Breaking News
Home / ਭਾਰਤ / ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਦੇ ਨਾਮ ਕਰਵਾਈ ਸੀ ਜ਼ਮੀਨ

ਸਿਕੰਦਰ ਲੋਧੀ ਨੇ ਗੁਰੂ ਰਵਿਦਾਸ ਦੇ ਨਾਮ ਕਰਵਾਈ ਸੀ ਜ਼ਮੀਨ

ਜਲੰਧਰ/ਬਿਊਰੋ ਨਿਊਜ਼ : ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਤੁਗਲਕਾਬਾਦ ਵਿਚ ਗੁਰੂ ਰਵਿਦਾਸ ਦੇ ਸਮਕਾਲੀ ਰਹੇ ਸ਼ਾਸਕ ਸਿਕੰਦਰ ਲੋਧੀ ਨੇ ਦਾਨ ਵਜੋਂ ਦਿੱਤੀ 13 ਵਿੱਘੇ ਜ਼ਮੀਨ ਉਦੋਂ ਹੀ ਗੁਰੂ ਰਵਿਦਾਸ ਦੇ ਨਾਮ ਕਰਵਾ ਦਿੱਤੀ ਸੀ। ਇਸ ਦੀ ਮਾਲਕੀ ਮਾਲ ਰਿਕਾਰਡ ਅਨੁਸਾਰ ਗੁਰੂ ਸਾਹਿਬ ਦੇ ਨਾਂ ‘ਤੇ ਹੀ ਹੈ।
ਬਸਪਾ ਦੇ ਸੂਬਾ ਪ੍ਰਧਾਨ ਜਲੰਧਰ ਵਿਚ ਪਾਰਟੀ ਦੀ ਮੀਟਿੰਗ ਲਈ ਆਏ ਹੋਏ ਸਨ, ਉਨ੍ਹਾਂ ਨੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਢਾਹੇ ਗੁਰੂ ਰਵਿਦਾਸ ਮੰਦਿਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਇਸ ਜਗ੍ਹਾ ‘ਤੇ ਗੁਰੂ ਰਵਿਦਾਸ ਤਿੰਨ ਦਿਨਾਂ ਤੱਕ ਰਹੇ ਸਨ ਤੇ ਇੱਥੇ ਹੀ ਉਨ੍ਹਾਂ ਨੇ ਸੰਗਤ ਨਾਲ ਪ੍ਰਵਚਨ ਕੀਤੇ ਸਨ। ਉਸ ਵੇਲੇ ਦੇ ਸ਼ਾਸਕ ਸਿਕੰਦਰ ਲੋਧੀ ਨੇ 13 ਵਿੱਘੇ ਜ਼ਮੀਨ ਗੁਰੂ ਰਵਿਦਾਸ ਦੇ ਨਾਮ ਕਰਵਾ ਦਿੱਤੀ ਸੀ। ਕੇਂਦਰੀ ਮੰਤਰੀ ਰਹੇ ਬਾਬੂ ਜਗਜੀਵਨ ਰਾਮ ਨੇ 1959 ਵਿਚ ਇਸ ਸਥਾਨ ‘ਤੇ ਗੁਰੂ ਰਵਿਦਾਸ ਮੰਦਿਰ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਦੱਸਿਆ ਕਿ 1963 ਦੇ ਮਾਲ ਰਿਕਾਰਡ ਅਨੁਸਾਰ ਖਸਰਾ ਨੰਬਰ-122 ਵਿਚ ਖੇਤ ਦਿਖਾਇਆ ਗਿਆ ਹੈ। 123 ਵਿਚ ਸਰੋਵਰ ਅਤੇ 124 ਵਿਚ ਗੁਰੂ ਰਵਿਦਾਸ ਦਾ ਮੰਦਰ ਦਿਖਾਇਆ ਗਿਆ ਹੈ। ਬਾਕੀ ਥਾਂ ‘ਤੇ ਸੰਘਣਾ ਜੰਗਲ ਲੱਗਾ ਹੋਇਆ ਹੈ।ਦਿੱਲੀ ਵਿਕਾਸ ਅਥਾਰਟੀ ਨੇ ਇਹ ਜ਼ਮੀਨ 1986 ਵਿਚ ਐਕੁਆਇਰ ਕਰ ਲਈ ਸੀ ਤੇ ਉਸ ਵੇਲੇ ਮੰਦਿਰ ਕਮੇਟੀ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ। ਮੰਦਿਰ ਕਮੇਟੀ ਵੱਲੋਂ 1992 ਵਿਚ ਗੁਰੂ ਰਵਿਦਾਸ ਵੰਡਰ ਸਕੂਲ ਬਣਾਇਆ ਗਿਆ ਸੀ ਤੇ ਇਸ ਸਕੂਲ ਨੂੰ ਵੀ ਦਿੱਲੀ ਵਿਕਾਸ ਅਥਾਰਟੀ ਨੇ ਤੋੜ ਦਿੱਤਾ ਸੀ। 1996-97 ਵਿਚ ਸਤਿਸੰਗ ਭਵਨ ਬਣਾਇਆ ਗਿਆ ਸੀ ਤੇ ਅਥਾਰਟੀ ਨੇ ਇਹ ਵੀ ਤੋੜ ਦਿੱਤਾ ਸੀ। 