ਹੁਣ ਇਕ ਮਹੀਨੇ ਬਾਅਦ ਹੋਇਆ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਪਾਸੇ ਚੀਨ ਗੱਲਬਾਤ ਨਾਲ ਵਿਵਾਦ ਸੁਲਝਾਉਣ ਦੀ ਗੱਲ ਕਰਦਾ ਹੈ, ਦੂਜੇ ਪਾਸੇ ਘੁਸਪੈਠ ਕਰਨਾ ਨਹੀਂ ਛੱਡ ਰਿਹਾ। ਤਾਜ਼ਾ ਘਟਨਾ ਉਤਰਾਖੰਡ ਦੇ ਬਾਰਾਹੋਤੀ ਸੈਕਟਰ ਨਾਲ ਲਗਦੀ ਸਰਹੱਦ ਦੀ ਹੈ, ਜਿੱਥੇ ਚੀਨ ਦੇ 100 ਤੋਂ ਵੱਧ ਸੈਨਿਕਾਂ ਨੇ ਪਿਛਲੇ ਮਹੀਨੇ ਲਾਈਨ ਆਫ ਐਕਚੂਅਲ ਕੰਟਰੋਲ ਪਾਰ ਕੀਤੀ ਸੀ। ਇਹ ਜਾਣਕਾਰੀ ਹੁਣ ਇਕ ਮਹੀਨੇ ਬਾਅਦ ਸਾਹਮਣੇ ਆਈ ਹੈ। ਜਾਣਕਾਰੀ ਮਿਲੀ ਹੈ ਕਿ ਚੀਨ ਦੇ ਸੈਨਿਕਾਂ ਨੇ ਲੰਘੀ 30 ਅਗਸਤ ਨੂੰ ਘੁਸਪੈਠ ਕੀਤੀ ਸੀ ਅਤੇ ਤਿੰਨ ਘੰਟੇ ਬਾਅਦ ਵਾਪਸ ਚਲੇ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਘੋੜਿਆਂ ’ਤੇ ਆਏ ਚੀਨੀ ਸੈਨਿਕਾਂ ਨੇ ਭਾਰਤੀ ਸਰਹੱਦ ’ਚ ਦਾਖਲ ਹੋ ਕੇ ਭੰਨ ਤੋੜ ਕੀਤੀ ਅਤੇ ਵਾਪਸ ਜਾਣ ਤੋਂ ਪਹਿਲਾਂ ਇਕ ਪੁਲ ਵੀ ਤੋੜ ਦਿੱਤਾ ਸੀ। ਧਿਆਨ ਰਹੇ ਕਿ ਇਹ ਉਹੀ ਇਲਾਕਾ ਹੈ ਜਿਸ ਵਿਚ ਚੀਨ ਨੇ 1962 ਦੀ ਜੰਗ ਤੋਂ ਪਹਿਲਾਂ ਵੀ ਘੁਸਪੈਠ ਕੀਤੀ ਸੀ।