ਚਾਰ ਵਾਰ ਸੰਸਦ ਮੈਂਬਰ ਰਹੇ ਅਵਤਾਰ ਭੜਾਨਾ ਆਰ.ਐਲ.ਡੀ. ’ਚ ਸ਼ਾਮਲ
ਨਵੀਂ ਦਿੱਲੀ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਇਕ ਹੋਰ ਵੱਡਾ ਸਿਆਸੀ ਝਟਕਾ ਲੱਗਾ ਹੈ। ਚਾਰ ਵਾਰ ਸੰਸਦ ਮੈਂਬਰ ਰਹੇ ਅਤੇ ਮੀਰਾਪੁਰ ਤੋਂ ਮੌਜੂਦਾ ਵਿਧਾਇਕ ਅਵਤਾਰ ਸਿੰਘ ਭੜਾਨਾ ਵੀ ਭਾਜਪਾ ਨੂੰ ਛੱਡ ਕੇ ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਵਿਚ ਸ਼ਾਮਲ ਹੋ ਗਏ। ਭੜਾਨਾ ਨੇ ਨਵੀਂ ਦਿੱਲੀ ਵਿਚ ਜੈਯੰਤ ਚੌਧਰੀ ਨੂੰ ਮਿਲ ਕੇ ਆਰ.ਐਲ.ਡੀ. ਵਿਚ ਸ਼ਮੂਲੀਅਤ ਕੀਤੀ ਹੈ। ਹੁਣ ਅਵਤਾਰ ਸਿੰਘ ਭੜਾਨਾ ਗੁੱਜਰ ਬਹੁਗਿਣਤੀ ਵਾਲੇ ਇਲਾਕੇ ਗੌਤਮਬੁੱਧ ਨਗਰ ਦੀ ਜੇਵਰ ਸੀਟ ਤੋਂ ਚੋਣ ਲੜਨਗੇ।
ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਵੀ ਯੋਗੀ ਅੱਤਿਆਨਾਥ ਸਰਕਾਰ ’ਚ ਕਿਰਤ ਤੇ ਰੁਜ਼ਗਾਰ ਮੰਤਰੀ ਓਬੀਸੀ ਆਗੂ ਸਵਾਮੀ ਪ੍ਰਸਾਦ ਮੌਰਿਆ ਨੇ ਸੂਬਾਈ ਕੈਬਨਿਟ ’ਚੋਂ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਤਿੰੰਨ ਹੋਰ ਵਿਧਾਇਕਾਂ ਨੇ ਪਾਰਟੀ ਛੱਡਣ ਦਾ ਐਲਾਨ ਕੀਤਾ ਸੀ। ਵਿਧਾਇਕਾਂ ਦਾ ਅਜਿਹਾ ਕਦਮ ਯੂਪੀ ਵਿੱਚ ਭਾਜਪਾ ਲਈ ਵੱਡਾ ਸਿਆਸੀ ਝਟਕਾ ਹੈ। ਇਸੇ ਦੌਰਾਨ ਮੌਰਿਆ ਨੇ ਕਿਹਾ ਸੀ ਕਿ ਯੋਗੀ ਆਦਿੱਤਿਆਨਾਥ ਸਰਕਾਰ ਵੱਲੋਂ ਦਲਿਤਾਂ, ਪੱਛੜੇ ਵਰਗਾਂ, ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਤੇ ਛੋਟੇ ਵਪਾਰੀਆਂ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।