2002 ਵਿਚ ਧਰਮਸ਼ਾਲਾ ਬਣਾਈ ਗਈ ਸੀ, ਉਸ ਨੂੰ ਵੀ ਅਥਾਰਟੀ ਨੇ ਤੋੜ ਦਿੱਤਾ ਸੀ। ਮੰਦਰ ਕਮੇਟੀ ਅਥਾਰਟੀ ਦੀ ਕਾਰਵਾਈ ਵਿਰੁੱਧ ਅਦਾਲਤ ਵਿਚ ਚਲੀ ਗਈ ਸੀ। ਸਾਲ 2004 ਵਿਚ ਅਦਾਲਤ ਨੇ ਫ਼ੈਸਲਾ ਦਿੱਲੀ ਵਿਕਾਸ ਅਥਾਰਟੀ ਦੇ ਹੱਕ ਵਿਚ ਦਿੰਦਿਆਂ ਕਿਹਾ ਸੀ ਕਿ ਇਹ ਜ਼ਮੀਨ ਅਥਾਰਟੀ ਦੇ ਨਾਮ ‘ਤੇ ਤਬਦੀਲ ਕਰ ਦਿੱਤੀ ਜਾਵੇ। ਮੰਦਿਰ ਕਮੇਟੀ ਇਸ ਫ਼ੈਸਲੇ ਵਿਰੁੱਧ ਸੁਪਰੀਮ ਕੋਰਟ ਚਲੀ ਗਈ ਸੀ।
ਗੁਰੂ ਰਵਿਦਾਸ ਮੰਦਰ ਮਾਮਲੇ ਦਾ ਹੱਲ ਲੱਭਣ ਲਈ ਵਚਨਬੱਧ : ਹਰਦੀਪ ਸਿੰਘ ਪੁਰੀ
ਨਵੀਂ ਦਿੱਲੀ : ਤੁਗਲਕਾਬਾਦ ਦੇ ਜੰਗਲੀ ਇਲਾਕੇ ਵਿਚ ਗੁਰੂ ਰਵਿਦਾਸ ਦਾ ਮੰਦਰ ਢਾਹੇ ਜਾਣ ਤੋਂ ਪੈਦਾ ਹੋਏ ਵਿਵਾਦ ਦੇ ਦਰਮਿਆਨ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਕੇਂਦਰ ਕੋਈ ਵੀ ਹੱਲ ਕੱਢਣ ਅਤੇ ਮੰਦਰ ਦਾ ਮੁੜ ਨਿਰਮਾਣ ਕਰਨ ਲਈઠ ਸੰਭਾਵਿਤ ਕਿਸੇ ਬਦਲਵੇਂ ਸਥਾਨ ਦੀ ਪਛਾਣ ਕਰਨ ਲਈ ਵਚਨਬੱਧ ਹੈ। ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਅਤੇ ਗੁਰੂ ਰਵਿਦਾਸ ਮੰਦਰ ਦੀ ਜਗ੍ਹਾ ਖਾਲੀ ਕਰਾਉਣ ਦੇ ਸੁਪਰੀਮ ਕੋਰਟ ਦੇ ਆਦੇਸ਼ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ। ਪੁਰੀ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ, ਦਿੱਲੀ ਵਿਕਾਸ ਅਥਾਰਟੀ (ਡੀ.ਡੀ.ਏ.) ਦੇ ਉੱਪ ਚੇਅਰਮੈਨ ਦੇ ਨਾਲ ਕੋਈ ਹੱਲ ਲੱਭਣ ਅਤੇ ਇਕ ਅਜਿਹੇ ਸਥਾਨ ਦੀ ਪਛਾਣ ਕਰਨ ਲਈ ਵਚਨਬੱਧ ਹਾਂ ਜਿੱਥੇ ਮੰਦਰ ਦਾ ਮੁੜ ਨਿਰਮਾਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਸੀਂ ਪ੍ਰਭਾਵਿਤ ਧਿਰਾਂ ਨੂੰ ਇਸ ਸਬੰਧ ਵਿਚ ਜ਼ਰੂਰੀ ਨਿਰਦੇਸ਼ ਜਾਰੀ ਕਰਨ ਦੇ ਲਈ ਮਾਣਯੋਗ ਅਦਾਲਤ ‘ਚ ਅਪੀਲ ਦਾਇਰ ਕਰਨ ਦਾ ਵੀ ਸੁਝਾਅ ਦਿੱਤਾ ਹੈ।

Check Also

500 ਤੋਂ ਜ਼ਿਆਦਾ ਵਕੀਲਾਂ ਨੇ ਭਾਰਤ ਦੇ ਚੀਫ ਜਸਟਿਸ ਨੂੰ ਲਿਖੀ ਚਿੱਠੀ – ਕਿਹਾ : ਨਿਆਂ ਪਾਲਿਕਾ ਖਤਰੇ ’ਚ 

ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ ਸਾਬਕਾ ਸੌਲੀਸਿਟਰ ਜਨਰਲ ਹਰੀਸ਼ ਸਾਲਵੇ ਸਣੇ 500 ਤੋਂ ਜ਼ਿਆਦਾ ਸੀਨੀਅਰ …