4.8 C
Toronto
Friday, November 7, 2025
spot_img
Homeਭਾਰਤਗਾਂਧੀ ਪਰਿਵਾਰ ਨਹੀਂ ਛੱਡਣਾ ਚਾਹੁੰਦਾ ਕਾਂਗਰਸ ਦੀ ਪ੍ਰਧਾਨਗੀ

ਗਾਂਧੀ ਪਰਿਵਾਰ ਨਹੀਂ ਛੱਡਣਾ ਚਾਹੁੰਦਾ ਕਾਂਗਰਸ ਦੀ ਪ੍ਰਧਾਨਗੀ

ਪੁੱਤ ਨੇ ਮਨ੍ਹਾ ਕੀਤਾ ਤਾਂ ਮਾਂ ਸੋਨੀਆ ਬਣੀ ਕਾਂਗਰਸ ਪ੍ਰਧਾਨ
ਨਵੀਂ ਦਿੱਲੀ : ਕਾਂਗਰਸ ਵਰਕਿੰਗ ਕਮੇਟੀ ਦੀ ਢਾਈ ਘੰਟੇ ਚੱਲੀ ਮੀਟਿੰਗ ਵਿੱਚ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਾ ਦਿੱਤਾ ਗਿਆ। ਸਵੇਰੇ ਤੋਂ ਹੀ ਕਾਂਗਰਸ ਪ੍ਰਧਾਨ ਦੀ ਚੋਣ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਸੀ। 12 ਘੰਟਿਆਂ ਤੱਕ ਚੱਲੇ ਮੀਟਿੰਗਾਂ ਦੇ ਦੌਰ ਤੋਂ ਬਾਅਦ ਸੋਨੀਆ ਦੇ ਨਾਂ ਉੱਤੇ ਕਾਂਗਰਸ ਵਰਕਿੰਗ ਕਮੇਟੀ ਵਿੱਚ ਆਮ ਸਹਿਮਤੀ ਬਣੀ। ਇਸ ਤੋਂ ਪਹਿਲਾਂ ਸਵੇਰੇ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ਤੋਂ ਬਾਅਦ ਸੂਬੇ ਦੇ ਹੋਰਨਾਂ ਆਗੂਆਂ ਤੋਂ ਪ੍ਰਧਾਨਗੀ ਦੇ ਉਮੀਦਵਾਰ ਬਾਰੇ ਸਲਾਹ ਮਸ਼ਵਰਾ ਕਰਨ ਲਈ ਪੰਜ ਕਮੇਟੀਆਂ ਬਣਾਈਆਂ ਸਨ ਜਿਨ੍ਹਾਂ ਨੇ ਰਾਤ ਅੱਠ ਵਜੇ ਆਪਣੀ ਰਿਪੋਰਟ ਦਿੱਤੀ। ਉਦੋਂ ਰਾਹੁਲ ਗਾਂਧੀ ਦਾ ਨਾਂ ਹੀ ਮੁੜ ਪ੍ਰਧਾਨਗੀ ਲਈ ਉਭਰ ਕੇ ਸਾਹਮਣੇ ਆ ਰਿਹਾ ਸੀ। ਦੇਰ ਰਾਤ ਕਾਂਗਰਸ ਵਰਕਿੰਗ ਕਮੇਟੀ ਦੇ ਫੈਸਲੇ ਬਾਰੇ ਕਾਂਗਰਸ ਦੇ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਪ੍ਰਧਾਨ ਵੱਜੋਂ ਕਾਂਗਰਸ ਨੂੰ ਯੋਗ ਅਗਵਾਈ ਦਿੱਤੀ ਹੈ। ਉਨ੍ਹਾਂ ਰਾਹੁਲ ਦੇ ਕਾਰਜਕਾਲ ਦੀ ਸ਼ਲਾਘਾ ਵਿੱਚ ਮਤਾ ਪਾਸ ਕਰਦਿਆਂ ਕਿਹਾ ਹੈ ਕਿ ਉਹ ਹਰ ਗਰੀਬ ਦੀ ਆਵਾਜ਼ ਬਣ ਕੇ ਉੱਭਰੇ ਹਨ ਅਤੇ ਉਨ੍ਹਾਂ ਦੇ ਕਾਰਜਕਾਲ ਵਿੱਚ ਕਾਂਗਰਸ ਨੇ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ।
