰ ਅੱਜ ਉਹ ਉਸ ‘ਤੇ ਹਮਲਾ ਕਰਨ ਵਾਲੇ ਸ਼ਖ਼ਸ (ਵਿਭਵ ਕੁਮਾਰ) ਦੀ ਹਮਾਇਤ ਕਰ ਰਹੇ ਹਨ। ਮਾਲੀਵਾਲ ਨੇ ਕਿਹਾ ਕਿ ਜੇਕਰ ‘ਆਪ’ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਜੋ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਜੇਲ੍ਹ ‘ਚ ਹਨ, ਇਥੇ ਹੁੰਦੇ ਤਾਂ ‘ਸ਼ਾਇਦ ਮੇਰੇ ਲਈ ਸਥਿਤੀ ਇੰਨੀ ਖਰਾਬ ਨਾ ਹੁੰਦੀ!” ਮਾਲੀਵਾਲ ਨੇ ਦਾਅਵਾ ਕੀਤਾ ਸੀ ਕਿ 13 ਮਈ ਨੂੰ ਜਦੋਂ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ‘ਤੇ ਗਈ ਤਾਂ ਸੀਐੱਮ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੇ ਉਸ ਨਾਲ ਕੁੱਟਮਾਰ ਕੀਤੀ। ਪਿਛਲੇ 10 ਸਾਲਾਂ ਤੋਂ ‘ਆਪ’ ਨਾਲ ਜੁੜੀ ਮਾਲੀਵਾਲ ਨੇ ਕਿਹਾ, ”ਇਕ ਸਮਾਂ ਸੀ ਜਦੋਂ ਅਸੀਂ ਸਾਰੇ ਨਿਰਭਯਾ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ‘ਤੇ ਉਤਰੇ ਸੀ।
12 ਸਾਲਾਂ ਬਾਅਦ ਅਸੀਂ ਮੁਲਜ਼ਮ (ਵਿਭਵ ਕੁਮਾਰ) ਨੂੰ ਬਚਾਉਣ ਲਈ ਸੜਕਾਂ ‘ਤੇ ਹਾਂ, ਉਹ ਮੁਲਜ਼ਮ ਜਿਸ ਨੇ ਸੀਸੀਟੀਵੀ ਫੁਟੇਜ ਗਾਇਬ ਕੀਤੀ ਤੇ ਫੋਨ ਫਾਰਮੈਟ ਕੀਤਾ। ਮੇਰੀ ਇੱਛਾ ਹੈ ਕਿ ਉਨ੍ਹਾਂ (ਆਪ) ਇੰਨਾ ਜ਼ੋਰ ਮਨੀਸ਼ ਸਿਸੋਦੀਆ ਜੀ ਲਈ ਲਾਇਆ ਹੁੰਦਾ।”