ਏਮਸ ’ਚ ਵੈਂਟੀਲੇਟਰ ਸਪੋਟ ’ਤੇ ਹਨ ਸ੍ਰੀਵਾਸਤਵ, ਜਿਮ ’ਚ ਵਰਕ ਆਊਟ ਕਰਦੇ ਸਮੇ ਪਿਆ ਸੀ ਦਿਲ ਦਾ ਦੌਰਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਸ਼ਹੂਰ ਕਮੇਡੀਅਨ ਰਾਜੂ ਸ੍ਰੀਵਾਸਤਵ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਿੱਲੀ ਏਮਸ ਦੇ ਆਈਸੀਯੂ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਵੈਂਟੀਲੇਟਰ ਸਪੋਟ ’ਤੇ ਹਨ। ਧਿਆਨ ਰਹੇ ਕਿ ਲੰਘੇ ਕੱਲ੍ਹ ਰਾਜੂ ਸ੍ਰੀਵਾਸਤਵ ਨੂੰ ਜਿੰਮ ਵਿਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ ਅਤੇ ਉਹ ਜ਼ਮੀਨ ’ਤੇ ਡਿੱਗ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਏਮਸ ਵਿਚ ਭਰਤੀ ਕਰਵਾਇਆ ਗਿਆ ਸੀ। ਰਾਜੂ ਸ੍ਰੀਵਾਸਤਵ ਦੇ ਪੀਆਰਓ ਗਰਵਿਤ ਨਾਰੰਗ ਨੇ ਦੱਸਿਆ ਕਿ ਡਾਕਟਰਾਂ ਨੇ ਐਂਜੀਓਪਲਾਸਟੀ ਕੀਤੀ ਹੈ ਪ੍ਰੰਤੂ ਉਨ੍ਹਾਂ ਦਾ ਬ੍ਰੇਨ ਰਿਸਪਾਂਸ ਨਹੀਂ ਕਰ ਰਿਹਾ ਅਤੇ ਉਸ ਵਿਚ ਕੋਈ ਹਰਕਤ ਨਹੀਂ। ਏਮਸ ਵਿਚ ਲੰਘੇ 24 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਰਾਜੂ ਸ੍ਰੀਵਾਸਤਵ ਦਾ ਇਲਾਜ ਚੱਲ ਰਿਹਾ ਹੈ ਪ੍ਰੰਤੂ ਹਾਲੇ ਤੱਕ ਉਨ੍ਹਾਂ ਨੂੰ ਹੋਸ਼ ਨਹੀਂ ਆਇਆ। ਉਨ੍ਹਾਂ ਹਾਰਟ ਦੇ ਇਕ ਵੱਡੇ ਹਿੱਸੇ ’ਚ 100 ਪ੍ਰਤੀਸ਼ਤ ਬਲਾਕੇਜ ਸੀ। ਰਾਜੂ ਦੇ ਕਰੀਬੀ ਮਕਬੂਲ ਨਿਸਾਰ ਨੇ ਦੱਸਿਆ ਕਿ ਰਾਜੂ ਸ੍ਰੀਵਾਸਤਵ ਦੀ ਹਾਲਤ ਅਜੇ ਸਟੇਬਲ ਹੈ ਜਲਦੀ ਹੀ ਉਨ੍ਹਾਂ ਦੀ ਸਿਹਤ ਸਬੰਧੀ ਅਪਡੇਟ ਦਿੱਤਾ ਜਾਵੇਗਾ। ਰਾਜੂ ਸ੍ਰੀਵਾਸਤਵ ਆਪਣੇ ਸ਼ਾਨਦਾਰ ਕਮੇਡੀ ਦੇ ਲਈ ਜਾਣੇ ਜਾਂਦੇ ਹਨ। ਉਹ ਕਈ ਫ਼ਿਲਮਾਂ ਅਤੇ ਟੀਵੀ ਸ਼ੋਅਜ਼ ਵਿਚ ਕੰਮ ਕਰ ਚੁੱਕੇ ਹਨ। ਸਾਲਾਂ ਤੋਂ ਰਾਜੂ ਆਪਣੀ ਕਮੇਡੀ ਦੇ ਜਰੀਏ ਲੋਕਾਂ ਦੇ ਦਿਲਾਂ ’ਤ ਰਾਜ ਕਰ ਰਹੇ ਹਨ। ਉਹ ਉਤਰ ਪ੍ਰਦੇਸ਼ ਫ਼ਿਲਮ ਵਿਕਾਸ ਪਰਿਸ਼ਦ ਦੇ ਚੇਅਰਮੈਨ ਵੀ ਹਨ।