ਇਸ ਤੋਂ ਪਹਿਲਾਂ ਵਰਕਿੰਗ ਕਮੇਟੀ ਨੇ ਰਾਹੁਲ ਨੂੰ ਹੀ ਪ੍ਰਧਾਨ ਬਣਾਏ ਰੱਖਣ ਦਾ ਮਤਾ ਪਾਇਆ ਜਿਸ ਨੂੰ ਰਾਹੁਲ ਨੇ ਖ਼ਾਰਜ ਕਰ ਦਿੱਤਾ। ਤੀਸਰੇ ਮਤੇ ਵਿਚ ਸੋਨੀਆ ਗਾਂਧੀ ਨੂੰ ਪ੍ਰਧਾਨ ਬਣਨ ਦੀ ਅਪੀਲ ਕੀਤੀ ਗਈ। ਸੋਨੀਆ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਏ ਜਾਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਉਹ ਕਾਂਗਰਸ ਨੂੰ ਮੁੜ ਬੁਲੰਦੀਆਂ ਉੱਤੇ ਲੈ ਕੇ ਜਾਣ ਦੇ ਸਮਰੱਥ ਹਨ। ਦੂਜੇ ਪਾਸੇ ਭਾਜਪਾ ਦੇ ਆਗੂ ਰਾਕੇਸ਼ ਸਿਨਹਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਪੜ੍ਹਾਇਆ ਜਾਵੇਗਾ ਕਿ ਕਾਂਗਰਸ ਦੇ ਆਗੂਆਂ ਦਾ ਇੱਕ ਪਰਿਵਾਰ ਵਿਚ ਅਥਾਂਹ ਵਿਸ਼ਵਾਸ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਅਤੇ ਮੁਕੁਲ ਵਾਸਨਿਕ ਦੇ ਨਾਵਾਂ ਨੂੰ ਰਾਹੁਲ ਦੇ ਸੰਭਾਵੀ ਵਾਰਿਸਾਂ ਵਜੋਂ ਉਛਾਲਿਆ ਸੀ। ਕਾਂਗਰਸ ਵਰਕਿੰਗ ਕਮੇਟੀ ਦੀ ਸਵੇਰੇ ਦੋ ਘੰਟੇ ਦੀ ਮੀਟਿੰਗ ਤੋਂ ਬਾਅਦ ਸ਼ਾਮ ਨੂੰ ਦੁਬਾਰਾ ਮੀਟਿੰਗ ਦੀ ਤਿਆਰੀ ਸੀ ਤਾਂ ਉਤਰਾਧਿਕਾਰੀ ਦੀ ਚੋਣ ਲਈ ਬਣਾਈਆਂ ਪੰਜ ਸਬ ਕਮੇਟੀਆਂ ਨੇ ਇਕਸੁਰ ਹੋ ਕੇ ਮੁੜ ਰਾਹੁਲ ਗਾਂਧੀ ਦੇ ਨਾਂ ਦਾ ਹੀ ਸੁਝਾਅ ਦਿੱਤਾ ਸੀ।
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਦੀ ਚੋਣ ਦੇ ਮੁੱਦੇ ‘ਤੇ ਕਾਂਗਰਸ ਵਰਕਿੰਗ ਕਮੇਟੀ ਦੀ ਦੂਜੀ ਵਾਰ ਮੀਟਿੰਗ ਹੋਈ। ਇੱਕ ਪਾਸੇ ਜਿੱਥੇ ਰਾਹੁਲ ਗਾਂਧੀ ਨੇ ਅਸਤੀਫੇ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਉਥੇ ਵੱਡੀ ਗਿਣਤੀ ਆਗੂਆਂ, ਸੂਬਾਈ ਮੁਖੀਆਂ ਅਤੇ ਸੰਸਦ ਮੈਂਬਰਾਂ ਨੇ ਰਾਹੁਲ ਦੇ ਪ੍ਰਧਾਨ ਬਣੇ ਰਹਿਣ ਦਾ ਸਮਰਥਨ ਕੀਤਾ। ਸੂਤਰਾਂ ਅਨੁਸਾਰ ਸੂਬਾਈ ਮੁਖੀਆਂ ਨਾਲ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਦੌਰਾਨ, ਕਾਂਗਰਸੀ ਵਿਧਾਇਕਾਂ ਅਤੇ ਪਾਰਟੀ ਦੇ ਸੰਸਦ ਮੈਂਬਰਾਂ ਵਿਚਾਲੇ ਰਾਹੁਲ ਦੇ ਪ੍ਰਧਾਨ ਬਣੇ ਰਹਿਣ ‘ਤੇ ਇੱਕ ਰਾਇ ਸੀ। ਲੰਬੇ ਵਿਚਾਰ ਵਟਾਂਦਰੇ ਦੌਰਾਨ ਕੁਝ ਨੇਤਾਵਾਂ ਨੇ ਹੋਰਨਾਂ ਨਾਵਾਂ ਦਾ ਸੁਝਾਅ ਵੀ ਦਿੱਤਾ, ਜਦੋਂ ਕਿ ਵੱਡੀ ਗਿਣਤੀ ਨੇ ਕਿਹਾ ਕਿ ਜੇ ਰਾਹੁਲ ਨੇਤਾ ਨਹੀਂ ਰਹਿੰਦੇ ਤਾਂ ਪਾਰਟੀ ਬੇਵਫਾਈ ਦਾ ਸ਼ਿਕਾਰ ਹੋ ਜਾਵੇਗੀ। ਕੁਝ ਨੇ ਪ੍ਰਿਯੰਕਾ ਗਾਂਧੀ ਨੂੰ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਅਸਤੀਫੇ ‘ਤੇ ਮੁੜ ਵਿਚਾਰ ਕਰਨ ਲਈ ਕਹਿਣ। ਇਸ ਤੋਂ ਪਹਿਲਾਂ ਵਰਕਿੰਗ ਕਮੇਟੀ ਦੀ ਰਾਤ ਅੱਠ ਵਜੇ ਮੁੜ ਮੀਟਿੰਗ ਹੋਈ। ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਇਸ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਵੱਖ ਰੱਖਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਪਾਰਟੀ ਆਗੂਆਂ ਦਾ ਫੈਸਲਾ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਹੋਵੇ। ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਕਾਂਗਰਸ ਦੇ ਉੱਚ ਨੇਤਾ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਅਹਿਮਦ ਪਟੇਲ, ਏਕੇ ਐਂਟਨੀ, ਗੁਲਾਮ ਨਬੀ ਆਜ਼ਾਦ, ਮਲਿਕਾਰਜੁਨ ਖੜਗੇ ਅਤੇ ਪੀ ਚਿੰਦਬਰਮ ਨੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੈੱਡਕੁਆਰਟਰ ਵਿੱਚ ਮੀਟਿੰਗ ਕੀਤੀ।
ਕੈਪਟਨ ਅਮਰਿੰਦਰ ਵਲੋਂ ਸਵਾਗਤ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤਰਿਮ ਪ੍ਰਧਾਨ ਬਣਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ। ਕੈਪਟਨ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਰਾਹੀਂ ਕਿਹਾ ਕਿ ਸੋਨੀਆ ਗਾਂਧੀ ਨੂੰ ਦੁਬਾਰਾ ਕਮਾਨ ਸੰਭਾਲਦਿਆਂ ਵੇਖ ਕੇ ਉਹ ਖੁਸ਼ ਹਨ। ਕੈਪਟਨ ਨੇ ਕਿਹਾ ਕਿ ਸੋਨੀਆ ਦਾ ਤਜਰਬਾ ਅਤੇ ਸਮਝ ਕਾਂਗਰਸ ਨੂੰ ਸਹੀ ਰਾਹ ਵਿਖਾਉਣ ਵਿਚ ਮਦਦ ਕਰੇਗੀ। ਉਨ੍ਹਾਂ ਸੋਨੀਆ ਗਾਂਧੀ ਅਤੇ ਕਾਂਗਰਸ ਨੂੰ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਕੈਪਟਨ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਸੋਨੀਆ ਗਾਂਧੀ ਦੀ ਰਹਿਨੁਮਾਈ ਵਿਚ ਕਾਂਗਰਸ ਦੀ ਤਰੱਕੀ ਦੀ ਕਾਮਨਾ ਕੀਤੀ।

RELATED ARTICLES
POPULAR POSTS