ਰੇਲਵੇ ਮੰਤਰੀ ਨੇ ਕਿਹਾ : ਅਜੇ ਲਾਪਤਾ ਵਿਅਕਤੀਆਂ ਨੂੰ ਲੱਭਣਾ ਬਾਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਓੜੀਸਾ ਦੇ ਬਾਲਾਸੋਰ ਵਿਚ ਰੇਲ ਹਾਦਸੇ ਵਾਲੇ ਟਰੈਕ ਦੀ ਮੁਕੰਮਤ ਦਾ ਕੰਮ ਪੂਰਾ ਹੋ ਗਿਆ ਹੈ। ਹਾਦਸੇ ਦੇ 51 ਘੰਟਿਆਂ ਬਾਅਦ ਐਤਵਾਰ ਰਾਤ ਨੂੰ ਇਸ ਟਰੈਕ ਤੋਂ ਪਹਿਲੀ ਰੇਲ ਰਵਾਨਾ ਕੀਤੀ ਗਈ ਤਾਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਹੱਥ ਜੋੜ ਕੇ ਖੜ੍ਹੇ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਅਜੇ ਤੱਕ ਖਤਮ ਨਹੀਂ ਹੋਈ ਅਤੇ ਅਜੇ ਲਾਪਤਾ ਵਿਅਕਤੀਆਂ ਨੂੰ ਲੱਭਣਾ ਬਾਕੀ ਹੈ। ਇਸ ਮੌਕੇ ਰੇਲਵੇ ਮੰਤਰੀ ਵੈਸ਼ਨਵ ਭਾਵੁਕ ਵੀ ਹੋ ਗਏ। ਸ਼ੁੱਕਰਵਾਰ ਸ਼ਾਮ ਨੂੰ ਹੋਏ ਇਸ ਰੇਲ ਹਾਦਸੇ ਵਿਚ 275 ਵਿਅਕਤੀਆਂ ਦੀ ਜਾਨ ਚਲੇ ਗਈ ਸੀ ਅਤੇ 1100 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਸਨ ਅਤੇ ਉਹ ਲਗਾਤਾਰ ਰੈਸਕਿਊ ਅਪਰੇਸ਼ਨ ਸਬੰਧੀ ਜਾਣਕਾਰੀ ਲੈਂਦੇ ਰਹੇ ਸਨ। ਰੇਲਵੇ ਮੰਤਰਾਲੇ ਵਲੋਂ ਇਸ ਹਾਦਸੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਹਾ ਗਿਆ ਹੈ ਕਿ ਜੋ ਵੀ ਇਸ ਰੇਲ ਹਾਦਸੇ ਲਈ ਜ਼ਿੰਮੇਵਾਰ ਹੋਵੇਗਾ, ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।